Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਮਾਰਚ 2027 › ਮਾਰਚ 1

ਕੈਥੋਲਿਕ ਕੈਲੰਡਰ

ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 1 ਮਾਰਚ 2027

ਸੋਮਵਾਰ · ਚਾਲੀਸੇ ਦਾ ਤੀਜਾ ਹਫ਼ਤਾ

ਤਿਉਹਾਰ ਅਤੇ ਸੰਤ

ਚਾਲੀਸੇ ਦੇ ਤੀਜੇ ਹਫ਼ਤੇ ਦਾ ਸੋਮਵਾਰ

ਆਮ ਦਿਨ · ਉਪਾਸਨਾ ਦਾ ਰੰਗ: ਬੈਂਗਣੀ

ਦਿਨ ਦੇ ਪਾਠ

ਪਹਿਲਾ ਪਾਠ

2 ਰਾਜਾ 5:1–15

1ਅਰਾਮ ਦੇ ਰਾਜਾ ਦਾ ਸੈਨਾਪਤੀ ਨਅਮਾਨ ਆਪਣੇ ਸੁਆਮੀ ਦੇ ਅੱਗੇ ਵੱਡਾ ਆਦਮੀ ਸੀ ਅਤੇ ਉਹ ਦਾ ਆਦਰ ਮਾਣ ਹੁੰਦਾ ਸੀ, ਕਿਉਂ ਜੋ ਉਹ ਦੇ ਦੁਆਰਾ ਯਹੋਵਾਹ ਨੇ ਅਰਾਮ ਨੂੰ ਫ਼ਤਹ ਦਿੱਤੀ ਸੀ। ਉਹ ਮਨੁੱਖ ਯੋਧਾ ਸੂਰਮਾ ਸੀ ਪਰ ਕੋੜ੍ਹੀ ਸੀ। 2ਅਰਾਮੀ ਜੱਥੇ ਬੰਨ੍ਹ ਕੇ ਨਿੱਕਲੇ ਤੇ ਇਸਰਾਏਲ ਦੇ ਦੇਸ ਵਿੱਚੋਂ ਇੱਕ ਛੋਟੀ ਕੁੜੀ ਨੂੰ ਗ਼ੁਲਾਮ ਬਣਾ ਕੇ ਨਾਲ ਲੈ ਆਏ ਸਨ, ਜੋ ਨਅਮਾਨ ਦੀ ਇਸਤਰੀ ਦੀ ਦਾਸੀ ਬਣ ਗਈ ਸੀ। 3ਉਸ ਨੇ ਆਪਣੀ ਮਾਲਕਣ ਨੂੰ ਆਖਿਆ, “ਜੇਕਰ ਮੇਰਾ ਸੁਆਮੀ ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ ਹੈ, ਤਾਂ ਉਹ ਉਸ ਨੂੰ ਉਸ ਦੇ ਕੋੜ੍ਹ ਤੋਂ ਚੰਗਾ ਕਰ ਦਿੰਦਾ।” 4ਕਿਸੇ ਨੇ ਅੰਦਰ ਜਾ ਕੇ ਆਪਣੇ ਸੁਆਮੀ ਨੂੰ ਦੱਸਿਆ ਕਿ ਉਸ ਕੁੜੀ ਨੇ ਜੋ ਇਸਰਾਏਲ ਦੇ ਦੇਸ ਦੀ ਹੈ, ਇਸ ਤਰ੍ਹਾਂ ਆਖਿਆ ਹੈ। 5ਤਦ ਨਅਮਾਨ ਅਰਾਮ ਦੇ ਰਾਜਾ ਕੋਲ ਗਿਆ ਅਤੇ ਰਾਜਾ ਨੇ ਆਖਿਆ, “ਚਲਾ ਜਾ। ਮੈਂ ਇਸਰਾਏਲ ਦੇ ਰਾਜਾ ਨੂੰ ਇੱਕ ਚਿੱਠੀ ਭੇਜਾਂਗਾ।” ਸੋ ਉਹ ਤੁਰ ਪਿਆ ਤੇ ਦਸ ਤੋੜੇ ਚਾਂਦੀ, ਛੇ ਹਜ਼ਾਰ ਮਿਸਕਾਲ ਸੋਨਾ ਅਤੇ ਦਸ ਜੋੜੇ ਕੱਪੜੇ ਆਪਣੇ ਨਾਲ ਲੈ ਲਏ। 