Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਪ੍ਰੈਲ 2027 › ਅਪ੍ਰੈਲ 19

ਕੈਥੋਲਿਕ ਕੈਲੰਡਰ

ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 19 ਅਪ੍ਰੈਲ 2027

ਸੋਮਵਾਰ · ਪਾਸਕਾ ਸਮੇਂ ਦਾ ਚੌਥਾ ਹਫ਼ਤਾ

ਤਿਉਹਾਰ ਅਤੇ ਸੰਤ

ਪਾਸਕਾ ਸਮੇਂ ਦੇ ਚੌਥੇ ਹਫ਼ਤੇ ਦਾ ਸੋਮਵਾਰ

ਆਮ ਦਿਨ · ਉਪਾਸਨਾ ਦਾ ਰੰਗ: ਚਿੱਟਾ

ਦਿਨ ਦੇ ਪਾਠ

ਪਹਿਲਾ ਪਾਠ

ਰਸੂਲਾਂ 11:1–18

1ਰਸੂਲਾਂ ਅਤੇ ਭਰਾਵਾਂ ਨੇ ਜੋ ਯਹੂਦਿਯਾ ਵਿੱਚ ਸਨ, ਸੁਣਿਆ ਕਿ ਪਰਾਈਆਂ ਕੌਮਾਂ ਦੇ ਲੋਕਾਂ ਨੇ ਵੀ ਪਰਮੇਸ਼ੁਰ ਦਾ ਬਚਨ ਮੰਨ ਲਿਆ ਹੈ। 2ਅਤੇ ਜਦੋਂ ਪਤਰਸ ਯਰੂਸ਼ਲਮ ਵਿੱਚ ਆਇਆ, ਤਦ ਉਹ ਜਿਹੜੇ ਸੁੰਨਤੀਆਂ ਵਿੱਚੋਂ ਸਨ 3ਉਹ ਦੇ ਨਾਲ ਇਹ ਕਹਿ ਕੇ ਲੜਨ ਲੱਗੇ, ਕਿ ਤੂੰ ਬੇਸੁੰਨਤੀਆਂ ਕੋਲ ਜਾ ਕੇ ਉਨ੍ਹਾਂ ਨਾਲ ਖਾਧਾ! 4ਤਦ ਪਤਰਸ ਸ਼ੁਰੂ ਤੋਂ, ਜੋ ਹੋਇਆ ਸੀ, ਤਿਵੇਂ ਉਨ੍ਹਾਂ ਦੇ ਅੱਗੇ ਬਿਆਨ ਕਰਕੇ ਕਹਿਣ ਲੱਗਾ 5ਕਿ ਮੈਂ ਯਾਪਾ ਦੇ ਨਗਰ ਵਿੱਚ ਪ੍ਰਾਰਥਨਾ ਕਰਦਾ ਸੀ ਅਤੇ ਬੇਹੋਸ਼ੀ ਵਿੱਚ ਦਰਸ਼ਣ ਵੇਖਿਆ, ਕਿ ਇੱਕ ਚੀਜ਼, ਵੱਡੀ ਚਾਦਰ ਦੇ ਸਮਾਨ, ਜਿਸ ਦੇ ਚਾਰ ਪੱਲੇ ਸਨ ਅਕਾਸ਼ ਤੋਂ ਧਰਤੀ ਦੀ ਵੱਲ ਉਤਰਦੀ ਮੇਰੇ ਕੋਲ ਆਈ। 6ਜਦੋਂ ਮੈਂ ਉਹ ਦੀ ਵੱਲ ਧਿਆਨ ਦਿੱਤਾ ਤਾਂ ਧਰਤੀ ਦੇ ਚੌਪਾਏ ਅਤੇ ਜੰਗਲੀ ਜਾਨਵਰ, ਘਿੱਸਰਨ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਵੇਖੇ, 7ਅਤੇ ਮੈਂ ਇੱਕ ਅਵਾਜ਼ ਵੀ ਸੁਣੀ ਜੋ ਮੈਨੂੰ ਆਖਦੀ ਸੀ, ਹੇ ਪਤਰਸ ਉੱਠ, ਮਾਰ ਅਤੇ ਖਾ। 8ਪਰ ਮੈਂ ਆਖਿਆ, ਨਾ ਪ੍ਰਭੂ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂ ਜੋ ਕੋਈ ਅਸ਼ੁੱਧ ਜਾਂ ਬੁਰੀ ਚੀਜ਼ ਮੈਂ ਕਦੇ ਨਹੀਂ ਖਾਧੀ! 9ਅਤੇ ਦੂਜੀ ਵਾਰ ਅਕਾਸ਼ ਤੋਂ ਅਵਾਜ਼ ਆਈ ਕਿ ਜੋ ਕੁਝ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ ਉਹ ਨੂੰ ਤੂੰ ਅਸ਼ੁੱਧ ਨਾ ਕਹਿ। 