Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਮਈ 2027 › ਮਈ 6

ਕੈਥੋਲਿਕ ਕੈਲੰਡਰ

ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 6 ਮਈ 2027

ਵੀਰਵਾਰ · ਪਾਸਕਾ ਸਮੇਂ ਦਾ ਛੇਵਾਂ ਹਫ਼ਤਾ

ਤਿਉਹਾਰ ਅਤੇ ਸੰਤ

ਪ੍ਰਭੂ ਦਾ ਸਵਰਗ-ਆਰੋਹਣ

ਮਹਾਂ-ਤਿਉਹਾਰ · ਉਪਾਸਨਾ ਦਾ ਰੰਗ: ਚਿੱਟਾ

ਦਿਨ ਦੇ ਪਾਠ

ਪਹਿਲਾ ਪਾਠ

ਰਸੂਲਾਂ 1:1–11

1ਹੇ ਥਿਉਫ਼ਿਲੁਸ, ਮੈਂ ਉਹ ਪਹਿਲੀ ਪੋਥੀ ਉਨ੍ਹਾਂ ਸਾਰੀਆਂ ਗੱਲਾਂ ਦੇ ਬਾਰੇ ਲਿਖੀ, ਜਿਹੜੀਆਂ ਯਿਸੂ ਕਰਦਾ ਅਤੇ ਸਿਖਾਉਂਦਾ ਰਿਹਾ। 2ਉਸ ਦਿਨ ਤੱਕ ਉਨ੍ਹਾਂ ਰਸੂਲਾਂ ਨੂੰ, ਜਿਹੜੇ ਉਸ ਨੇ ਚੁਣੇ ਸਨ, ਪਵਿੱਤਰ ਆਤਮਾ ਦੇ ਰਾਹੀਂ ਆਗਿਆ ਦੇ ਕੇ ਉਤਾਹਾਂ ਉਠਾ ਲਿਆ ਗਿਆ। 3ਉਸ ਨੇ ਦੁੱਖ ਭੋਗਣ ਦੇ ਮਗਰੋਂ, ਆਪਣੇ ਆਪ ਨੂੰ ਉਨ੍ਹਾਂ ਉੱਤੇ ਬਹੁਤਿਆਂ ਪ੍ਰਮਾਣਾਂ ਨਾਲ ਜਿਉਂਦਾ ਪਰਗਟ ਕੀਤਾ ਅਤੇ ਉਹ ਚਾਲ੍ਹੀਆਂ ਦਿਨਾਂ ਤੱਕ ਉਨ੍ਹਾਂ ਨੂੰ ਦਰਸ਼ਣ ਦਿੰਦਾ ਅਤੇ ਪਰਮੇਸ਼ੁਰ ਦੇ ਰਾਜ ਦੀਆਂ ਗੱਲਾਂ ਕਰਦਾ ਰਿਹਾ। 4ਅਤੇ ਚੇਲਿਆਂ ਨਾਲ ਇਕੱਠੇ ਹੋ ਕੇ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਕਿ ਯਰੂਸ਼ਲਮ ਤੋਂ ਬਾਹਰ ਨਾ ਜਾਓ, ਪਰ ਪਿਤਾ ਦੇ ਉਸ ਵਾਇਦੇ ਦੀ ਉਡੀਕ ਵਿੱਚ ਰਹੋ ਜਿਸ ਦੇ ਬਾਰੇ ਤੁਸੀਂ ਮੇਰੇ ਕੋਲੋਂ ਸੁਣਿਆ ਹੈ। 5ਕਿਉਂਕਿ ਜੋ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਥੋੜ੍ਹੇ ਦਿਨਾਂ ਬਾਅਦ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ। 6ਸੋ ਜਦੋਂ ਉਹ ਇਕੱਠੇ ਹੋਏ ਤਾਂ ਉਸ ਤੋਂ ਪੁੱਛਿਆ ਕਿ ਪ੍ਰਭੂ ਜੀ ਕੀ ਤੂੰ ਇਸ ਸਮੇਂ ਇਸਰਾਏਲ ਦਾ ਰਾਜ ਬਹਾਲ ਕਰੇਗਾ? 7ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਤੁਹਾਡਾ ਕੰਮ ਨਹੀਂ ਕਿ ਤੁਸੀਂ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ, ਜੋ ਪਿਤਾ ਨੇ ਆਪਣੇ ਅਧਿਕਾਰ ਵਿੱਚ ਰੱਖੇ ਹਨ। 8ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ, ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਆਖਰੀ ਕਿਨਾਰੇ ਤੱਕ ਮੇਰੇ ਗਵਾਹ ਹੋਵੋਗੇ। 9ਅਤੇ ਜਦੋਂ ਉਹ ਇਹ ਗੱਲਾਂ ਕਹਿ ਚੁੱਕਿਆ ਤਾਂ ਉਨ੍ਹਾਂ ਦੇ ਵੇਖਦਿਆਂ ਹੀ ਉਹ ਉਤਾਹਾਂ ਉੱਠਾਇਆ ਗਿਆ ਅਤੇ ਬੱਦਲ ਨੇ ਉਸ ਨੂੰ ਉਨ੍ਹਾਂ ਦੀ ਨਜ਼ਰੋਂ ਓਹਲੇ ਕਰ ਦਿੱਤਾ। 10ਅਤੇ ਉਸ ਦੇ ਜਾਂਦਿਆਂ ਹੋਇਆਂ ਜਦੋਂ ਉਹ ਅਕਾਸ਼ ਦੀ ਵੱਲ ਤੱਕ ਰਹੇ ਸਨ, ਤਾਂ ਵੇਖੋ ਦੋ ਜਣੇ ਚਿੱਟਾ ਪਹਿਰਾਵਾ ਪਹਿਨੀ ਉਨ੍ਹਾਂ ਦੇ ਕੋਲ ਆ ਖੜੇ ਹੋਏ। 11ਅਤੇ ਉਹ ਆਖਣ ਲੱਗੇ, ਹੇ ਗਲੀਲੀ ਮਨੁੱਖੋ, ਤੁਸੀਂ ਕਿਉਂ ਅਕਾਸ਼ ਦੀ ਵੱਲ ਵੇਖ ਰਹੇ ਹੋ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਸਵਰਗ ਉੱਪਰ ਉੱਠਾ ਲਿਆ ਗਿਆ, ਉਸੇ ਤਰ੍ਹਾਂ ਫਿਰ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਸਵਰਗ ਉੱਤੇ ਜਾਂਦੇ ਵੇਖਿਆ।

