Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਦਸੰਬਰ 2026 › ਦਸੰਬਰ 19

ਕੈਥੋਲਿਕ ਕੈਲੰਡਰ

ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 19 ਦਸੰਬਰ 2026

ਸ਼ਨੀਵਾਰ · ਆਗਮਨ ਸਮੇਂ ਦਾ ਤੀਜਾ ਹਫ਼ਤਾ

ਤਿਉਹਾਰ ਅਤੇ ਸੰਤ

19 ਦਸੰਬਰ

ਆਮ ਦਿਨ · ਉਪਾਸਨਾ ਦਾ ਰੰਗ: ਬੈਂਗਣੀ

ਦਿਨ ਦੇ ਪਾਠ

ਪਹਿਲਾ ਪਾਠ

ਨਿਆਂਈ 13:2–7, 24–25

2ਦਾਨ ਦੇ ਟੱਬਰ ਵਿੱਚ ਮਾਨੋਆਹ ਨਾਮਕ ਇੱਕ ਮਨੁੱਖ ਸੀ, ਜੋ ਸਾਰਾਹ ਦਾ ਰਹਿਣ ਵਾਲਾ ਸੀ। ਉਸ ਦੀ ਪਤਨੀ ਬਾਂਝ ਸੀ ਅਤੇ ਉਸ ਦਾ ਕੋਈ ਬੱਚਾ ਨਹੀਂ ਸੀ। 3ਯਹੋਵਾਹ ਦੇ ਦੂਤ ਨੇ ਉਸ ਇਸਤਰੀ ਨੂੰ ਦਰਸ਼ਣ ਦੇ ਕੇ ਕਿਹਾ, “ਵੇਖ, ਬਾਂਝ ਹੋਣ ਦੇ ਕਾਰਨ ਤੇਰਾ ਕੋਈ ਬੱਚਾ ਨਹੀਂ ਹੈ ਪਰ ਹੁਣ ਤੂੰ ਗਰਭਵਤੀ ਹੋਵੇਂਗੀ ਅਤੇ ਪੁੱਤਰ ਨੂੰ ਜਨਮ ਦੇਵੇਂਗੀ। 4ਇਸ ਲਈ ਹੁਣ ਤੂੰ ਧਿਆਨ ਰੱਖੀਂ ਅਤੇ ਦਾਖ਼ਰਸ ਜਾਂ ਨਸ਼ੇ ਵਾਲੀ ਕੋਈ ਚੀਜ਼ ਨਾ ਪੀਵੀਂ ਅਤੇ ਨਾ ਹੀ ਕੋਈ ਅਸ਼ੁੱਧ ਵਸਤੂ ਖਾਵੀਂ। 