10ਇਸ ਤਰ੍ਹਾਂ ਤਿੰਨ ਵਾਰੀ ਹੋਇਆ ਅਤੇ ਉਹ ਸਭ ਕੁਝ ਫੇਰ ਅਕਾਸ਼ ਵੱਲ ਖਿੱਚਿਆ ਗਿਆ। 11ਅਤੇ ਵੇਖੋ ਕਿ ਉਸੇ ਵੇਲੇ ਉਸ ਘਰ ਦੇ ਅੱਗੇ ਜਿੱਥੇ ਅਸੀਂ ਠਹਿਰੇ ਹੋਏ ਸੀ, ਤਿੰਨ ਮਨੁੱਖ ਆ ਖੜੇ ਹੋਏ, ਜਿਹੜੇ ਕੈਸਰਿਯਾ ਤੋਂ ਮੇਰੇ ਕੋਲ ਭੇਜੇ ਗਏ ਸਨ। 12ਅਤੇ ਆਤਮਾ ਨੇ ਮੈਨੂੰ ਕਿਹਾ ਕਿ ਤੂੰ ਉਨ੍ਹਾਂ ਦੇ ਨਾਲ ਬੇਝਿਝਕ ਚੱਲਿਆ ਜਾ ਅਤੇ ਇਹ ਛੇ ਭਾਈ ਵੀ ਮੇਰੇ ਨਾਲ ਤੁਰ ਪਏ ਅਤੇ ਅਸੀਂ ਉਸ ਮਨੁੱਖ ਦੇ ਘਰ ਜਾ ਵੜੇ। 13ਤਦ ਉਸ ਨੇ ਸਾਨੂੰ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਘਰ ਵਿੱਚ ਦੂਤ ਨੂੰ ਖੜੇ ਵੇਖਿਆ, ਜਿਸ ਨੇ ਆਖਿਆ ਯਾਪਾ ਵੱਲ ਮਨੁੱਖ ਭੇਜ ਕੇ ਸ਼ਮਊਨ ਨੂੰ ਜਿਹੜਾ ਪਤਰਸ ਅਖਵਾਉਂਦਾ ਹੈ, ਬੁਲਵਾ ਲੈ। 14ਉਹ ਤੈਨੂੰ ਅਜਿਹੀਆਂ ਗੱਲਾਂ ਸੁਣਾਵੇਗਾ ਜਿਨ੍ਹਾਂ ਤੋਂ ਤੂੰ ਅਤੇ ਤੇਰਾ ਸਾਰਾ ਘਰਾਣਾ ਬਚਾਏ ਜਾਓਗੇ। 15ਅਤੇ ਜਦੋਂ ਮੈਂ ਗੱਲਾਂ ਕਰਨ ਲੱਗਾ ਤਾਂ ਪਵਿੱਤਰ ਆਤਮਾ ਉਨ੍ਹਾਂ ਤੇ ਉਤਰਿਆ, ਜਿਸ ਤਰ੍ਹਾਂ ਪਹਿਲਾਂ ਸਾਡੇ ਉੱਤੇ ਉਤਰਿਆ ਸੀ। 16ਤਦ ਮੈਨੂੰ ਪ੍ਰਭੂ ਦਾ ਬਚਨ ਚੇਤੇ ਆਇਆ ਕਿ ਕਿਸ ਤਰ੍ਹਾਂ ਉਹ ਨੇ ਆਖਿਆ ਸੀ ਕਿ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ। 17ਇਸ ਲਈ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਸੇ ਤਰ੍ਹਾਂ ਦੀ ਦਾਤ ਦਿੱਤੀ ਜਿਸ ਤਰ੍ਹਾਂ ਦੀ ਸਾਨੂੰ ਵੀ ਦਿੱਤੀ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕੀਤਾ ਤਾਂ ਫੇਰ ਮੈਂ ਕੌਣ ਸੀ ਜੋ ਪਰਮੇਸ਼ੁਰ ਨੂੰ ਰੋਕ ਸਕਦਾ? 18ਜਦੋਂ ਉਨ੍ਹਾਂ ਇਹ ਗੱਲਾਂ ਸੁਣੀਆਂ ਤਾਂ ਚੁੱਪ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਕਿ, ਫਿਰ ਤਾਂ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਨੂੰ ਵੀ ਜੀਵਨ ਲਈ ਤੋਬਾ ਦੀ ਦਾਤ ਬਖ਼ਸ਼ੀ ਹੈ!।