ਜਵਾਬੀ ਭਜਨ

ਜ਼ਬੂ 47:1–2, 5–8

1ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਇੱਕ ਭਜਨ। ਹੇ ਸਭ ਲੋਕੋ, ਤਾੜੀਆਂ ਵਜਾਓ, ਜੈ-ਜੈਕਾਰ ਦੇ ਸ਼ਬਦ ਨਾਲ ਪਰਮੇਸ਼ੁਰ ਲਈ ਲਲਕਾਰੋ, 2ਕਿਉਂ ਜੋ ਯਹੋਵਾਹ ਅੱਤ ਮਹਾਨ ਤੇ ਭਿਆਨਕ ਹੈ, ਉਹ ਸਾਰੇ ਜਗਤ ਦਾ ਮਹਾਰਾਜਾ ਹੈ! 5ਪਰਮੇਸ਼ੁਰ ਲਲਕਾਰ ਨਾਲ ਉੱਪਰ ਚੜ੍ਹ ਗਿਆ ਹੈ, ਯਹੋਵਾਹ ਨਰਸਿੰਗੇ ਦੀ ਅਵਾਜ਼ ਨਾਲ। 6ਪਰਮੇਸ਼ੁਰ ਦਾ ਭਜਨ ਗਾਓ, ਅਰਾਧਨਾ ਕਰੋ, ਸਾਡੇ ਪਾਤਸ਼ਾਹ ਦੇ ਗੁਣ ਗਾਓ, ਗੁਣ ਗਾਓ! 7ਪਰਮੇਸ਼ੁਰ ਸਾਰੇ ਜਗਤ ਦਾ ਪਾਤਸ਼ਾਹ ਜੋ ਹੈ, ਸੁਰ ਤਾਲ ਨਾਲ ਅਰਾਧਨਾ ਕਰੋ! 8ਪਰਮੇਸ਼ੁਰ ਪਰਾਈਆਂ ਕੌਮਾਂ ਉੱਤੇ ਰਾਜ ਕਰਦਾ ਹੈ, ਪਰਮੇਸ਼ੁਰ ਆਪਣੇ ਪਵਿੱਤਰ ਸਿੰਘਾਸਣ ਉੱਤੇ ਬੈਠਾ ਹੈ।