6ਉਹ ਇਸਰਾਏਲ ਦੇ ਰਾਜਾ ਦੇ ਕੋਲ ਚਿੱਠੀ ਲਿਆਇਆ ਜਿਸ ਦੇ ਵਿੱਚ ਇਹ ਲਿਖਿਆ ਸੀ ਕਿ ਹੁਣ ਜਦੋਂ ਇਹ ਚਿੱਠੀ ਤੇਰੇ ਕੋਲ ਪਹੁੰਚੇ, ਤਾਂ ਵੇਖ ਮੈਂ ਆਪਣੇ ਬੰਦੇ ਨਅਮਾਨ ਨੂੰ ਤੇਰੇ ਕੋਲ ਭੇਜਿਆ ਹੈ ਕਿ ਤੂੰ ਉਹ ਨੂੰ ਉਹ ਦੇ ਕੋੜ੍ਹ ਤੋਂ ਚੰਗਿਆ ਕਰ ਦੇਵੇਂ। 7ਜਦੋਂ ਇਸਰਾਏਲ ਦੇ ਰਾਜਾ ਨੇ ਉਹ ਚਿੱਠੀ ਪੜ੍ਹੀ ਤਾਂ ਉਸ ਨੇ ਆਪਣੇ ਕੱਪੜੇ ਪਾੜ ਕੇ ਆਖਿਆ, “ਕੀ ਮੈਂ ਪਰਮੇਸ਼ੁਰ ਹਾਂ ਜੋ ਮਾਰਾਂ ਜਾਂ ਜਿਉਂਦਾ ਕਰਾਂ, ਜੋ ਇਹ ਪੁਰਸ਼ ਇੱਕ ਆਦਮੀ ਨੂੰ ਮੇਰੇ ਕੋਲ ਭੇਜਦਾ ਹੈ ਕਿ ਮੈਂ ਉਹ ਨੂੰ ਕੋੜ੍ਹ ਤੋਂ ਚੰਗਾ ਕਰਾਂ? ਇਸ ਤਰ੍ਹਾਂ ਲੱਗਦਾ ਹੈ ਕਿ ਉਹ ਮੇਰੇ ਨਾਲ ਬਹਿਸ ਸ਼ੁਰੂ ਕਰਨਾ ਚਾਹੁੰਦਾ ਹੈ।” 8ਜਦੋਂ ਪਰਮੇਸ਼ੁਰ ਦੇ ਜਨ ਅਲੀਸ਼ਾ ਨੇ ਸੁਣਿਆ ਕਿ ਇਸਰਾਏਲ ਦੇ ਰਾਜਾ ਨੇ ਆਪਣੇ ਕੱਪੜੇ ਪਾੜੇ ਤਾਂ ਉਸ ਨੇ ਰਾਜਾ ਨੂੰ ਇਹ ਕਹਿ ਭੇਜਿਆ ਕਿ ਤੂੰ ਆਪਣੇ ਕੱਪੜੇ ਕਿਉਂ ਪਾੜੇ ਹਨ? ਉਹ ਨੂੰ ਮੇਰੇ ਕੋਲ ਆਉਣ ਦੇ ਤਾਂ ਜੋ ਉਹ ਨੂੰ ਪਤਾ ਲੱਗੇ ਕਿ ਇਸਰਾਏਲ ਵਿੱਚ ਇੱਕ ਨਬੀ ਹੈ। 9ਸੋ ਨਅਮਾਨ ਆਪਣੇ ਘੋੜਿਆਂ ਤੇ ਆਪਣੇ ਰੱਥਾਂ ਸਮੇਤ ਆਇਆ ਅਤੇ ਅਲੀਸ਼ਾ ਦੇ ਘਰ ਦੇ ਦਰਵਾਜ਼ੇ ਕੋਲ ਆ ਗਿਆ। 10ਅਲੀਸ਼ਾ ਨੇ ਇੱਕ ਸੰਦੇਸ਼ਵਾਹਕ ਨੂੰ ਇਹ ਆਖ ਕੇ ਉਹ ਦੇ ਕੋਲ ਭੇਜਿਆ ਕਿ ਜਾ ਤੇ ਯਰਦਨ ਵਿੱਚ ਸੱਤ ਚੁੱਭੀਆਂ ਮਾਰ, ਤਾਂ ਤੇਰਾ ਕੋੜ੍ਹ ਜਾਂਦਾ ਰਹੇਗਾ ਅਤੇ ਤੂੰ ਸ਼ੁੱਧ ਹੋ ਜਾਵੇਂਗਾ। 