Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਮਾਰਚ 2027 › ਮਾਰਚ 11

ਕੈਥੋਲਿਕ ਕੈਲੰਡਰ

ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 11 ਮਾਰਚ 2027

ਵੀਰਵਾਰ · ਚਾਲੀਸੇ ਦਾ ਚੌਥਾ ਹਫ਼ਤਾ

ਤਿਉਹਾਰ ਅਤੇ ਸੰਤ

ਚਾਲੀਸੇ ਦੇ ਚੌਥੇ ਹਫ਼ਤੇ ਦਾ ਵੀਰਵਾਰ

ਆਮ ਦਿਨ · ਉਪਾਸਨਾ ਦਾ ਰੰਗ: ਬੈਂਗਣੀ

ਦਿਨ ਦੇ ਪਾਠ

ਪਹਿਲਾ ਪਾਠ

ਕੂਚ 32:7–14

7ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਹੇਠਾਂ ਨੂੰ ਜਾ ਕਿਉਂਕਿ ਤੇਰੇ ਲੋਕ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਤੋਂ ਉਤਾਹਾਂ ਲਿਆਇਆ ਹੈਂ ਭਰਿਸ਼ਟ ਹੋ ਗਏ ਹਨ। 8ਉਹ ਉਸ ਰਾਹ ਤੋਂ ਛੇਤੀ ਨਾਲ ਫਿਰ ਗਏ ਹਨ ਜਿਹ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਅਤੇ ਉਨ੍ਹਾਂ ਦੇ ਢਾਲ਼ ਕੇ ਆਪਣੇ ਲਈ ਇੱਕ ਵੱਛਾ ਬਣਾਇਆ ਅਤੇ ਉਹ ਦੇ ਅੱਗੇ ਮੱਥਾ ਟੇਕਿਆ ਅਤੇ ਉਹ ਦੇ ਅੱਗੇ ਭੇਟ ਚੜ੍ਹਾ ਦੇ ਉਨ੍ਹਾਂ ਆਖਿਆ, ਹੇ ਇਸਰਾਏਲ ਇਹ ਹੈ ਤੇਰਾ ਦੇਵਤਾ ਜਿਹੜਾ ਤੈਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ। 9ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, ਮੈਂ ਇਨ੍ਹਾਂ ਲੋਕਾਂ ਨੂੰ ਡਿੱਠਾ ਹੈ, ਵੇਖ ਇਹ ਲੋਕ ਹਠੀ ਹਨ। 10ਹੁਣ ਤੂੰ ਮੈਨੂੰ ਇਕੱਲਾ ਹੋਣ ਦੇ ਤਾਂ ਜੋ ਮੇਰਾ ਕ੍ਰੋਧ ਉਨ੍ਹਾਂ ਦੇ ਵਿਰੁੱਧ ਭੜਕੇ ਅਤੇ ਮੈਂ ਉਨ੍ਹਾਂ ਨੂੰ ਭਸਮ ਕਰ ਸੁੱਟਾਂ ਅਤੇ ਮੈਂ ਤੇਰੇ ਕੋਲੋਂ ਇੱਕ ਵੱਡੀ ਕੌਮ ਬਣਾਵਾਂਗਾ। 11ਤਾਂ ਮੂਸਾ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਤਰਲੇ ਪਾ ਕੇ ਆਖਿਆ, ਹੇ ਯਹੋਵਾਹ ਤੇਰਾ ਕ੍ਰੋਧ ਤੇਰੇ ਲੋਕਾਂ ਦੇ ਵਿਰੁੱਧ ਕਿਉਂ ਭੜਕਿਆ ਹੈ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਤੋਂ ਵੱਡੀ ਸ਼ਕਤੀ ਅਤੇ ਬਲਵੰਤ ਹੱਥ ਨਾਲ ਕੱਢ ਕੇ ਲੈ ਆਇਆ ਹੈਂ। 12ਮਿਸਰੀ ਕਿਉਂ ਆਖਣ ਕਿ ਉਹ ਉਨ੍ਹਾਂ ਨੂੰ ਬੁਰਿਆਈ ਲਈ ਲੈ ਗਿਆ, ਤਾਂ ਜੋ ਉਨ੍ਹਾਂ ਨੂੰ ਪਹਾੜਾਂ ਵਿੱਚ ਮਾਰ ਸੁੱਟੇ ਅਤੇ ਉਨ੍ਹਾਂ ਨੂੰ ਧਰਤੀ ਉੱਤੋਂ ਮੁਕਾ ਦੇਵੇ? ਤੂੰ ਆਪਣੇ ਕ੍ਰੋਧ ਦੇ ਭੜਕਣ ਨੂੰ ਮੋੜ ਲੈ ਅਤੇ ਆਪਣੇ ਲੋਕਾਂ ਉੱਤੇ ਬੁਰਿਆਈ ਲਿਆਉਣ ਤੋਂ ਹਟ ਜਾ। 13ਤੂੰ ਆਪਣੇ ਸੇਵਕ ਅਬਰਾਹਾਮ, ਇਸਹਾਕ ਅਤੇ ਇਸਰਾਏਲ ਨੂੰ ਚੇਤੇ ਕਰ ਜਿਨ੍ਹਾਂ ਨਾਲ ਤੂੰ ਆਪਣੀ ਹੀ ਸਹੁੰ ਖਾ ਕੇ ਆਖਿਆ ਸੀ ਕਿ ਮੈਂ ਤੁਹਾਡੀ ਸੰਤਾਨ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਵਾਂਗਾ ਅਤੇ ਇਹ ਸਾਰਾ ਦੇਸ ਜਿਸ ਦੇ ਲਈ ਮੈਂ ਆਖਿਆ ਹੈ ਮੈਂ ਉਹ ਤੁਹਾਡੀ ਸੰਤਾਨ ਨੂੰ ਦੇਵਾਂਗਾ ਅਤੇ ਉਹ ਸਦਾ ਲਈ ਉਹ ਦੇ ਅਧਿਕਾਰੀ ਹੋਣਗੇ। 14ਤਾਂ ਯਹੋਵਾਹ ਉਸ ਬੁਰਿਆਈ ਤੋਂ ਹਟ ਗਿਆ ਜਿਹੜੀ ਆਪਣੇ ਲੋਕਾਂ ਨਾਲ ਕਰਨ ਲਈ ਬੋਲਿਆ ਸੀ।

ਜਵਾਬੀ ਭਜਨ

ਜ਼ਬੂ 106:19–23

19ਹੋਰੇਬ ਵਿੱਚ ਉਨ੍ਹਾਂ ਨੇ ਇੱਕ ਵੱਛਾ ਬਣਾਇਆ, ਅਤੇ ਢਾਲ਼ੇ ਹੋਏ ਬੁੱਤ ਅੱਗੇ ਮੱਥਾ ਟੇਕਿਆ, 20ਇਉਂ ਉਨ੍ਹਾਂ ਨੇ ਆਪਣੇ ਪਰਤਾਪ ਨੂੰ, ਘਾਹ ਖਾਣ ਵਾਲੇ ਬਲ਼ਦ ਦੇ ਰੂਪ ਨਾਲ ਬਦਲ ਲਿਆ! 21ਓਹ ਆਪਣੇ ਬਚਾਉਣ ਵਾਲੇ ਪਰਮੇਸ਼ੁਰ ਨੂੰ ਭੁੱਲ ਗਏ, ਜਿਸ ਨੇ ਮਿਸਰ ਵਿੱਚ ਵੱਡੇ-ਵੱਡੇ ਕੰਮ ਕੀਤੇ, 22ਹਾਮ ਦੇ ਦੇਸ ਵਿੱਚ ਅਚਰਜ਼, ਅਤੇ ਲਾਲ ਸਮੁੰਦਰ ਉੱਤੇ ਭਿਆਨਕ ਕੰਮ! 23ਤਾਂ ਓਸ ਆਖਿਆ ਕਿ ਮੈਂ ਉਨ੍ਹਾਂ ਦਾ ਨਾਸ ਕਰ ਸੁੱਟਦਾ, ਜੇ ਮੂਸਾ ਮੇਰਾ ਚੁਣਿਆ ਹੋਇਆ ਤੇੜ ਵਿੱਚ ਮੇਰੇ ਅੱਗੇ ਖੜ੍ਹਾ ਨਾ ਹੁੰਦਾ, ਕਿ ਮੇਰੇ ਕ੍ਰੋਧ ਨੂੰ ਨਾਸ ਕਰਨ ਤੋਂ ਮੋੜੇ।

