Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਕਤੂਬਰ 2026 › ਅਕਤੂਬਰ 4

ਕੈਥੋਲਿਕ ਕੈਲੰਡਰ

ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 4 ਅਕਤੂਬਰ 2026

ਐਤਵਾਰ · ਆਮ ਸਮੇਂ ਦਾ 27ਵਾਂ ਹਫ਼ਤਾ

ਤਿਉਹਾਰ ਅਤੇ ਸੰਤ

ਆਮ ਸਮੇਂ ਦਾ 27ਵਾਂ ਐਤਵਾਰ

ਐਤਵਾਰ · ਉਪਾਸਨਾ ਦਾ ਰੰਗ: ਹਰਾ

ਦਿਨ ਦੇ ਪਾਠ

ਪਹਿਲਾ ਪਾਠ

ਯਸਾ 5:1–7

1ਮੈਂ ਆਪਣੇ ਪ੍ਰੀਤਮ ਲਈ ਅਤੇ ਉਹ ਦੇ ਅੰਗੂਰੀ ਬਾਗ਼ ਦੇ ਵਿਖੇ ਇੱਕ ਪ੍ਰੇਮ ਰੱਤਾ ਗੀਤ ਗਾਵਾਂਗਾ, - ਮੇਰੇ ਪ੍ਰੀਤਮ ਦਾ ਇੱਕ ਅੰਗੂਰੀ ਬਾਗ਼ ਇੱਕ ਫਲਦਾਰ ਟਿੱਬੇ ਉੱਤੇ ਸੀ। 2ਉਹ ਨੇ ਉਸ ਨੂੰ ਗੋਡਿਆ ਅਤੇ ਉਸ ਦੇ ਪੱਥਰ ਕੱਢ ਸੁੱਟੇ, ਅਤੇ ਉਸ ਵਿੱਚ ਚੰਗੀਆਂ ਦਾਬਾਂ ਲਾਈਆਂ, ਅਤੇ ਉਸ ਦੇ ਵਿਚਕਾਰ ਇੱਕ ਬੁਰਜ ਉਸਾਰਿਆ, ਨਾਲੇ ਦਾਖਰਸ ਲਈ ਉਸ ਵਿੱਚ ਇੱਕ ਹੌਦ ਪੁੱਟਿਆ, ਤਦ ਉਸ ਨੇ ਉਡੀਕਿਆ ਤਾਂ ਜੋ ਉਸ ਵਿੱਚ ਚੰਗੇ ਅੰਗੂਰ ਲੱਗਣ, ਪਰ ਲੱਗੇ ਜੰਗਲੀ ਅੰਗੂਰ। 3ਹੁਣ ਹੇ ਯਰੂਸ਼ਲਮ ਦੇ ਵਾਸੀਓ ਅਤੇ ਯਹੂਦਾਹ ਦੇ ਮਨੁੱਖੋ, ਮੇਰਾ ਅਤੇ ਮੇਰੇ ਅੰਗੂਰੀ ਬਾਗ਼ ਦਾ ਫ਼ੈਸਲਾ ਕਰੋ। 4ਮੈਂ ਆਪਣੇ ਬਾਗ਼ ਲਈ ਹੋਰ ਕੀ ਕਰ ਸਕਦਾ ਸੀ, ਜੋ ਮੈਂ ਉਸ ਲਈ ਨਹੀਂ ਕੀਤਾ? ਜਦ ਮੈਂ ਉਡੀਕਿਆ ਕਿ ਉਸ ਵਿੱਚ ਚੰਗੇ ਅੰਗੂਰ ਲੱਗਣ, ਤਾਂ ਕਿਉਂ ਜੰਗਲੀ ਅੰਗੂਰ ਲੱਗੇ? 5ਹੁਣ ਮੈਂ ਤੁਹਾਨੂੰ ਦੱਸਦਾ ਹਾਂ, ਭਈ ਮੈਂ ਆਪਣੇ ਅੰਗੂਰੀ ਬਾਗ਼ ਨਾਲ ਕੀ ਕਰਨ ਵਾਲਾ ਹਾਂ। ਮੈਂ ਉਸ ਦੀ ਵਾੜ ਹਟਾ ਦਿਆਂਗਾ, ਅਤੇ ਉਹ ਸੜ ਜਾਵੇਗੀ, ਮੈਂ ਉਸ ਦੀ ਕੰਧ ਢਾਹ ਸੁੱਟਾਂਗਾ, ਅਤੇ ਉਹ ਲਤਾੜੀ ਜਾਵੇਗੀ। 6ਮੈਂ ਉਸ ਨੂੰ ਉਜਾੜ ਦਿਆਂਗਾ, ਉਹ ਨਾ ਛਾਂਗਿਆ ਨਾ ਗੋਡਿਆ ਜਾਵੇਗਾ, ਕੰਡੇ ਤੇ ਕੰਡਿਆਲੇ ਉਸ ਵਿੱਚ ਉੱਗਣਗੇ, ਅਤੇ ਮੈਂ ਬੱਦਲਾਂ ਨੂੰ ਹੁਕਮ ਦਿਆਂਗਾ, ਭਈ ਉਸ ਦੇ ਉੱਤੇ ਮੀਂਹ ਨਾ ਵਰ੍ਹਾਉਣ। 7ਸੈਨਾਂ ਦੇ ਯਹੋਵਾਹ ਦਾ ਅੰਗੂਰੀ ਬਾਗ਼ ਤਾਂ ਇਸਰਾਏਲ ਦਾ ਘਰਾਣਾ ਹੈ, ਅਤੇ ਯਹੂਦਾਹ ਦੇ ਮਨੁੱਖ ਉਹ ਦਾ ਮਨ ਭਾਉਂਦਾ ਬੂਟਾ ਹੈ। ਉਸ ਨੇ ਨਿਆਂ ਨੂੰ ਉਡੀਕਿਆ, ਅਤੇ ਵੇਖੋ, ਖੂਨ ਵੇਖਿਆ! ਧਰਮ ਦੀ ਆਸ ਲਈ, ਅਤੇ ਵੇਖੋ, ਦੁਹਾਈ ਦੀ ਅਵਾਜ਼ ਸੁਣੀ।

