Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਮਾਰਚ 2027 › ਮਾਰਚ 10

ਆਰਥੋਡਾਕਸ ਕੈਲੰਡਰ · 25 ਫ਼ਰਵਰੀ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 10 ਮਾਰਚ 2027

ਬੁੱਧਵਾਰ · ਪਨੀਰ ਦਾ ਹਫ਼ਤਾ · ਸੁਰ 7

ਤਿਉਹਾਰ ਅਤੇ ਸੰਤ

ਪਨੀਰ ਦੇ ਹਫ਼ਤੇ ਦਾ ਬੁੱਧਵਾਰ

ਪਨੀਰ ਦਾ ਹਫ਼ਤਾ

ਮਾਸ ਨਹੀਂ; ਦੁੱਧ ਦੀਆਂ ਚੀਜ਼ਾਂ, ਆਂਡੇ ਅਤੇ ਮੱਛੀ ਦੀ ਇਜਾਜ਼ਤ

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਛੇਵਾਂ ਘੰਟਾ

ਯੋਏ 2:12–26

12ਪਰ ਹੁਣ ਵੀ, ਯਹੋਵਾਹ ਦਾ ਵਾਕ ਹੈ, ਵਰਤ ਰੱਖ ਕੇ ਰੋਂਦੇ ਹੋਏ ਅਤੇ ਛਾਤੀ ਪਿੱਟਦੇ ਹੋਏ ਆਪਣੇ ਸਾਰੇ ਦਿਲ ਨਾਲ ਮੇਰੇ ਵੱਲ ਮੁੜੋ। 13ਆਪਣੇ ਬਸਤਰ ਨਹੀਂ ਸਗੋਂ ਆਪਣੇ ਦਿਲਾਂ ਨੂੰ ਪਾੜ ਕੇ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋ, ਉਹ ਤਾਂ ਦਿਆਲੂ ਅਤੇ ਕਿਰਪਾਲੂ ਹੈ, ਕ੍ਰੋਧ ਵਿੱਚ ਧੀਰਜੀ, ਭਲਿਆਈ ਨਾਲ ਭਰਪੂਰ ਅਤੇ ਦੁੱਖ ਦੇਣ ਤੋਂ ਪਛਤਾਉਂਦਾ ਹੈ। 14ਕੀ ਜਾਣੀਏ ਭਈ ਉਹ ਮੁੜੇ ਅਤੇ ਪਛਤਾਵੇ ਅਤੇ ਆਪਣੇ ਪਿੱਛੇ ਬਰਕਤ ਛੱਡ ਜਾਵੇ, ਤਾਂ ਜੋ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਤੁਹਾਡੇ ਪਰਮੇਸ਼ੁਰ ਯਹੋਵਾਹ ਲਈ ਹੋਣ? 15ਸੀਯੋਨ ਵਿੱਚ ਤੁਰ੍ਹੀ ਫੂਕੋ! ਪਵਿੱਤਰ ਵਰਤ ਰੱਖੋ, ਮਹਾਂ-ਸਭਾ ਬੁਲਾਓ! 16ਲੋਕਾਂ ਨੂੰ ਇਕੱਠਾ ਕਰੋ, ਸਭਾ ਨੂੰ ਪਵਿੱਤਰ ਕਰੋ, ਬਜ਼ੁਰਗਾਂ ਨੂੰ ਸੱਦੋ, ਨਿਆਣਿਆਂ ਨੂੰ, ਸਗੋਂ ਦੁੱਧ ਚੁੰਘਦਿਆਂ ਬੱਚਿਆਂ ਨੂੰ ਇਕੱਠੇ ਕਰੋ, ਲਾੜਾ ਆਪਣੀ ਕੋਠੜੀ ਵਿੱਚੋਂ, ਲਾੜੀ ਆਪਣੇ ਕਮਰੇ ਵਿੱਚੋਂ ਬਾਹਰ ਨਿੱਕਲ ਆਵੇ! 17ਡਿਉੜ੍ਹੀ ਅਤੇ ਜਗਵੇਦੀ ਦੇ ਵਿਚਕਾਰ ਜਾਜਕ, ਯਹੋਵਾਹ ਦੇ ਸੇਵਕ ਰੋਣ ਅਤੇ ਆਖਣ, ਹੇ ਯਹੋਵਾਹ, ਆਪਣੀ ਪਰਜਾ ਨੂੰ ਬਚਾ, ਆਪਣੇ ਨਿੱਜ-ਭਾਗ ਦੀ ਨਿੰਦਿਆ ਨਾ ਹੋਣ ਦੇ ਕਿ ਕੌਮਾਂ ਉਹਨਾਂ ਦੇ ਉੱਤੇ ਰਾਜ ਕਰਨ। ਦੇਸ਼-ਦੇਸ਼ ਦੇ ਲੋਕ ਇਹ ਕਿਉਂ ਆਖਣ, ਉਹਨਾਂ ਦਾ ਪਰਮੇਸ਼ੁਰ ਕਿੱਥੇ ਹੈ? 18ਤਦ ਯਹੋਵਾਹ ਆਪਣੇ ਦੇਸ਼ ਲਈ ਅਣਖੀ ਹੋਇਆ ਅਤੇ ਆਪਣੀ ਪਰਜਾ ਉੱਤੇ ਤਰਸ ਖਾਧਾ। 19ਯਹੋਵਾਹ ਨੇ ਉੱਤਰ ਦੇ ਕੇ ਆਪਣੀ ਪਰਜਾ ਨੂੰ ਆਖਿਆ, ਵੇਖੋ, ਮੈਂ ਤੁਹਾਡੇ ਲਈ ਅੰਨ, ਨਵੀਂ ਮਧ ਅਤੇ ਤੇਲ ਭੇਜਾਂਗਾ ਅਤੇ ਤੁਸੀਂ ਉਸ ਤੋਂ ਰੱਜੋਗੇ, ਮੈਂ ਕੌਮਾਂ ਵਿੱਚ ਤੁਹਾਨੂੰ ਫੇਰ ਨਿੰਦਿਆ ਦਾ ਕਾਰਨ ਨਹੀਂ ਬਣਾਵਾਂਗਾ। 20ਮੈਂ ਉੱਤਰ ਤੋਂ ਆਈ ਹੋਈ ਫ਼ੌਜ ਨੂੰ ਤੁਹਾਡੇ ਤੋਂ ਦੂਰ ਧੱਕ ਦਿਆਂਗਾ, ਅਤੇ ਉਹ ਨੂੰ ਇੱਕ ਸੁੱਕੇ ਅਤੇ ਵਿਰਾਨ ਦੇਸ਼ ਵਿੱਚ ਭਜਾ ਦਿਆਂਗਾ, ਉਹ ਦਾ ਅਗਲਾ ਹਿੱਸਾ ਪੂਰਬ ਵਿੱਚ ਸਮੁੰਦਰ ਵੱਲ ਅਤੇ ਉਹ ਦਾ ਪਿੱਛਲਾ ਹਿੱਸਾ ਪੱਛਮ ਵੱਲ ਸਮੁੰਦਰ ਵਿੱਚ ਹੋਵੇਗਾ। ਉਹ ਦੇ ਵਿੱਚੋਂ ਬਦਬੂ ਉੱਠੇਗੀ ਅਤੇ ਸੜਿਆਂਧ ਆਵੇਗੀ, ਕਿਉਂ ਜੋ ਉਸ ਨੇ ਬਹੁਤ ਭੈੜਾ ਕੰਮ ਕੀਤਾ ਹੈ। 