ਜਵਾਬੀ ਭਜਨ

ਜ਼ਬੂ 42:1–2; 43:3–4

1ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਮਸ਼ਕੀਲ। ਜਿਵੇਂ ਹਰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ, ਤਿਵੇਂ ਹੀ ਮੇਰਾ ਜੀਅ, ਹੇ ਪਰਮੇਸ਼ੁਰ ਤੇਰੇ ਲਈ ਤਰਸਦਾ ਹੈ। 2ਮੇਰਾ ਜੀਅ ਪਰਮੇਸ਼ੁਰ ਦੇ ਲਈ, ਜਿਉਂਦੇ ਪਰਮੇਸ਼ੁਰ ਦੇ ਲਈ ਤਿਹਾਇਆ ਹੈ, ਮੈਂ ਕਦੋਂ ਜਾਂਵਾਂ ਅਤੇ ਪਰਮੇਸ਼ੁਰ ਦੇ ਸਨਮੁਖ ਹਾਜ਼ਰ ਹੋਵਾਂ? 43:3ਆਪਣੇ ਚਾਨਣ ਅਤੇ ਆਪਣੀ ਸਚਿਆਈ ਨੂੰ ਭੇਜ ਕਿ ਓਹ ਮੇਰੀ ਅਗਵਾਈ ਕਰਨ, ਅਤੇ ਓਹ ਮੈਨੂੰ ਤੇਰੇ ਪਵਿੱਤਰ ਪਰਬਤ ਅਤੇ ਤੇਰਿਆਂ ਡੇਰਿਆਂ ਕੋਲ ਪਹੁੰਚਾਉਣ। 4ਤਦ ਮੈਂ ਪਰਮੇਸ਼ੁਰ ਦੀ ਜਗਵੇਦੀ ਕੋਲ ਜਾਂਵਾਂਗਾ, ਉਸ ਪਰਮੇਸ਼ੁਰ ਕੋਲ ਜਿਹੜਾ ਮੇਰੀ ਅੱਤ ਵੱਡੀ ਖੁਸ਼ੀ ਹੈਂ, ਅਤੇ ਬਰਬਤ ਵਜਾ ਕੇ ਤੇਰਾ ਧੰਨਵਾਦ ਕਰਾਂਗਾ, ਹੇ ਪਰਮੇਸ਼ੁਰ ਮੇਰੇ ਪਰਮੇਸ਼ੁਰ!