5ਕਿਉਂਕਿ ਵੇਖ, ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਜਣੇਂਗੀ। ਉਸ ਦੇ ਸਿਰ ਉੱਤੇ ਉਸਤਰਾ ਕਦੇ ਨਾ ਲੱਗੇ ਕਿਉਂ ਜੋ ਉਹ ਮੁੰਡਾ ਗਰਭ ਤੋਂ ਹੀ ਪਰਮੇਸ਼ੁਰ ਦਾ ਨਜ਼ੀਰ ਹੋਵੇਗਾ ਅਤੇ ਉਹ ਫ਼ਲਿਸਤੀਆਂ ਦੇ ਹੱਥਾਂ ਤੋਂ ਇਸਰਾਏਲੀਆਂ ਦਾ ਬਚਾਉ ਕਰਨ ਲੱਗੇਗਾ।” 6ਤਦ ਉਸ ਇਸਤਰੀ ਨੇ ਆਪਣੇ ਪਤੀ ਨੂੰ ਜਾ ਕੇ ਕਿਹਾ, “ਪਰਮੇਸ਼ੁਰ ਦਾ ਇੱਕ ਬੰਦਾ ਮੇਰੇ ਕੋਲ ਆਇਆ ਸੀ। ਉਸ ਦਾ ਰੂਪ ਪਰਮੇਸ਼ੁਰ ਦੇ ਦੂਤ ਦੇ ਰੂਪ ਵਰਗਾ ਬਹੁਤ ਭੈਅ ਯੋਗ ਸੀ ਅਤੇ ਮੈਂ ਉਸ ਨੂੰ ਨਹੀਂ ਪੁੱਛਿਆ ਕਿ ਤੂੰ ਕਿੱਥੋਂ ਦਾ ਹੈਂ ਅਤੇ ਉਸ ਨੇ ਵੀ ਮੈਨੂੰ ਆਪਣਾ ਨਾਮ ਨਹੀਂ ਦੱਸਿਆ। 7ਪਰ ਉਸ ਨੇ ਮੈਨੂੰ ਕਿਹਾ, ‘ਵੇਖ, ਤੂੰ ਗਰਭਵਤੀ ਹੋਵੇਂਗੀ ਅਤੇ ਪੁੱਤਰ ਨੂੰ ਜਨਮ ਦੇਵੇਂਗੀ, ਇਸ ਲਈ ਹੁਣ ਤੂੰ ਦਾਖ਼ਰਸ ਜਾਂ ਨਸ਼ੇ ਵਾਲੀ ਕੋਈ ਚੀਜ਼ ਨਾ ਪੀਵੀਂ ਅਤੇ ਨਾ ਕੋਈ ਅਸ਼ੁੱਧ ਵਸਤੂ ਖਾਵੀਂ ਕਿਉਂ ਜੋ ਉਹ ਮੁੰਡਾ ਗਰਭ ਤੋਂ ਹੀ ਮਰਨ ਦੇ ਦਿਨ ਤੱਕ ਪਰਮੇਸ਼ੁਰ ਦਾ ਨਜ਼ੀਰ ਹੋਵੇਗਾ।’” 24ਫਿਰ ਉਸ ਇਸਤਰੀ ਨੇ ਇੱਕ ਪੁੱਤਰ ਨੂੰ ਜਣਿਆ ਅਤੇ ਉਸ ਦਾ ਨਾਮ ਸਮਸੂਨ ਰੱਖਿਆ, ਅਤੇ ਉਹ ਮੁੰਡਾ ਵੱਧਦਾ ਗਿਆ ਅਤੇ ਯਹੋਵਾਹ ਨੇ ਉਸ ਨੂੰ ਅਸੀਸ ਦਿੱਤੀ। 25ਅਤੇ ਯਹੋਵਾਹ ਦਾ ਆਤਮਾ ਮਹਨੇਹ-ਦਾਨ ਵਿੱਚ ਸਾਰਾਹ ਅਤੇ ਅਸ਼ਤਾਓਲ ਦੇ ਵਿਚਕਾਰ ਉਸ ਨੂੰ ਉਭਾਰਣ ਲੱਗਾ।

