Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਪ੍ਰੈਲ 2027 › ਅਪ੍ਰੈਲ 2

ਆਰਥੋਡਾਕਸ ਕੈਲੰਡਰ · 20 ਮਾਰਚ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 2 ਅਪ੍ਰੈਲ 2027

ਸ਼ੁੱਕਰਵਾਰ · ਵੱਡੇ ਚਾਲੀਸੇ ਦਾ ਤੀਜਾ ਹਫ਼ਤਾ · ਸੁਰ 2

ਤਿਉਹਾਰ ਅਤੇ ਸੰਤ

Venerable Fathers slain at the Monastery of Saint Sabbas: John, Sergius, Patrick and others († 796)

ਵੱਡਾ ਚਾਲੀਸਾ

ਸਖ਼ਤ ਵਰਤ (ਸੁੱਕਾ ਭੋਜਨ: ਰੋਟੀ, ਸਬਜ਼ੀਆਂ, ਫਲ)

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਛੇਵਾਂ ਘੰਟਾ

ਯਸਾ 13:2–13

2ਨੰਗੇ ਪਰਬਤ ਉੱਤੇ ਝੰਡਾ ਖੜ੍ਹਾ ਕਰੋ, ਉਨ੍ਹਾਂ ਨੂੰ ਉੱਚੀ ਅਵਾਜ਼ ਨਾਲ ਪੁਕਾਰੋ! ਹੱਥ ਨਾਲ ਇਸ਼ਾਰਾ ਕਰੋ, ਤਾਂ ਜੋ ਉਹ ਪਤਵੰਤਾਂ ਦੇ ਫਾਟਕਾਂ ਵਿੱਚ ਵੜਨ! 3ਮੈਂ ਆਪਣੇ ਸੰਤਾਂ ਨੂੰ ਹੁਕਮ ਦਿੱਤਾ ਹੈ, ਨਾਲੇ ਮੈਂ ਆਪਣੇ ਕ੍ਰੋਧ ਨੂੰ ਪੂਰਾ ਕਰਨ ਲਈ, ਆਪਣੇ ਸੂਰਮਿਆਂ ਨੂੰ ਬੁਲਾਇਆ, ਜਿਹੜੇ ਮੇਰੀ ਜਿੱਤ ਤੇ ਪ੍ਰਸੰਨ ਹੁੰਦੇ ਹਨ। 4ਪਹਾੜਾਂ ਉੱਤੇ ਇੱਕ ਰੌਲ਼ੇ ਦੀ ਅਵਾਜ਼ ਸੁਣੋ, ਜਿਵੇਂ ਵੱਡੀ ਭੀੜ ਦੀ, ਰਾਜ ਰਾਜ ਦੀਆਂ ਕੌਮਾਂ ਦੇ ਇਕੱਠ ਦਾ ਸ਼ੋਰ, ਸੈਨਾਂ ਦਾ ਯਹੋਵਾਹ ਯੁੱਧ ਲਈ ਸੈਨਾਂ ਨੂੰ ਇਕੱਠਾ ਕਰ ਰਿਹਾ ਹੈ! 