ਇੰਜੀਲ

ਯੂਹ 10:1–10

1ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜਾ ਆਦਮੀ ਭੇਡਾਂ ਦੇ ਬਾੜੇ ਵਿੱਚ ਦਰਵਾਜ਼ੇ ਦੀ ਬਜਾਏ ਕਿਸੇ ਹੋਰ ਰਾਹ ਤੋਂ ਵੜਦਾ ਹੈ, ਉਹ ਚੋਰ ਤੇ ਡਾਕੂ ਹੈ। 2ਪਰ ਉਹ ਜਿਹੜਾ ਦਰਵਾਜ਼ੇ ਰਾਹੀਂ ਵੜਦਾ ਹੈ, ਉਹ ਭੇਡਾਂ ਦਾ ਅਯਾਲੀ ਹੈ। 3ਉਸ ਦੇ ਲਈ ਦਰਬਾਨ ਦਰਵਾਜ਼ਾ ਖੋਲ੍ਹ ਦਿੰਦਾ ਹੈ ਅਤੇ ਭੇਡਾਂ ਉਸਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਮ ਲੈ-ਲੈ ਕੇ ਬੁਲਾਉਂਦਾ ਅਤੇ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ। 4ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਕੱਢ ਲੈਂਦਾ ਤਾਂ ਉਹ ਉਨ੍ਹਾਂ ਦੇ ਅੱਗੇ-ਅੱਗੇ ਤੁਰਦਾ ਹੈ ਅਤੇ ਭੇਡਾਂ ਉਸ ਦੇ ਮਗਰ ਜਾਂਦੀਆਂ ਹਨ; ਕਿਉਂਕਿ ਉਹ ਉਸ ਦੀ ਅਵਾਜ਼ ਨੂੰ ਪਛਾਣਦੀਆਂ ਹਨ। 5ਪਰ ਉਹ ਪਰਾਏ ਆਦਮੀ ਦੇ ਮਗਰ ਕਦੇ ਨਹੀਂ ਜਾਣਗੀਆਂ, ਸਗੋਂ ਉਹ ਉਸ ਤੋਂ ਦੂਰ ਭੱਜ ਜਾਣਗੀਆਂ ਕਿਉਂਕਿ ਉਹ ਪਰਾਏ ਦੀ ਅਵਾਜ਼ ਨੂੰ ਨਹੀਂ ਪਛਾਣਦੀਆਂ।” 6ਯਿਸੂ ਨੇ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਸਮਝਾਇਆ ਪਰ ਉਹ ਇਸ ਦਾ ਮਤਲਬ ਨਾ ਸਮਝ ਸਕੇ। 7ਤਦ ਯਿਸੂ ਨੇ ਦੁਬਾਰਾ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਭੇਡਾਂ ਲਈ ਦਰਵਾਜ਼ਾ ਮੈਂ ਹਾਂ। 8ਕਿਉਂਕਿ ਜਿਹੜੇ ਮੇਰੇ ਤੋਂ ਪਹਿਲਾਂ ਆਏ, ਉਹ ਚੋਰ ਤੇ ਡਾਕੂ ਸਨ, ਭੇਡਾਂ ਨੇ ਉਨ੍ਹਾਂ ਦੀ ਨਹੀਂ ਸੁਣੀ। 9ਮੈਂ ਦਰਵਾਜ਼ਾ ਹਾਂ, ਜਿਹੜਾ ਆਦਮੀ ਮੇਰੇ ਰਾਹੀਂ ਵੜਦਾ ਹੈ, ਬਚਾਇਆ ਜਾਵੇਗਾ। ਉਹ ਅੰਦਰ-ਬਾਹਰ ਆਇਆ ਜਾਇਆ ਕਰੇਗਾ ਅਤੇ ਉਸ ਨੂੰ ਜੋ ਚਾਹੀਦਾ ਮਿਲ ਜਾਵੇਗਾ। 10ਚੋਰ, ਚੋਰੀ ਕਰਨ, ਮਾਰਨ ਅਤੇ ਨਾਸ ਕਰਨ ਲਈ ਆਉਂਦਾ ਹੈ, ਪਰ ਮੈਂ ਉਨ੍ਹਾਂ ਨੂੰ ਜੀਵਨ ਦੇਣ ਆਇਆ ਹਾਂ, ਸਗੋਂ ਚੋਖਾ ਜੀਵਨ।

ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