ਜਵਾਬੀ ਭਜਨ

ਜ਼ਬੂ 80:8, 11–15, 18–19

8ਤੂੰ ਮਿਸਰ ਤੋਂ ਇੱਕ ਦਾਖ ਦੀ ਬੇਲ ਨੂੰ ਕੱਢ ਲਿਆਇਆ, ਤੂੰ ਪਰਾਈਆਂ ਕੌਮਾਂ ਨੂੰ ਬਾਹਰ ਕੱਢ ਦਿੱਤਾ, ਅਤੇ ਉਸ ਨੂੰ ਲਾਇਆ। 11ਉਸ ਨੇ ਸਮੁੰਦਰ ਤੱਕ ਆਪਣੀਆਂ ਡਾਲੀਆਂ ਪਸਾਰੀਆਂ, ਅਤੇ ਆਪਣੀਆਂ ਸ਼ਾਖਾਂ ਨਦੀ ਤਾਈਂ। 12ਤੂੰ ਉਹ ਦੀਆਂ ਵਾੜਾਂ ਨੂੰ ਕਿਸ ਲਈ ਤੋੜਿਆ, ਕਿ ਜਿੰਨੇ ਉੱਥੋਂ ਦੀ ਲੰਘਦੇ ਹਨ ਓਹ ਉਹ ਨੂੰ ਤੋੜਦੇ ਹਨ? 13ਜੰਗਲੀ ਸੂਰ ਉਹ ਨੂੰ ਉਜਾੜਦਾ ਹੈ, ਅਤੇ ਮੈਦਾਨ ਦੇ ਜਾਨਵਰ ਉਹ ਨੂੰ ਖਾ ਲੈਂਦੇ ਹਨ। 14ਹੇ ਸੈਨਾਂ ਦੇ ਪਰਮੇਸ਼ੁਰ, ਮੋੜਾ ਪਾ, ਸਵਰਗੋਂ ਧਿਆਨ ਕਰਕੇ ਵੇਖ ਤੇ ਇਸ ਵੇਲ ਦੀ ਸੁੱਧ ਲੈ, 15ਉਸ ਦੀ ਰੱਖਿਆ ਕਰ ਜਿਹੜਾ ਤੇਰੇ ਸੱਜੇ ਹੱਥ ਨੇ ਲਾਇਆ ਹੈ, ਨਾਲੇ ਉਸ ਪੁੱਤਰ ਦੀ ਜੋ ਤੂੰ ਆਪਣੇ ਲਈ ਤਕੜਾ ਕੀਤਾ। 18ਤਾਂ ਅਸੀਂ ਤੈਥੋਂ ਪਿਛਾਹਾਂ ਨਾ ਹਟਾਂਗੇ, ਸਾਨੂੰ ਜਿਵਾਲ, ਤਾਂ ਅਸੀਂ ਤੇਰੇ ਨਾਮ ਉੱਤੇ ਪੁਕਾਰਾਂਗੇ। 19ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ, ਸਾਨੂੰ ਬਹਾਲ ਕਰ, ਆਪਣੇ ਮੂੰਹ ਦਾ ਚਮਕਾਰਾ ਵਿਖਾ ਤਾਂ ਅਸੀਂ ਬਚ ਜਾਂਵਾਂਗੇ!।