5ਉਹ ਦੂਰ ਦੇਸ ਤੋਂ, ਅਕਾਸ਼ ਦੇ ਸਿਰੇ ਤੋਂ ਤੁਰੇ ਆਉਂਦੇ ਹਨ, ਯਹੋਵਾਹ ਅਤੇ ਉਹ ਦੇ ਕਹਿਰ ਦੇ ਸ਼ਸਤਰ ਆਉਂਦੇ ਹਨ, ਤਾਂ ਜੋ ਸਾਰੀ ਧਰਤੀ ਨੂੰ ਨਾਸ ਕਰਨ! 6ਤੁਸੀਂ ਧਾਹਾਂ ਮਾਰੋ ਕਿਉਂ ਜੋ ਯਹੋਵਾਹ ਦਾ ਨਿਆਂ ਦਾ ਦਿਨ ਨੇੜੇ ਹੈ, ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਗੂੰ ਆਵੇਗਾ। 7ਇਸ ਲਈ ਸਾਰੇ ਹੱਥ ਢਿੱਲੇ ਪੈ ਜਾਣਗੇ, ਅਤੇ ਹਰ ਮਨੁੱਖ ਦਾ ਦਿਲ ਡਰ ਨਾਲ ਢੱਲ਼ ਜਾਵੇਗਾ। 8ਉਹ ਘਬਰਾ ਜਾਣਗੇ, ਪੀੜਾਂ ਅਤੇ ਕਸ਼ਟ ਉਨ੍ਹਾਂ ਨੂੰ ਫੜ੍ਹ ਲੈਣਗੇ, ਉਹ ਜਣਨ ਵਾਲੀ ਔਰਤ ਵਾਂਗੂੰ ਪੀੜ ਵਿੱਚ ਹੋਣਗੇ, ਉਹ ਹੱਕੇ-ਬੱਕੇ ਹੋ ਕੇ ਇੱਕ ਦੂਜੇ ਵੱਲ ਤੱਕਣਗੇ, ਉਨ੍ਹਾਂ ਦੇ ਮੂੰਹ ਭੱਖਦੇ ਹੋਣਗੇ। 9ਵੇਖੋ, ਯਹੋਵਾਹ ਦਾ ਦਿਨ, ਨਿਰਦਈ, ਕਹਿਰ ਅਤੇ ਤੇਜ ਕ੍ਰੋਧ ਨਾਲ ਆਉਂਦਾ ਹੈ, ਤਾਂ ਜੋ ਧਰਤੀ ਨੂੰ ਵਿਰਾਨ ਕਰੇ, ਅਤੇ ਉਹ ਦੇ ਪਾਪੀਆਂ ਨੂੰ ਉਹ ਦੇ ਵਿੱਚੋਂ ਨਾਸ ਕਰੇ। 10ਅਕਾਸ਼ ਦੇ ਤਾਰੇ ਅਤੇ ਉਹ ਦੇ ਤਾਰਾਗਣ ਆਪਣਾ ਚਾਨਣ ਨਾ ਦੇਣਗੇ, ਸੂਰਜ ਚੜ੍ਹਦਿਆਂ ਸਾਰ ਹਨ੍ਹੇਰਾ ਹੋ ਜਾਵੇਗਾ, ਅਤੇ ਚੰਦਰਮਾ ਆਪਣਾ ਪ੍ਰਕਾਸ਼ ਨਾ ਦੇਵੇਗਾ। 11ਮੈਂ ਜਗਤ ਨੂੰ ਉਹ ਦੀ ਬੁਰਿਆਈ ਦੀ, ਅਤੇ ਦੁਸ਼ਟਾਂ ਨੂੰ ਉਨ੍ਹਾਂ ਦੀ ਬਦੀ ਦੀ ਸਜ਼ਾ ਦੇਵਾਂਗਾ, ਅਤੇ ਬੇਰਹਿਮਾਂ ਦੇ ਘਮੰਡ ਨੂੰ ਤੋੜ ਦਿਆਂਗਾ। 12ਮੈਂ ਲੋਕਾਂ ਨੂੰ ਕੁੰਦਨ ਸੋਨੇ ਨਾਲੋਂ, ਅਤੇ ਮਨੁੱਖ ਨੂੰ ਓਫੀਰ ਦੇ ਸੋਨੇ ਨਾਲੋਂ ਦੁਰਲੱਭ ਬਣਾਵਾਂਗਾ। 13ਇਸ ਲਈ ਮੈਂ ਅਕਾਸ਼ ਨੂੰ ਕਾਂਬਾ ਲਵਾਂਗਾ, ਅਤੇ ਧਰਤੀ ਆਪਣੇ ਥਾਂ ਤੋਂ ਹਿਲਾਈ ਜਾਵੇਗੀ, ਇਹ ਸੈਨਾਂ ਦੇ ਯਹੋਵਾਹ ਦੇ ਕਹਿਰ ਵਿੱਚ, ਅਤੇ ਉਸ ਦੇ ਤੇਜ ਗੁੱਸੇ ਦੇ ਦਿਨ ਹੋਵੇਗਾ।