ਦੂਜਾ ਪਾਠ

ਅਫ਼ 4:1–13

1ਉਪਰੰਤ ਮੈਂ ਜੋ ਪ੍ਰਭੂ ਦੇ ਨਮਿੱਤ ਕੈਦੀ ਹਾਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਜਿਸ ਬੁਲਾਹਟ ਨਾਲ ਸੱਦੇ ਹੋਏ ਹੋ ਉਹ ਦੇ ਯੋਗ ਚੱਲੋ! 2ਅਰਥਾਤ ਪੂਰਨ ਅਧੀਨਗੀ, ਨਰਮਾਈ, ਅਤੇ ਧੀਰਜ ਸਹਿਤ ਪਿਆਰ ਨਾਲ ਇੱਕ ਦੂਜੇ ਦੇ ਵਿਖੇ ਸਹਿਣਸ਼ੀਲਤਾ ਰੱਖੋ! 3ਅਤੇ ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਨਾ ਕਰਨ ਦੀ ਕੋਸ਼ਿਸ਼ ਕਰੋ! 4ਇੱਕੋ ਦੇਹੀ ਅਤੇ ਇੱਕੋ ਆਤਮਾ ਹੈ ਜਿਵੇਂ ਤੁਸੀਂ ਵੀ ਆਪਣੀ ਬੁਲਾਹਟ ਦੀ ਇੱਕੋ ਆਸ ਵਿੱਚ ਸੱਦੇ ਗਏ! 5ਇੱਕੋ ਪ੍ਰਭੂ, ਇੱਕ ਵਿਸ਼ਵਾਸ, ਇੱਕੋ ਬਪਤਿਸਮਾ ਹੈ। 6ਸਭਨਾਂ ਦਾ ਇੱਕੋ ਪਰਮੇਸ਼ੁਰ ਅਤੇ ਪਿਤਾ ਹੈ ਜਿਹੜਾ ਸਭਨਾਂ ਦੇ ਉੱਤੇ, ਸਭਨਾਂ ਦੇ ਵਿੱਚ ਅਤੇ ਸਭਨਾਂ ਦੇ ਅੰਦਰ ਹੈ! 7ਪਰ ਸਾਡੇ ਵਿੱਚੋਂ ਹਰੇਕ ਉੱਤੇ ਮਸੀਹ ਦੀ ਦਾਤ ਦੇ ਮਾਪ ਅਨੁਸਾਰ ਕਿਰਪਾ ਕੀਤੀ ਗਈ! 8ਇਸ ਲਈ ਉਹ ਆਖਦਾ ਹੈ - ਜਦ ਉਹ ਉਤਾਹਾਂ ਉਠਾਇਆ ਗਿਆ, ਉਸ ਨੇ ਬੰਦੀਆਂ ਨੂੰ ਬੰਨ੍ਹ ਲਿਆ ਅਤੇ ਮਨੁੱਖਾਂ ਨੂੰ ਦਾਤਾਂ ਦਿੱਤੀਆਂ 9ਹੁਣ ਇਸ ਗੱਲ ਦਾ ਕੀ ਅਰਥ ਹੈ ਕਿ ਉਹ ਉਤਾਹਾਂ ਚੜ੍ਹਿਆ, ਇਹ ਵੀ ਕਿ ਉਹ ਧਰਤੀ ਦੇ ਹੇਠਲਿਆਂ ਥਾਵਾਂ ਵਿੱਚ ਵੀ ਉਤਰਿਆ ਸੀ! 10ਉਹ ਜਿਹੜਾ ਉਤਰਿਆ ਸੀ ਉਹੀ ਹੈ ਜੋ ਸਾਰੇ ਅਕਾਸ਼ਾਂ ਦੇ ਉਤਾਹਾਂ ਚੜ੍ਹਿਆ ਵੀ ਸੀ ਕਿ ਸੱਭੋ ਕੁਝ ਸੰਪੂਰਨ ਕਰੇ। 11ਉਹ ਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪਰਚਾਰਕ, ਕਈਆਂ ਨੂੰ ਪਾਸਬਾਨ ਅਤੇ ਉਸਤਾਦ ਕਰਕੇ ਦੇ ਦਿੱਤਾ! 12ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਦੀ ਉੱਨਤੀ ਹੋਵੇ! 13ਜਦੋਂ ਤੱਕ ਅਸੀਂ ਸਾਰੇ ਵਿਸ਼ਵਾਸ ਦੀ ਅਤੇ ਪਰਮੇਸ਼ੁਰ ਦੇ ਪੁੱਤਰ ਦੀ ਪਹਿਚਾਣ ਦੀ ਏਕਤਾ ਅਤੇ ਪੂਰੇ ਸਿਆਣਪੁਣੇ ਤੱਕ ਅਰਥਾਤ ਮਸੀਹ ਦੀ ਪੂਰੀ ਡੀਲ ਡੌਲ ਦੇ ਅੰਦਾਜ਼ੇ ਤੱਕ ਨਾ ਵੱਧ ਜਾਈਏ!