ਦੂਜਾ ਪਾਠ

ਫਿਲਿੱ 4:6–9

6ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। 7ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡੀਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ। 8ਮੁਕਦੀ ਗੱਲ, ਹੇ ਭਰਾਵੋ, ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰਯੋਗ ਹਨ, ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇੰਨ੍ਹਾਂ ਗੱਲਾਂ ਦੀ ਵਿਚਾਰ ਕਰੋ। 9ਜੋ ਕੁਝ ਤੁਸੀਂ ਸਿੱਖਿਆ ਅਤੇ ਮੰਨ ਲਿਆ ਅਤੇ ਸੁਣਿਆ ਅਤੇ ਮੇਰੇ ਵਿੱਚ ਡਿੱਠਾ ਉਹੀ ਕਰੋ ਤਾਂ ਸ਼ਾਂਤੀ ਦਾਤਾ ਪਰਮੇਸ਼ੁਰ ਤੁਹਾਡੇ ਅੰਗ-ਸੰਗ ਹੋਵੇਗਾ।

ਇੰਜੀਲ

ਮੱਤੀ 21:33–43

33ਇੱਕ ਹੋਰ ਦ੍ਰਿਸ਼ਟਾਂਤ ਸੁਣੋ ਜੋ ਇੱਕ ਘਰ ਦਾ ਮਾਲਕ ਸੀ ਜਿਸ ਨੇ ਅੰਗੂਰੀ ਬਾਗ਼ ਲਾਇਆ ਅਤੇ ਉਹ ਦੇ ਚੁਫ਼ੇਰੇ ਵਾੜ ਕੀਤੀ ਅਤੇ ਉਸ ਵਿੱਚ ਰਸ ਲਈ ਇੱਕ ਚੁਬੱਚਾ ਕੱਢਿਆ ਅਤੇ ਬੁਰਜ ਉਸਾਰਿਆ ਅਤੇ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਪਰਦੇਸ ਚੱਲਿਆ ਗਿਆ। 34ਜਦੋਂ ਫਲਾਂ ਦੀ ਰੁੱਤ ਨੇੜੇ ਆਈ ਤਾਂ ਉਹ ਨੇ ਆਪਣੇ ਨੌਕਰ ਮਾਲੀਆਂ ਦੇ ਕੋਲ ਆਪਣੇ ਫਲ ਲੈਣ ਲਈ ਭੇਜੇ। 35ਅਤੇ ਮਾਲੀਆਂ ਨੇ ਉਹ ਦੇ ਨੌਕਰਾਂ ਨੂੰ ਫੜ੍ਹ ਕੇ ਕਿਸੇ ਨੂੰ ਕੁੱਟਿਆ, ਕਿਸੇ ਨੂੰ ਮਾਰ ਸੁੱਟਿਆ ਅਤੇ ਕਿਸੇ ਨੂੰ ਪਥਰਾਉ ਕੀਤਾ। 36ਫੇਰ ਉਸ ਨੇ ਪਹਿਲਾਂ ਨਾਲੋਂ ਵੱਧ ਨੌਕਰਾਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਇਨ੍ਹਾਂ ਨਾਲ ਵੀ ਉਸੇ ਤਰ੍ਹਾਂ ਕੀਤਾ। 