ਜਵਾਬੀ ਭਜਨ

ਜ਼ਬੂ 71:3–6, 16–17

3ਤੂੰ ਮੇਰੇ ਨਿਵਾਸ ਦੀ ਚੱਟਾਨ ਬਣ ਜਿੱਥੇ ਮੈਂ ਹਰ ਰੋਜ਼ ਜਾਇਆ ਕਰਾਂ, ਤੂੰ ਮੇਰੇ ਬਚਾਓ ਦੀ ਆਗਿਆ ਦਿੱਤੀ ਹੈ, ਕਿਉਂ ਜੋ ਤੂੰ ਹੀ ਮੇਰੀ ਚੱਟਾਨ ਅਤੇ ਮੇਰਾ ਗੜ੍ਹ ਹੈਂ। 4ਹੇ ਮੇਰੇ ਪਰਮੇਸ਼ੁਰ, ਮੈਨੂੰ ਦੁਸ਼ਟ ਦੇ ਹੱਥੋਂ ਅਤੇ ਕੁਧਰਮੀ ਤੇ ਜ਼ਾਲਿਮ ਦੇ ਪੰਜਿਓਂ ਛੁਡਾ! 5ਹੇ ਪ੍ਰਭੂ ਯਹੋਵਾਹ, ਤੂੰ ਹੀ ਮੇਰੀ ਆਸ ਹੈਂ, ਅਤੇ ਮੇਰੀ ਜਵਾਨੀ ਤੋਂ ਮੇਰਾ ਭਰੋਸਾ ਤੇਰੇ ਉੱਤੇ ਹੈ। 6ਮੈਂ ਜਨਮ ਤੋਂ ਹੀ ਤੇਰੇ ਦੁਆਰਾ ਸੰਭਾਲਿਆ ਗਿਆ ਹਾਂ, ਮੇਰੀ ਮਾਤਾ ਦੀ ਕੁੱਖ ਤੋਂ ਤੂੰ ਹੀ ਮੈਨੂੰ ਕੱਢਿਆ, ਮੈਂ ਸਦਾ ਤੇਰੀ ਉਸਤਤ ਕਰਾਂਗਾ। 16ਮੈਂ ਪ੍ਰਭੂ ਯਹੋਵਾਹ ਦੇ ਬਲ ਵਿੱਚ ਚੱਲਾਂਗਾ, ਮੈਂ ਕੇਵਲ ਤੇਰੇ ਹੀ ਧਰਮ ਦਾ ਜ਼ਿਕਰ ਕਰਾਂਗਾ। 17ਹੇ ਪਰਮੇਸ਼ੁਰ, ਤੂੰ ਮੈਨੂੰ ਜਵਾਨੀ ਤੋਂ ਸਿਖਾਇਆ ਹੈ, ਅਤੇ ਹੁਣ ਤੱਕ ਮੈਂ ਤੇਰੇ ਅਨੋਖੇ ਕੰਮਾਂ ਨੂੰ ਦੱਸਦਾ ਰਿਹਾ।