11ਪਰ ਨਅਮਾਨ ਕ੍ਰੋਧੀ ਹੋ ਕੇ ਚੱਲਿਆ ਗਿਆ ਅਤੇ ਕਹਿਣ ਲੱਗਾ, “ਵੇਖੋ, ਮੈਂ ਤਾਂ ਸੋਚਦਾ ਸੀ ਕਿ ਜ਼ਰੂਰ ਉਹ ਬਾਹਰ ਆ ਕੇ ਮੇਰੇ ਕੋਲ ਆਵੇਗਾ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਉਸ ਕੋੜ੍ਹ ਵਾਲੇ ਥਾਂ ਉੱਤੇ ਆਪਣਾ ਹੱਥ ਫੇਰੇਗਾ ਅਤੇ ਕੋੜ੍ਹ ਨੂੰ ਚੰਗਾ ਕਰੇਗਾ। 12ਕੀ ਦੰਮਿਸ਼ਕ ਦੀਆਂ ਨਦੀਆਂ ਅਬਾਨਾਹ ਤੇ ਫਰਫਰ ਇਸਰਾਏਲ ਦੀਆਂ ਸਾਰੀਆਂ ਨਦੀਆਂ ਤੋਂ ਚੰਗੀਆਂ ਨਹੀਂ ਹਨ? ਕੀ ਮੈਂ ਉਨ੍ਹਾਂ ਵਿੱਚ ਨਹਾ ਕੇ ਸ਼ੁੱਧ ਨਹੀਂ ਹੋ ਸਕਦਾ ਸੀ?” ਸੋ ਉਹ ਮੁੜਿਆ ਤੇ ਗੁੱਸੇ ਨਾਲ ਚੱਲਿਆ ਗਿਆ। 13ਤਦ ਉਹ ਦੇ ਸੇਵਕ ਨੇੜੇ ਆਏ ਤੇ ਉਹ ਨੂੰ ਇਹ ਆਖਿਆ, “ਹੇ ਸਾਡੇ ਪਿਤਾ, ਜੇ ਨਬੀ ਤੁਹਾਨੂੰ ਕੋਈ ਵੱਡਾ ਕੰਮ ਕਰਨ ਦੀ ਆਗਿਆ ਦਿੰਦਾ ਤਾਂ ਕੀ ਤੁਸੀਂ ਨਾ ਕਰਦੇ? ਜਦੋਂ ਉਸ ਨੇ ਤੁਹਾਨੂੰ ਆਖਿਆ ਹੈ ਕਿ ਨਹਾ ਲੈ ਤੇ ਸ਼ੁੱਧ ਹੋ ਜਾ, ਤਾਂ ਕਿੰਨ੍ਹਾਂ ਵਧ ਕੇ ਇਹ ਕਰਨਾ ਚਾਹੀਦਾ ਹੈ?” 14ਤਦ ਪਰਮੇਸ਼ੁਰ ਦੇ ਜਨ ਦੇ ਕਹਿਣ ਅਨੁਸਾਰ ਉਹ ਨੇ ਯਰਦਨ ਵਿੱਚ ਉਤਰ ਕੇ ਸੱਤ ਚੁੱਭੀਆਂ ਮਾਰੀਆਂ ਤੇ ਫੇਰ ਉਹ ਦੀ ਦੇਹ ਛੋਟੇ ਬੱਚੇ ਦੇ ਸਰੀਰ ਵਰਗੀ ਸਾਫ਼ ਹੋ ਗਈ ਅਤੇ ਉਹ ਸ਼ੁੱਧ ਹੋ ਗਿਆ। 15ਤਾਂ ਉਹ ਤੇ ਉਹ ਦੀ ਸਾਰੀ ਟੋਲੀ ਪਰਮੇਸ਼ੁਰ ਦੇ ਜਨ ਕੋਲ ਮੁੜ ਕੇ ਆਏ ਅਤੇ ਉਹ ਉਸ ਦੇ ਅੱਗੇ ਖੜ੍ਹੇ ਹੋ ਕੇ ਬੋਲਿਆ, “ਵੇਖ, ਮੈਂ ਜਾਣਦਾ ਹਾਂ ਕਿ ਇਸਰਾਏਲ ਤੋਂ ਬਿਨ੍ਹਾਂ ਸਾਰੀ ਧਰਤੀ ਉੱਤੇ ਕੋਈ ਪਰਮੇਸ਼ੁਰ ਨਹੀਂ ਹੈ। ਇਸ ਲਈ ਹੁਣ ਆਪਣੇ ਸੇਵਕ ਦੀ ਇੱਕ ਭੇਂਟ ਕਬੂਲ ਕਰ।”