ਸ਼ਾਮ ਦੀ ਪ੍ਰਾਰਥਨਾ: ਪਾਠ

ਉਤ 8:4–21

4ਕਿਸ਼ਤੀ ਸੱਤਵੇਂ ਮਹੀਨੇ ਦੇ ਸਤਾਰਵੇਂ ਦਿਨ ਅਰਾਰਾਤ ਪਰਬਤ ਉੱਤੇ ਟਿੱਕ ਗਈ। 5ਅਤੇ ਪਾਣੀ ਦਸਵੇਂ ਮਹੀਨੇ ਤੱਕ ਘਟਦੇ ਗਏ। ਦਸਵੇਂ ਮਹੀਨੇ ਦੇ ਪਹਿਲੇ ਦਿਨ ਪਹਾੜਾਂ ਦੀਆਂ ਟੀਸੀਆਂ ਦਿੱਸ ਪਈਆਂ। 6ਫਿਰ ਅਜਿਹਾ ਹੋਇਆ ਕਿ ਚਾਲ੍ਹੀਆਂ ਦਿਨਾਂ ਦੇ ਬਾਅਦ ਨੂਹ ਨੇ ਕਿਸ਼ਤੀ ਦੀ ਖਿੜਕੀ ਨੂੰ ਖੋਲ੍ਹ ਦਿੱਤਾ। 7ਉਸ ਨੇ ਇੱਕ ਪਹਾੜੀ ਕਾਂ ਛੱਡਿਆ ਅਤੇ ਜਦ ਤੱਕ ਪਾਣੀ ਧਰਤੀ ਤੋਂ ਨਾ ਸੁੱਕ ਗਏ, ਉਹ ਆਉਂਦਾ ਜਾਂਦਾ ਰਿਹਾ। 8ਫੇਰ ਉਸ ਨੇ ਘੁੱਗੀ ਵੀ ਆਪਣੇ ਵੱਲੋਂ ਛੱਡੀ ਤਾਂ ਜੋ ਉਹ ਵੇਖੇ ਕਿ ਪਾਣੀ ਜ਼ਮੀਨ ਦੇ ਉੱਤੋਂ ਘੱਟ ਗਿਆ ਹੈ ਕਿ ਨਹੀਂ। 9ਪਰ ਉਸ ਘੁੱਗੀ ਨੂੰ ਆਪਣੇ ਪੈਰ ਦੇ ਪੰਜੇ ਲਈ ਟਿਕਾਣਾ ਨਾ ਮਿਲਿਆ ਸੋ ਉਹ ਕਿਸ਼ਤੀ ਵਿੱਚ ਉਹ ਦੇ ਕੋਲ ਮੁੜ ਆਈ, ਕਿਉਂ ਜੋ ਪਾਣੀ ਸਾਰੀ ਧਰਤੀ ਉੱਤੇ ਸੀ ਤਾਂ ਉਸ ਨੇ ਆਪਣਾ ਹੱਥ ਵਧਾ ਕੇ ਉਹ ਨੂੰ ਫੜ ਲਿਆ ਅਤੇ ਆਪਣੇ ਕੋਲ ਕਿਸ਼ਤੀ ਵਿੱਚ ਰੱਖ ਲਿਆ। 10ਤਦ ਉਹ ਨੇ ਸੱਤ ਦਿਨ ਬਾਅਦ ਫੇਰ ਕਿਸ਼ਤੀ ਤੋਂ ਉਸ ਘੁੱਗੀ ਨੂੰ ਛੱਡਿਆ। 