37ਅੰਤ ਉਸ ਨੇ ਆਪਣੇ ਪੁੱਤਰ ਨੂੰ ਉਨ੍ਹਾਂ ਦੇ ਕੋਲ ਇਹ ਕਹਿ ਕੇ ਭੇਜਿਆ ਕਿ ਉਹ ਮੇਰੇ ਪੁੱਤਰ ਦਾ ਆਦਰ ਕਰਨਗੇ। 38ਪਰ ਮਾਲੀਆਂ ਨੇ ਜਦ ਉਹ ਦੇ ਪੁੱਤਰ ਨੂੰ ਵੇਖਿਆ ਤਾਂ ਆਪਸ ਵਿੱਚ ਕਿਹਾ, ਵਾਰਿਸ ਇਹੋ ਹੈ, ਆਓ ਇਹ ਨੂੰ ਮਾਰ ਸੁੱਟੀਏ ਅਤੇ ਉਹ ਦਾ ਵਿਰਸਾ ਸਾਂਭ ਲਈਏ। 39ਅਤੇ ਉਨ੍ਹਾਂ ਉਸ ਨੂੰ ਫੜਿਆ ਅਤੇ ਬਾਗ਼ੋਂ ਬਾਹਰ ਕੱਢ ਕੇ ਮਾਰ ਸੁੱਟਿਆ। 40ਸੋ ਜਦ ਬਾਗ਼ ਦਾ ਮਾਲਕ ਆਵੇਗਾ ਤਦ ਉਨ੍ਹਾਂ ਮਾਲੀਆਂ ਨਾਲ ਕੀ ਕਰੇਗਾ? 41ਉਨ੍ਹਾਂ ਨੇ ਉਸ ਨੂੰ ਆਖਿਆ ਕਿ ਉਨ੍ਹਾਂ ਬੁਰਿਆਂ ਦਾ ਬੁਰੀ ਤਰ੍ਹਾਂ ਨਾਸ ਕਰੇਗਾ ਅਤੇ ਅੰਗੂਰੀ ਬਾਗ਼ ਹੋਰਨਾਂ ਮਾਲੀਆਂ ਨੂੰ ਸੌਂਪੇਗਾ ਜੋ ਰੁੱਤ ਸਿਰ ਉਸ ਨੂੰ ਫਲ ਪਹੁੰਚਾਉਣਗੇ। 42ਯਿਸੂ ਨੇ ਉਨ੍ਹਾਂ ਨੂੰ ਆਖਿਆ, ਕੀ ਤੁਸੀਂ ਪਵਿੱਤਰ ਗ੍ਰੰਥਾਂ ਵਿੱਚ ਕਦੇ ਨਹੀਂ ਪੜ੍ਹਿਆ ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ। ਇਹ ਪ੍ਰਭੂ ਦੀ ਵੱਲੋਂ ਹੋਇਆ, ਅਤੇ ਸਾਡੀ ਨਜ਼ਰ ਵਿੱਚ ਅਚਰਜ਼ ਹੈ। 43ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲੋਂ ਖੋਹਿਆ ਅਤੇ ਪਰਾਈ ਕੌਮ ਨੂੰ ਦਿੱਤਾ ਜਾਵੇਗਾ, ਜਿਹੜੀ ਉਹ ਦੇ ਫਲ ਦੇਵੇ।

ਅੱਜ ਦੇ ਸੰਤ

ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ A, ਹਫ਼ਤੇ ਦੇ ਦਿਨਾਂ ਦਾ ਸਾਲ II।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