21ਹੇ ਦੇਸ਼, ਨਾ ਡਰ! ਖੁਸ਼ੀ ਮਨਾ ਤੇ ਅਨੰਦ ਹੋ, ਕਿਉਂ ਜੋ ਯਹੋਵਾਹ ਨੇ ਵੱਡੇ-ਵੱਡੇ ਕੰਮ ਕੀਤੇ! 22ਹੇ ਮੈਦਾਨ ਦੇ ਪਸ਼ੂਓ, ਨਾ ਡਰੋ! ਕਿਉਂ ਜੋ ਉਜਾੜ ਦੀਆਂ ਚਾਰਗਾਹਾਂ ਹਰੀਆਂ ਹੋ ਗਈਆਂ ਹਨ, ਰੁੱਖ ਆਪਣੇ ਫਲ ਦਿੰਦੇ ਹਨ, ਹੰਜ਼ੀਰ ਅਤੇ ਅੰਗੂਰੀ ਵੇਲਾਂ ਆਪਣਾ ਪੂਰਾ ਬਲ ਵਿਖਾਉਂਦੀਆਂ ਹਨ। 23ਹੇ ਸੀਯੋਨ ਦੇ ਲੋਕੋ, ਯਹੋਵਾਹ ਆਪਣੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਓ ਅਤੇ ਅਨੰਦ ਹੋਵੋ! ਕਿਉਂ ਜੋ ਉਹ ਨੇ ਤੁਹਾਡੇ ਸੁੱਖ ਲਈ ਪਹਿਲੀ ਵਰਖਾ ਦਿੱਤੀ ਹੈ, ਉਹ ਨੇ ਤੁਹਾਡੇ ਲਈ ਪਹਿਲੀ ਅਤੇ ਪਿੱਛਲੀ ਵਰਖਾ ਵਰ੍ਹਾਈ ਹੈ, ਜਿਵੇਂ ਪਹਿਲਾਂ ਹੁੰਦਾ ਸੀ। 24ਪਿੜ ਅੰਨ ਨਾਲ ਭਰ ਜਾਣਗੇ ਅਤੇ ਹੌਦਾਂ ਮਧ ਅਤੇ ਤੇਲ ਨਾਲ ਉੱਛਲਣਗੀਆਂ। 25ਜਿੰਨੇ ਸਾਲਾਂ ਦੀ ਫ਼ਸਲ ਨੂੰ ਛੋਟੀ ਟਿੱਡੀਆਂ, ਵੱਡੀ ਟਿੱਡੀਆਂ, ਹੂੰਝਾ ਫੇਰ ਅਤੇ ਟਪੂਸੀ ਮਾਰ ਟਿੱਡੀਆਂ ਨੇ ਅਰਥਾਤ ਮੇਰੀ ਵੱਡੀ ਫੌਜ ਨੇ ਜਿਹੜੀ ਮੈਂ ਤੁਹਾਡੇ ਉੱਤੇ ਘੱਲੀ ਸੀ, ਖਾ ਲਿਆ ਸੀ, ਉਹ ਮੈਂ ਤੁਹਾਨੂੰ ਮੋੜ ਦਿਆਂਗਾ। 26ਤੁਸੀਂ ਢਿੱਡ ਭਰ ਕੇ ਖਾਓਗੇ ਅਤੇ ਰੱਜ ਜਾਓਗੇ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੀ ਉਸਤਤ ਕਰੋਗੇ, ਜਿਸ ਨੇ ਤੁਹਾਡੇ ਲਈ ਅਚਰਜ਼ ਕੰਮ ਕੀਤੇ ਹਨ, ਮੇਰੀ ਪਰਜਾ ਫੇਰ ਕਦੇ ਲੱਜਿਆਵਾਨ ਨਾ ਹੋਵੇਗੀ।