ਜਵਾਬੀ ਭਜਨ

ਜ਼ਬੂ 42:1–2; 43:3–4

1ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਮਸ਼ਕੀਲ। ਜਿਵੇਂ ਹਰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ, ਤਿਵੇਂ ਹੀ ਮੇਰਾ ਜੀਅ, ਹੇ ਪਰਮੇਸ਼ੁਰ ਤੇਰੇ ਲਈ ਤਰਸਦਾ ਹੈ। 2ਮੇਰਾ ਜੀਅ ਪਰਮੇਸ਼ੁਰ ਦੇ ਲਈ, ਜਿਉਂਦੇ ਪਰਮੇਸ਼ੁਰ ਦੇ ਲਈ ਤਿਹਾਇਆ ਹੈ, ਮੈਂ ਕਦੋਂ ਜਾਂਵਾਂ ਅਤੇ ਪਰਮੇਸ਼ੁਰ ਦੇ ਸਨਮੁਖ ਹਾਜ਼ਰ ਹੋਵਾਂ? 43:3ਆਪਣੇ ਚਾਨਣ ਅਤੇ ਆਪਣੀ ਸਚਿਆਈ ਨੂੰ ਭੇਜ ਕਿ ਓਹ ਮੇਰੀ ਅਗਵਾਈ ਕਰਨ, ਅਤੇ ਓਹ ਮੈਨੂੰ ਤੇਰੇ ਪਵਿੱਤਰ ਪਰਬਤ ਅਤੇ ਤੇਰਿਆਂ ਡੇਰਿਆਂ ਕੋਲ ਪਹੁੰਚਾਉਣ। 4ਤਦ ਮੈਂ ਪਰਮੇਸ਼ੁਰ ਦੀ ਜਗਵੇਦੀ ਕੋਲ ਜਾਂਵਾਂਗਾ, ਉਸ ਪਰਮੇਸ਼ੁਰ ਕੋਲ ਜਿਹੜਾ ਮੇਰੀ ਅੱਤ ਵੱਡੀ ਖੁਸ਼ੀ ਹੈਂ, ਅਤੇ ਬਰਬਤ ਵਜਾ ਕੇ ਤੇਰਾ ਧੰਨਵਾਦ ਕਰਾਂਗਾ, ਹੇ ਪਰਮੇਸ਼ੁਰ ਮੇਰੇ ਪਰਮੇਸ਼ੁਰ!