ਇੰਜੀਲ

ਲੂਕਾ 1:5–25

5ਯਹੂਦਿਯਾ ਦੇ ਰਾਜਾ ਹੇਰੋਦੇਸ ਦੇ ਸਮੇਂ ਅਬੀਯਾਹ ਦੇ ਦਲ ਵਿੱਚੋਂ, ਜ਼ਕਰਯਾਹ ਨਾਮ ਦਾ ਇੱਕ ਜਾਜਕ ਸੀ ਅਤੇ ਉਸ ਦੀ ਪਤਨੀ ਇਲੀਸਬਤ ਹਾਰੂਨ ਦੇ ਘਰਾਣੇ ਦੀ ਸੀ। 6ਉਹ ਦੋਵੇਂ ਪਰਮੇਸ਼ੁਰ ਦੇ ਅੱਗੇ ਧਰਮੀ ਅਤੇ ਉਸ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਤੇ ਨਿਰਦੋਸ਼ ਚੱਲਦੇ ਸਨ। 7ਉਨ੍ਹਾਂ ਦੇ ਔਲਾਦ ਨਹੀਂ ਸੀ ਕਿਉਂਕਿ ਇਲੀਸਬਤ ਬਾਂਝ ਸੀ ਅਤੇ ਦੋਵੇਂ ਬਜ਼ੁਰਗ ਸਨ। 8ਇਸ ਤਰ੍ਹਾਂ ਹੋਇਆ ਕਿ ਜਦ ਉਹ ਪਰਮੇਸ਼ੁਰ ਦੇ ਹਜ਼ੂਰ ਆਪਣੀ ਵਾਰੀ ਸਿਰ ਜਾਜਕ ਦਾ ਕੰਮ ਕਰ ਰਿਹਾ ਸੀ। 9ਤਦ ਜਾਜਕ ਦੀ ਰੀਤ ਦੇ ਅਨੁਸਾਰ ਉਸ ਦੇ ਨਾਮ ਦੀ ਪਰਚੀ ਨਿੱਕਲੀ, ਜੋ ਪ੍ਰਭੂ ਦੀ ਹੈਕਲ ਵਿੱਚ ਜਾ ਕੇ ਧੂਪ ਧੁਖਾਵੇ। 10ਧੂਪ ਧੁਖਾਉਣ ਸਮੇਂ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ। 11ਤਦ ਉਸ ਨੂੰ ਪ੍ਰਭੂ ਦਾ ਇੱਕ ਦੂਤ ਧੂਪ ਦੀ ਵੇਦੀ ਦੇ ਸੱਜੇ ਪਾਸੇ ਖੜ੍ਹਾ ਨਜ਼ਰ ਆਇਆ। 12ਅਤੇ ਜ਼ਕਰਯਾਹ ਇਹ ਵੇਖ ਕੇ ਡਰ ਗਿਆ ਤੇ ਘਬਰਾ ਗਿਆ। 13ਤਦ ਦੂਤ ਨੇ ਆਖਿਆ, ਹੇ ਜ਼ਕਰਯਾਹ ਨਾ ਡਰ ਕਿਉਂ ਜੋ ਤੇਰੀ ਪ੍ਰਾਰਥਨਾ ਸੁਣੀ ਗਈ ਹੈ, ਤੇਰੀ ਪਤਨੀ ਇਲੀਸਬਤ ਤੇਰੇ ਲਈ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯੂਹੰਨਾ ਰੱਖੀਂ। 14ਅਤੇ ਤੈਨੂੰ ਖੁਸ਼ੀ ਅਤੇ ਅਨੰਦ ਹੋਵੇਗਾ ਅਤੇ ਉਸ ਦੇ ਜਨਮ ਤੋਂ ਬਹੁਤ ਲੋਕ ਖੁਸ਼ ਹੋਣਗੇ। 15ਕਿਉਂਕਿ ਉਹ ਪਰਮੇਸ਼ੁਰ ਸਾਹਮਣੇ ਮਹਾਨ ਹੋਵੇਗਾ ਅਤੇ ਨਾ ਮੈਅ, ਨਾ ਮਧ ਪੀਵੇਗਾ ਅਤੇ ਆਪਣੀ ਮਾਤਾ ਦੇ ਗਰਭ ਤੋਂ ਹੀ ਪਵਿੱਤਰ ਆਤਮਾ ਨਾਲ ਭਰਪੂਰ ਹੋਵੇਗਾ। 16ਅਤੇ ਇਸਰਾਏਲ ਦੀ ਸੰਤਾਨ ਵਿੱਚੋਂ ਬਹੁਤਿਆਂ ਨੂੰ ਪ੍ਰਭੂ ਪਰਮੇਸ਼ੁਰ ਦੀ ਵੱਲ ਮੋੜ ਲਿਆਵੇਗਾ। 