ਸ਼ਾਮ ਦੀ ਪ੍ਰਾਰਥਨਾ: ਪਾਠ

ਯੋਏ 3:12–21

12ਕੌਮਾਂ ਆਪਣੇ ਆਪ ਨੂੰ ਉਕਸਾਉਣ ਅਤੇ ਯਹੋਸ਼ਾਫ਼ਾਤ ਦੀ ਘਾਟੀ ਵਿੱਚ ਜਾਣ, ਕਿਉਂ ਜੋ ਮੈਂ ਉੱਥੇ ਬੈਠ ਕੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਨਿਆਂ ਕਰਾਂਗਾ। 13ਦਾਤੀ ਚਲਾਓ ਕਿਉਂ ਜੋ ਫ਼ਸਲ ਪੱਕ ਗਈ ਹੈ। ਆਓ, ਦਾਖਾਂ ਨੂੰ ਮਿੱਧੋ ਕਿਉਂਕਿ ਹੌਦ ਭਰ ਗਈ ਹੈ, ਮਟਕੇ ਭਰ-ਭਰ ਉੱਛਲਦੇ ਹਨ, ਕਿਉਂ ਜੋ ਉਹਨਾਂ ਦੀ ਬੁਰਿਆਈ ਬਹੁਤ ਵੱਡੀ ਹੈ। 14ਨਬੇੜੇ ਦੀ ਘਾਟੀ ਵਿੱਚ ਭੀੜਾਂ ਦੀਆਂ ਭੀੜਾਂ! ਕਿਉਂ ਜੋ ਨਬੇੜੇ ਦੀ ਘਾਟੀ ਵਿੱਚ ਯਹੋਵਾਹ ਦਾ ਦਿਨ ਨੇੜੇ ਹੈ! 15ਸੂਰਜ ਅਤੇ ਚੰਦ ਕਾਲੇ ਹੋ ਗਏ ਹਨ, ਤਾਰੇ ਆਪਣੀ ਚਮਕ ਨਹੀਂ ਦਿੰਦੇ! 16ਯਹੋਵਾਹ ਸੀਯੋਨ ਤੋਂ ਗੱਜੇਗਾ ਅਤੇ ਯਰੂਸ਼ਲਮ ਤੋਂ ਆਪਣੀ ਵੱਡੀ ਅਵਾਜ਼ ਸੁਣਾਵੇਗਾ, ਅਕਾਸ਼ ਅਤੇ ਧਰਤੀ ਕੰਬਣਗੇ ਪਰ ਯਹੋਵਾਹ ਆਪਣੀ ਪਰਜਾ ਲਈ ਪਨਾਹ ਅਤੇ ਇਸਰਾਏਲੀਆਂ ਲਈ ਗੜ੍ਹ ਹੋਵੇਗਾ। 17ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜੋ ਆਪਣੇ ਪਵਿੱਤਰ ਪਰਬਤ ਸੀਯੋਨ ਵਿੱਚ ਵੱਸਦਾ ਹਾਂ, ਯਰੂਸ਼ਲਮ ਪਵਿੱਤਰ ਹੋਵੇਗਾ, ਅਤੇ ਓਪਰੇ ਉਸ ਦੇ ਵਿੱਚੋਂ ਫੇਰ ਕਦੇ ਨਾ ਲੰਘਣਗੇ। 18ਉਸ ਦਿਨ ਅਜਿਹਾ ਹੋਵੇਗਾ ਕਿ ਪਰਬਤਾਂ ਤੋਂ ਮਿੱਠੀ ਮਧ ਚੋਵੇਗੀ ਅਤੇ ਟਿੱਲਿਆਂ ਤੋਂ ਦੁੱਧ ਵਗੇਗਾ, ਯਹੂਦਾਹ ਦੀਆਂ ਸਾਰੀਆਂ ਨਦੀਆਂ ਵਿੱਚ ਪਾਣੀ ਵਗੇਗਾ, ਯਹੋਵਾਹ ਦੇ ਭਵਨ ਤੋਂ ਇੱਕ ਚਸ਼ਮਾ ਨਿੱਕਲੇਗਾ ਅਤੇ ਸ਼ਿੱਟੀਮ ਦੀ ਵਾਦੀ ਨੂੰ ਸਿੰਜੇਗਾ। 19ਯਹੂਦਾਹ ਦੇ ਵੰਸ਼ ਉੱਤੇ ਜ਼ੁਲਮ ਕਰਨ ਦੇ ਕਾਰਨ, ਮਿਸਰ ਵਿਰਾਨ ਹੋ ਜਾਵੇਗਾ ਅਤੇ ਅਦੋਮ ਇੱਕ ਸੁੰਨਸਾਨ ਉਜਾੜ ਹੋ ਜਾਵੇਗਾ, ਕਿਉਂ ਜੋ ਉਹਨਾਂ ਨੇ ਉਹਨਾਂ ਦੇ ਦੇਸ਼ ਵਿੱਚ ਨਿਰਦੋਸ਼ ਲਹੂ ਵਹਾਇਆ। 20ਪਰ ਯਹੂਦਾਹ ਸਦਾ ਲਈ ਅਤੇ ਯਰੂਸ਼ਲਮ ਪੀੜ੍ਹੀਓਂ ਪੀੜ੍ਹੀ ਵੱਸਿਆ ਰਹੇਗਾ। 21ਮੈਂ ਉਹਨਾਂ ਨੂੰ ਖ਼ੂਨ ਦੇ ਦੋਸ਼ ਤੋਂ ਨਿਰਦੋਸ਼ ਠਹਿਰਾਵਾਂਗਾ, ਜਿਹੜਾ ਮੈਂ ਹੁਣ ਤੱਕ ਨਿਰਦੋਸ਼ ਨਹੀਂ ਠਹਿਰਾਇਆ ਸੀ, ਕਿਉਂ ਜੋ ਯਹੋਵਾਹ ਸੀਯੋਨ ਵਿੱਚ ਵੱਸਦਾ ਹੈ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਫ਼ਰਵਰੀ 25 ਸਿਵਲ ਕੈਲੰਡਰ ਦਾ ਮਾਰਚ 10 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