11ਉਹ ਘੁੱਗੀ ਸ਼ਾਮ ਨੂੰ ਉਹ ਦੇ ਕੋਲ ਆਈ ਅਤੇ ਵੇਖੋ ਉਹ ਦੀ ਚੁੰਝ ਵਿੱਚ ਜ਼ੈਤੂਨ ਦਾ ਸੱਜਰਾ ਪੱਤਾ ਸੀ, ਇਸ ਤੋਂ ਨੂਹ ਨੇ ਜਾਣ ਲਿਆ ਕਿ ਪਾਣੀ ਧਰਤੀ ਉੱਤੋਂ ਘੱਟ ਗਿਆ ਹੈ। 12ਤਦ ਉਹ ਨੇ ਹੋਰ ਸੱਤ ਦਿਨ ਬਾਅਦ ਘੁੱਗੀ ਨੂੰ ਫਿਰ ਛੱਡਿਆ ਅਤੇ ਉਹ ਮੁੜ ਉਹ ਦੇ ਕੋਲ ਨਾ ਆਈ। 13ਨੂਹ ਦੀ ਉਮਰ ਦੇ ਛੇ ਸੌ ਇੱਕ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਪਾਣੀ ਧਰਤੀ ਉੱਤੋਂ ਸੁੱਕ ਗਿਆ ਅਤੇ ਨੂਹ ਨੇ ਕਿਸ਼ਤੀ ਦੀ ਛੱਤ ਖੋਲ੍ਹ ਕੇ ਨਿਗਾਹ ਮਾਰੀ ਅਤੇ ਵੇਖੋ ਜ਼ਮੀਨ ਦੀ ਪਰਤ ਸੁੱਕ ਗਈ ਸੀ। 14ਦੂਜੇ ਮਹੀਨੇ ਦੇ ਸਤਾਈਵੇਂ ਦਿਨ ਧਰਤੀ ਪੂਰੀ ਤਰ੍ਹਾਂ ਸੁੱਕ ਗਈ ਸੀ। 15ਤਦ ਪਰਮੇਸ਼ੁਰ ਨੂਹ ਨਾਲ ਬੋਲਿਆ 16ਕਿ ਤੂੰ ਕਿਸ਼ਤੀ ਵਿੱਚੋਂ ਨਿੱਕਲ ਜਾ, ਤੇਰੀ ਪਤਨੀ, ਤੇਰੇ ਪੁੱਤਰ ਅਤੇ ਤੇਰੀਆਂ ਨੂੰਹਾਂ ਵੀ। 17ਹਰ ਇੱਕ ਜਾਨਵਰ ਨੂੰ ਜਿਹੜਾ ਤੇਰੇ ਕੋਲ ਸਾਰੇ ਪ੍ਰਾਣੀਆਂ ਵਿੱਚੋਂ ਹੈ ਅਰਥਾਤ ਪੰਛੀ, ਡੰਗਰ, ਧਰਤੀ ਉੱਤੇ ਘਿੱਸਰਨ ਵਾਲੇ ਨੂੰ ਤੂੰ ਆਪਣੇ ਨਾਲ ਬਾਹਰ ਲੈ ਜਾ ਤਾਂ ਜੋ ਓਹ ਧਰਤੀ ਉੱਤੇ ਉਹ ਆਪਣੀ ਪ੍ਰਜਾਤੀ ਨੂੰ ਵਧਾਉਣ, ਫਲਣ ਅਤੇ ਧਰਤੀ ਉੱਤੇ ਵਧਣ। 