17ਉਹ ਉਨ੍ਹਾਂ ਦੇ ਅੱਗੇ-ਅੱਗੇ ਏਲੀਯਾਹ ਦੇ ਆਤਮਾ ਅਤੇ ਸਮਰੱਥਾ ਨਾਲ ਚੱਲੇਗਾ ਤਾਂ ਜੋ ਪਿਤਾਵਾਂ ਦੇ ਦਿਲਾਂ ਨੂੰ ਬੱਚਿਆਂ ਦੀ ਵੱਲ ਅਤੇ ਆਗਿਆ ਨਾ ਮੰਨਣ ਵਾਲਿਆ ਨੂੰ ਧਰਮੀਆਂ ਦੀ ਸਮਝ ਵੱਲ ਮੋੜੇ, ਜੋ ਪ੍ਰਭੂ ਦੇ ਯੋਗ ਕੌਮ ਨੂੰ ਤਿਆਰ ਕਰੇ। 18ਤਦ ਜ਼ਕਰਯਾਹ ਨੇ ਸਵਰਗ ਦੂਤ ਨੂੰ ਆਖਿਆ, ਮੈਂ ਇਹ ਕਿਵੇਂ ਵਿਸ਼ਵਾਸ ਕਰਾਂ ਕਿਉਂਕਿ ਮੈਂ ਵੱਡੀ ਉਮਰ ਦਾ ਹਾਂ ਅਤੇ ਮੇਰੀ ਪਤਨੀ ਬਜ਼ੁਰਗ ਹੈ? 19ਸਵਰਗ ਦੂਤ ਨੇ ਉਸ ਨੂੰ ਉੱਤਰ ਦਿੱਤਾ, ਮੈਂ ਜਿਬਰਾਏਲ ਹਾਂ, ਜੋ ਪਰਮੇਸ਼ੁਰ ਦੇ ਸਾਹਮਣੇ ਹਾਜ਼ਰ ਰਹਿੰਦਾ ਹਾਂ ਅਤੇ ਤੇਰੇ ਨਾਲ ਗੱਲਾਂ ਕਰਨ ਅਤੇ ਖੁਸ਼ੀ ਦੀ ਖ਼ਬਰ ਦੱਸਣ ਵਾਸਤੇ ਭੇਜਿਆ ਗਿਆ ਹਾਂ। 20ਵੇਖ ਜਦ ਤੱਕ ਇਹ ਗੱਲਾਂ ਪੂਰੀਆਂ ਨਾ ਹੋਣ ਤੂੰ ਗੂੰਗਾ ਰਹੇਂਗਾ ਅਤੇ ਬੋਲ ਨਾ ਸਕੇਂਗਾ, ਇਸ ਕਾਰਨ ਜੋ ਤੂੰ ਮੇਰੀਆਂ ਗੱਲਾਂ ਨੂੰ ਸੱਚ ਨਹੀਂ ਮੰਨਿਆ ਜਿਹੜੀਆਂ ਆਪਣੇ ਸਮੇਂ ਤੇ ਪੂਰੀਆਂ ਹੋਣਗੀਆਂ। 21ਅਤੇ ਲੋਕ ਜ਼ਕਰਯਾਹ ਦੀ ਉਡੀਕ ਕਰ ਰਹੇ ਸਨ ਅਤੇ ਹੈਕਲ ਭਵਨ ਵਿੱਚ ਉਸ ਦੇ ਵੱਧ ਸਮਾਂ ਲਾਉਣ ਕਰਕੇ ਹੈਰਾਨ ਹੁੰਦੇ ਸਨ। 22ਪਰ ਜਦ ਉਹ ਬਾਹਰ ਆਇਆ ਤਾਂ ਉਨ੍ਹਾਂ ਨਾਲ ਬੋਲ ਨਾ ਸਕਿਆ ਅਤੇ ਉਨ੍ਹਾਂ ਜਾਣਿਆ ਜੋ ਉਸ ਨੇ ਹੈਕਲ ਵਿੱਚ ਕੋਈ ਦਰਸ਼ਣ ਵੇਖਿਆ ਹੈ ਅਤੇ ਉਹ ਉਨ੍ਹਾਂ ਨੂੰ ਇਸ਼ਾਰਿਆ ਨਾਲ ਦੱਸਦਾ ਸੀ ਅਤੇ ਗੂੰਗਾ ਹੋ ਗਿਆ। 23ਤਾਂ ਇਹ ਹੋਇਆ ਕਿ ਭਵਨ ਵਿੱਚ ਆਪਣੀ ਸੇਵਾ ਦੇ ਦਿਨ ਪੂਰੇ ਕਰਕੇ ਉਹ ਆਪਣੇ ਘਰ ਵਾਪਸ ਚੱਲਿਆ ਗਿਆ। 24ਫਿਰ ਉਨ੍ਹਾਂ ਦਿਨਾਂ ਪਿੱਛੋਂ ਉਸ ਦੀ ਪਤਨੀ ਇਲੀਸਬਤ ਗਰਭਵਤੀ ਹੋਈ ਅਤੇ ਪੰਜ ਮਹੀਨਿਆਂ ਤੱਕ ਆਪਣੇ ਆਪ ਨੂੰ ਇਹ ਕਹਿ ਕੇ ਛੁਪਾਇਆ, 25“ਕਿ ਪ੍ਰਭੂ ਨੇ ਇਹਨਾਂ ਦਿਨਾਂ ਵਿੱਚ ਮੇਰੇ ਉੱਤੇ ਨਿਗਾਹ ਕੀਤੀ ਅਤੇ ਮੇਰੇ ਨਾਲ ਇਹ ਕੀਤਾ ਹੈ ਜੋ ਲੋਕਾਂ ਵਿੱਚੋਂ ਮੇਰੀ ਸ਼ਰਮਿੰਦਗੀ ਨੂੰ ਖ਼ਤਮ ਕਰ ਦੇਵੇ।”

ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