ਇੰਜੀਲ

ਯੂਹ 5:31–47

31ਜੇਕਰ ਮੈਂ ਆਪਣੇ ਬਾਰੇ ਗਵਾਹੀ ਦੇਵਾਂ, ਤਾਂ ਮੇਰੀ ਗਵਾਹੀ ਸੱਚੀ ਨਹੀਂ ਹੈ। 32ਪਰ ਇੱਕ ਹੋਰ ਹੈ ਜੋ ਮੇਰੇ ਬਾਰੇ ਗਵਾਹੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਉਸ ਦੀ ਮੇਰੇ ਬਾਰੇ ਗਵਾਹੀ ਸੱਚੀ ਹੈ। 33ਤੁਸੀਂ ਲੋਕਾਂ ਨੂੰ ਯੂਹੰਨਾ ਕੋਲ ਭੇਜਿਆ ਅਤੇ ਉਸ ਨੇ ਸੱਚ ਬਾਰੇ ਗਵਾਹੀ ਦਿੱਤੀ। 34ਪਰ ਮੈਂ ਇੱਕ ਆਦਮੀ ਦੀ ਗਵਾਹੀ ਤੇ ਨਿਰਭਰ ਨਹੀਂ ਕਰਦਾ। ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਦੱਸਦਾ ਹਾਂ ਤਾਂ ਕਿ ਤੁਸੀਂ ਬਚਾਏ ਜਾ ਸਕੋ। 35ਯੂਹੰਨਾ ਇੱਕ ਦੀਵੇ ਵਾਂਗੂੰ ਜਗਦਾ ਸੀ ਅਤੇ ਉਸ ਨੇ ਚਾਨਣ ਦਿੱਤਾ ਅਤੇ ਤੁਸੀਂ ਕੁਝ ਸਮੇਂ ਲਈ ਉਸ ਚਾਨਣ ਦਾ ਅਨੰਦ ਲਿਆ। 36ਪਰ ਜੋ ਗਵਾਹੀ ਮੈਂ ਆਪਣੇ ਬਾਰੇ ਦਿੰਦਾ ਹਾਂ ਉਹ ਯੂਹੰਨਾ ਦੀ ਗਵਾਹੀ ਨਾਲੋਂ ਵੱਡੀ ਹੈ। ਜੋ ਕੰਮ ਪਿਤਾ ਨੇ ਮੈਨੂੰ ਕਰਨ ਲਈ ਦਿੱਤਾ ਹੈ, ਉਹ ਮੇਰੇ ਬਾਰੇ ਗਵਾਹੀ ਦਿੰਦਾ ਹੈ ਕਿ ਪਿਤਾ ਨੇ ਮੈਨੂੰ ਭੇਜਿਆ ਹੈ। 37ਅਤੇ ਉਹ ਪਿਤਾ ਜਿਸ ਨੇ ਮੈਨੂੰ ਭੇਜਿਆ ਉਸ ਨੇ ਮੇਰੇ ਬਾਰੇ ਗਵਾਹੀ ਦਿੱਤੀ। ਪਰ ਤੁਸੀਂ ਕਦੇ ਉਸ ਦੀ ਅਵਾਜ਼ ਨਹੀਂ ਸੁਣੀ। ਅਤੇ ਤੁਸੀਂ ਕਦੇ ਉਸਦਾ ਰੂਪ ਨਹੀਂ ਵੇਖਿਆ। 38ਉਸ ਪਿਤਾ ਦੇ ਬਚਨ ਵੀ ਤੁਹਾਡੇ ਅੰਦਰ ਨਹੀਂ ਹਨ ਕਿਉਂਕਿ, ਤੁਸੀਂ ਉਸ ਤੇ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਪਿਤਾ ਨੇ ਭੇਜਿਆ ਹੈ। 39ਤੁਸੀਂ ਇਹ ਸੋਚ ਕੇ ਪਵਿੱਤਰ ਗ੍ਰੰਥਾਂ ਨੂੰ ਧਿਆਨ ਨਾਲ ਪੜ੍ਹਦੇ ਹੋ ਕਿ ਤੁਸੀਂ ਉਨ੍ਹਾਂ ਰਾਹੀਂ ਸਦੀਪਕ ਜੀਵਨ ਪ੍ਰਾਪਤ ਕਰੋਂਗੇ। ਉਹੀ ਪੁਸਤਕਾਂ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ! 