18ਤਦ ਨੂਹ, ਉਹ ਦੇ ਪੁੱਤਰ, ਉਹ ਦੀ ਪਤਨੀ ਅਤੇ ਉਹ ਦੀਆਂ ਨੂੰਹਾਂ ਉਹ ਦੇ ਨਾਲ ਬਾਹਰ ਨਿੱਕਲ ਗਏ। 19ਹਰੇਕ ਜਾਨਵਰ, ਹਰੇਕ ਘਿੱਸਰਨ ਵਾਲਾ, ਹਰੇਕ ਪੰਛੀ, ਅਤੇ ਹਰੇਕ ਧਰਤੀ ਉੱਤੇ ਚੱਲਣ ਵਾਲਾ ਆਪੋ-ਆਪਣੀ ਪ੍ਰਜਾਤੀ ਦੇ ਅਨੁਸਾਰ ਕਿਸ਼ਤੀ ਵਿੱਚੋਂ ਬਾਹਰ ਨਿੱਕਲ ਆਏ। 20ਤਦ ਨੂਹ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ ਅਤੇ ਸ਼ੁੱਧ ਪਸ਼ੂਆਂ, ਸ਼ੁੱਧ ਪੰਛੀਆਂ ਵਿੱਚੋਂ ਲੈ ਕੇ ਉਸ ਨੇ ਜਗਵੇਦੀ ਉੱਤੇ ਹੋਮ ਬਲੀਆਂ ਚੜ੍ਹਾਈਆਂ। 21ਯਹੋਵਾਹ ਨੇ ਉਸ ਸੁਖਦਾਇਕ ਸੁਗੰਧੀ ਨੂੰ ਲਿਆ ਅਤੇ ਆਪਣੇ ਮਨ ਵਿੱਚ ਆਖਿਆ, ਮੈਂ ਫੇਰ ਕਦੀ ਧਰਤੀ ਨੂੰ ਮਨੁੱਖ ਦੇ ਕਾਰਨ ਸਰਾਪ ਨਹੀਂ ਦਿਆਂਗਾ ਭਾਵੇਂ ਮਨੁੱਖ ਦੇ ਮਨ ਦੀ ਭਾਵਨਾ ਮੁੱਢੋਂ ਹੀ ਬੁਰੀ ਹੈ ਅਤੇ ਮੈਂ ਫੇਰ ਕਦੀ ਸਾਰੇ ਪ੍ਰਾਣੀਆਂ ਨੂੰ ਨਾਸ ਨਾ ਕਰਾਂਗਾ ਜਿਵੇਂ ਮੈਂ ਹੁਣ ਕੀਤਾ ਹੈ।