ਇੰਜੀਲ

ਲੂਕਾ 4:24–30

24ਉਸ ਨੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਕੋਈ ਨਬੀ ਆਪਣੇ ਦੇਸ ਵਿੱਚ ਆਦਰ ਨਹੀਂ ਪਾਉਂਦਾ। 25ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਏਲੀਯਾਹ ਦੇ ਦਿਨਾਂ ਵਿੱਚ ਜਦੋਂ ਸਾਢੇ ਤਿੰਨ ਸਾਲਾਂ ਤੱਕ ਮੀਂਹ ਨਾ ਪਿਆ ਅਤੇ ਸਾਰੇ ਦੇਸ ਵਿੱਚ ਵੱਡਾ ਅਕਾਲ ਪਿਆ, ਇਸਰਾਏਲ ਵਿੱਚ ਬਹੁਤ ਸਾਰੀਆਂ ਵਿਧਵਾਵਾਂ ਸਨ। 26ਪਰ ਏਲੀਯਾਹ ਸੈਦਾ ਦੇਸ ਦੇ ਸਾਰਪਥ ਦੀ ਇੱਕ ਵਿਧਵਾ ਤੋਂ ਬਿਨ੍ਹਾਂ ਕਿਸੇ ਹੋਰ ਕੋਲ ਨਹੀਂ ਭੇਜਿਆ ਗਿਆ। 27ਅਤੇ ਅਲੀਸ਼ਾ ਨਬੀ ਦੇ ਸਮੇਂ ਇਸਰਾਏਲ ਵਿੱਚ ਬਹੁਤ ਸਾਰੇ ਕੋੜ੍ਹੀ ਸਨ ਪਰ ਉਨ੍ਹਾਂ ਵਿੱਚੋਂ ਸੀਰੀਯਾ ਦਾ, ਸਿਰਫ਼ ਨਾਮਾਨ ਹੀ ਸ਼ੁੱਧ ਕੀਤਾ ਗਿਆ। 28ਸੋ ਜਿਹੜੇ ਪ੍ਰਾਰਥਨਾ ਘਰ ਵਿੱਚ ਸਨ, ਇਹ ਗੱਲਾਂ ਸੁਣਦੇ ਹੀ ਕ੍ਰੋਧ ਨਾਲ ਭਰ ਗਏ। 29ਅਤੇ ਉਹਨਾਂ ਨੇ ਉੱਠ ਕੇ ਉਸ ਨੂੰ ਸ਼ਹਿਰੋਂ ਬਾਹਰ ਕੱਢਿਆ ਅਤੇ ਉਸ ਪਹਾੜ ਦੀ ਚੋਟੀ, ਜਿਸ ਉੱਤੇ ਉਨ੍ਹਾਂ ਦਾ ਸ਼ਹਿਰ ਬਣਿਆ ਹੋਇਆ ਸੀ ਲੈ ਗਏ ਤਾਂ ਜੋ ਉਸ ਨੂੰ ਸਿਰ ਪਰਨੇ ਸੁੱਟ ਦੇਣ। 30ਪਰ ਉਹ ਉਨ੍ਹਾਂ ਦੇ ਵਿੱਚੋਂ ਦੀ ਲੰਘ ਕੇ ਆਪਣੇ ਰਸਤੇ ਚੱਲਿਆ ਗਿਆ।

ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