40ਹਾਲੇ ਵੀ ਤੁਸੀਂ ਉਸ ਸਦੀਪਕ ਜੀਵਨ ਨੂੰ ਪ੍ਰਾਪਤ ਕਰਨ ਲਈ ਮੇਰੇ ਕੋਲ ਆਉਣ ਤੋਂ ਇੰਨਕਾਰ ਕਰਦੇ ਹੋ। 41ਮੈਨੂੰ ਲੋਕਾਂ ਤੋਂ ਵਡਿਆਈ ਕਰਾਉਣ ਦੀ ਲੋੜ ਨਹੀਂ। 42ਪਰ ਮੈਂ ਤੁਹਾਨੂੰ ਜਾਣਦਾ ਹਾਂ ਕਿ ਤੁਹਾਡੇ ਅੰਦਰ ਪਰਮੇਸ਼ੁਰ ਦਾ ਪਿਆਰ ਹੈ ਨਹੀਂ। 43ਮੈਂ ਆਪਣੇ ਪਿਤਾ ਦੇ ਨਾਮ ਤੋਂ ਆਇਆ ਹਾਂ। ਪਰ ਹਾਲੇ ਵੀ ਤੁਸੀਂ ਮੈਨੂੰ ਨਹੀਂ ਕਬੂਲ ਕਰਦੇ। ਜੇਕਰ ਦੂਸਰਾ ਵਿਅਕਤੀ ਆਪਣੇ ਖੁਦ ਦੇ ਨਾਮ ਵਿੱਚ ਆਉਂਦਾ ਹੈ, ਤੁਸੀਂ ਉਸ ਨੂੰ ਕਬੂਲ ਕਰ ਲਓਗੇ। 44ਤੁਸੀਂ ਇੱਕ ਦੂਜੇ ਤੋਂ ਵਡਿਆਈ ਚਾਹੁੰਦੇ ਹੋ, ਪਰ ਤੁਸੀਂ ਉਸ ਉਸਤਤ ਦੀ ਚਾਹਨਾ ਨਹੀਂ ਰੱਖਦੇ ਜਿਹੜੀ ਪਰਮੇਸ਼ੁਰ ਵੱਲੋਂ ਆਉਂਦੀ ਹੈ। ਤਾਂ ਫਿਰ ਤੁਸੀਂ ਕਿਵੇਂ ਮੇਰੇ ਉੱਤੇ ਵਿਸ਼ਵਾਸ ਕਰ ਸਕਦੇ ਹੋ? 45ਇਹ ਨਾ ਸੋਚੋ ਕਿ ਪਿਤਾ ਦੇ ਸਾਹਮਣੇ ਮੈਂ ਤੁਹਾਨੂੰ ਦੋਸ਼ੀ ਠਹਿਰਾਵਾਂਗਾ। ਜੋ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ, ਉਹ ਮੂਸਾ ਹੈ ਅਤੇ ਤੁਸੀਂ ਆਪਣੀ ਆਸ ਉਸ ਤੇ ਰੱਖੀ ਹੋਈ ਹੈ। 46ਜੇਕਰ ਤੁਸੀਂ ਮੂਸਾ ਤੇ ਵਿਸ਼ਵਾਸ ਕੀਤਾ ਹੁੰਦਾ ਤਾਂ ਤੁਸੀਂ ਮੇਰੇ ਤੇ ਵੀ ਵਿਸ਼ਵਾਸ ਕੀਤਾ ਹੁੰਦਾ ਕਿਉਂਕਿ ਉਸ ਨੇ ਮੇਰੇ ਬਾਰੇ ਲਿਖਿਆ ਸੀ। 47ਕਿਉਂਕਿ ਤੁਸੀਂ ਉਸ ਦੀ ਲਿਖਤਾਂ ਤੇ ਵਿਸ਼ਵਾਸ ਨਹੀਂ ਕਰਦੇ ਫੇਰ ਤੁਸੀਂ ਮੇਰੇ ਸ਼ਬਦਾਂ ਤੇ ਕਿਵੇਂ ਵਿਸ਼ਵਾਸ ਕਰੋਂਗੇ।”

ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