ਸ਼ਾਮ ਦੀ ਪ੍ਰਾਰਥਨਾ: ਪਾਠ

ਕਹਾ 10:31–11:12

31ਧਰਮੀ ਦਾ ਮੂੰਹ ਬੁੱਧ ਦਾ ਫਲ ਦਿੰਦਾ ਹੈ, ਪਰ ਟੇਢੀ ਜੀਭ ਵੱਢੀ ਜਾਵੇਗੀ। 32ਧਰਮੀ ਦੇ ਬੁੱਲ ਮਨ ਭਾਉਂਦੀ ਗੱਲ ਜਾਣਦੇ ਹਨ, ਪਰ ਦੁਸ਼ਟ ਦਾ ਮੂੰਹ ਪੁੱਠੀਆਂ ਗੱਲਾਂ ਬੋਲਦਾ ਹੈ। 11:1ਛਲ ਵਾਲੀ ਤੱਕੜੀ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰੰਤੂ ਪੂਰੇ ਤੋਲ ਤੋਂ ਉਹ ਪਰਸੰਨ ਹੁੰਦਾ ਹੈ। 2ਹੰਕਾਰ ਦੇ ਨਾਲ ਨਿਰਾਦਰ ਆਉਂਦਾ ਹੈ, ਪਰ ਨਿਮਰਤਾ ਦੇ ਨਾਲ ਬੁੱਧ ਆਉਂਦੀ ਹੈ। 3ਸਿੱਧਿਆਂ ਦੀ ਖ਼ਰਾਈ ਉਹਨਾਂ ਦੀ ਅਗਵਾਈ ਕਰੇਗੀ, ਪਰ ਕਪਟੀਆਂ ਦੀ ਟੇਢੀ ਚਾਲ ਉਨ੍ਹਾਂ ਦਾ ਨਾਸ ਕਰੇਗੀ। 4ਕਹਿਰ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਨੇਕੀ ਦੇ ਕੰਮ ਮੌਤ ਤੋਂ ਬਚਾ ਲੈਂਦੇ ਹਨ। 5ਖਰੇ ਮਨੁੱਖ ਦਾ ਰਾਹ ਧਾਰਮਿਕਤਾ ਦੇ ਕਾਰਨ ਸਿੱਧਾ ਰਹਿੰਦਾ ਹੈ, ਪਰ ਦੁਸ਼ਟ ਮਨੁੱਖ ਆਪਣੀ ਦੁਸ਼ਟਤਾਈ ਨਾਲ ਹੀ ਡਿੱਗ ਪੈਂਦਾ ਹੈ। 6ਸਿੱਧਿਆਂ ਦੀ ਸਿਧਿਆਈ ਉਹਨਾਂ ਨੂੰ ਛੁਡਾਉਂਦੀ ਹੈ, ਪਰ ਛਲੀਏ ਆਪਣੀ ਹੀ ਲੋਚ ਵਿੱਚ ਫਸ ਜਾਂਦੇ ਹਨ। 7ਜਦ ਦੁਸ਼ਟ ਮਰਦਾ ਹੈ, ਤਦ ਉਹ ਦੀ ਆਸ ਵੀ ਮਿਟ ਜਾਂਦੀ ਹੈ, ਅਤੇ ਬੁਰਿਆਰਾਂ ਦੀ ਆਸ ਦਾ ਨਾਸ ਹੋ ਜਾਂਦਾ ਹੈ। 8ਧਰਮੀ ਬਿਪਤਾ ਤੋਂ ਛੁਡਾਇਆ ਜਾਂਦਾ ਹੈ, ਪਰ ਦੁਸ਼ਟ ਉਸੇ ਵਿੱਚ ਫਸ ਜਾਂਦਾ ਹੈ। 9ਕੁਧਰਮੀ ਆਪਣੇ ਮੂੰਹ ਨਾਲ ਆਪਣੇ ਗੁਆਂਢੀ ਦਾ ਨਾਸ ਕਰਦਾ ਹੈ, ਪਰ ਧਰਮੀ ਗਿਆਨ ਦੇ ਕਾਰਨ ਛੁਡਾਏ ਜਾਂਦੇ ਹਨ। 10ਜਦ ਧਰਮੀਆਂ ਨੂੰ ਸੁੱਖ ਹੁੰਦਾ ਹੈ, ਤਦ ਨਗਰ ਦੇ ਲੋਕ ਪ੍ਰਸੰਨ ਹੁੰਦੇ ਹਨ, ਪਰ ਜਦ ਦੁਸ਼ਟਾਂ ਦਾ ਨਾਸ ਹੁੰਦਾ, ਤਾਂ ਜੈਕਾਰੇ ਹੁੰਦੇ ਹਨ! 11ਸਚਿਆਰਾਂ ਦੀਆਂ ਅਸੀਸਾਂ ਨਾਲ ਨਗਰ ਦਾ ਵਾਧਾ ਹੁੰਦਾ ਹੈ, ਪਰ ਦੁਸ਼ਟਾਂ ਦੇ ਬੋਲਾਂ ਨਾਲ ਉਹ ਢਹਿ ਜਾਂਦਾ ਹੈ। 12ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਜਾਣਦਾ ਹੈ ਉਹ ਨਿਰਬੁੱਧ ਹੈ, ਪਰ ਸਮਝਦਾਰ ਪੁਰਸ਼ ਚੁੱਪ ਰਹਿੰਦਾ ਹੈ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਮਾਰਚ 20 ਸਿਵਲ ਕੈਲੰਡਰ ਦਾ ਅਪ੍ਰੈਲ 2 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