ਇੰਜੀਲ

ਮਰਕੁ 16:15–20

15ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਸਾਰੇ ਸੰਸਾਰ ਵਿੱਚ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪਰਚਾਰ ਕਰੋ। 16ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਪਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। 17ਅਤੇ ਵਿਸ਼ਵਾਸ ਕਰਨ ਵਾਲਿਆਂ ਦੇ ਨਾਲ-ਨਾਲ ਇਹ ਨਿਸ਼ਾਨ ਹੋਣਗੇ ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਂਆਂ-ਨਵੀਂਆਂ ਭਾਸ਼ਾ ਬੋਲਣਗੇ, 18ਉਹ ਸੱਪਾਂ ਨੂੰ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਉਨ੍ਹਾਂ ਦਾ ਕੁਝ ਨਹੀਂ ਵਿਗੜੇਗਾ। ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ। 19ਫੇਰ ਪ੍ਰਭੂ ਯਿਸੂ ਜਦ ਉਨ੍ਹਾਂ ਨਾਲ ਬਚਨ ਕਰ ਹਟਿਆ, ਤਾਂ ਸਵਰਗ ਵਿੱਚ ਉੱਠਾਇਆ ਗਿਆ ਅਤੇ ਪਰਮੇਸ਼ੁਰ ਦੇ ਸੱਜੇ ਹੱਥ ਜਾ ਬੈਠਾ। 20ਅਤੇ ਉਨ੍ਹਾਂ ਨੇ ਬਾਹਰ ਜਾ ਕੇ ਹਰ ਥਾਂ ਪਰਚਾਰ ਕੀਤਾ ਅਤੇ ਪ੍ਰਭੂ ਉਨ੍ਹਾਂ ਦੇ ਨਾਲ ਹੋ ਕੇ ਕੰਮ ਕਰਦਾ ਸੀ ਅਤੇ ਬਚਨ ਨੂੰ ਉਨ੍ਹਾਂ ਚਮਤਕਾਰਾਂ ਦੇ ਰਾਹੀਂ ਜਿਹੜੇ ਨਾਲ-ਨਾਲ ਹੁੰਦੇ ਸਨ ਸਾਬਤ ਕਰਦਾ ਸੀ।

ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