Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਦਸੰਬਰ 2027 › ਦਸੰਬਰ 22

ਆਰਥੋਡਾਕਸ ਕੈਲੰਡਰ · 9 ਦਸੰਬਰ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 22 ਦਸੰਬਰ 2027

ਬੁੱਧਵਾਰ · ਪੰਤੇਕੁਸਤ ਤੋਂ ਬਾਅਦ 27ਵਾਂ ਹਫ਼ਤਾ · ਸੁਰ 1

ਤਿਉਹਾਰ ਅਤੇ ਸੰਤ

Conception by Righteous Anna, of the Most Holy Mother of God

ਜਨਮ ਦਿਨ (ਕ੍ਰਿਸਮਸ) ਦਾ ਵਰਤ

ਵਰਤ: ਤੇਲ ਨਾਲ

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਪੱਤ੍ਰੀ

1 ਤਿਮ 5:22–6:11

22ਅਤੇ ਜਲਦੀ ਨਾਲ ਕਿਸੇ ਉੱਤੇ ਹੱਥ ਰੱਖ ਕੇ ਹੋਰਨਾਂ ਦੇ ਪਾਪਾਂ ਦਾ ਭਾਗੀ ਨਾ ਬਣ। ਆਪਣੇ ਆਪ ਨੂੰ ਪਵਿੱਤਰ ਰੱਖ। 23ਅਗਾਹਾਂ ਨੂੰ ਨਿਰਾ ਪਾਣੀ ਨਾ ਪੀਆ ਕਰ ਪਰ ਹਾਜ਼ਮੇ ਲਈ ਅਤੇ ਆਪਣੀਆਂ ਬਹੁਤੀਆਂ ਮਾਂਦਗੀਆਂ ਦੇ ਕਾਰਨ ਥੋੜੀ ਜਿਹੀ ਮੈਅ ਵਰਤ ਲਿਆ ਕਰ। 24ਕਈ ਮਨੁੱਖਾਂ ਦੇ ਪਾਪ ਪ੍ਰਗਟ ਹਨ ਅਤੇ ਨਿਆਂ ਦੇ ਲਈ ਪਹਿਲਾਂ ਹੀ ਪਹੁੰਚ ਜਾਂਦੇ ਹਨ ਅਤੇ ਕਈਆਂ ਦੇ ਬਾਅਦ ਵਿੱਚ ਪ੍ਰਗਟ ਹੁੰਦੇ ਹਨ। 25ਇਸੇ ਤਰ੍ਹਾਂ ਭਲੇ ਕੰਮ ਵੀ ਪ੍ਰਗਟ ਹਨ ਅਤੇ ਜੋ ਹੋਰ ਕਿਸਮ ਦੇ ਹਨ ਉਹ ਗੁਪਤ ਨਹੀਂ ਰਹਿ ਸਕਦੇ। 6:1ਜਿਹੜੇ ਦਾਸ ਹਨ, ਉਹ ਆਪਣਿਆਂ ਮਾਲਕਾਂ ਨੂੰ ਪੂਰੇ ਆਦਰ ਦੇ ਯੋਗ ਸਮਝਣ ਤਾਂ ਜੋ ਪਰਮੇਸ਼ੁਰ ਦੇ ਨਾਮ ਅਤੇ ਸਿੱਖਿਆ ਦੀ ਨਿੰਦਿਆ ਨਾ ਹੋਵੇ। 2ਅਤੇ ਜਿੰਨ੍ਹਾ ਦੇ ਮਾਲਕ ਵਿਸ਼ਵਾਸੀ ਹਨ ਉਹ ਉਨ੍ਹਾਂ ਨੂੰ ਭਾਈ ਹੋਣ ਕਰਕੇ ਤੁਛ ਨਾ ਜਾਣਨ ਪਰ ਉਨ੍ਹਾਂ ਦੀ ਹੋਰ ਵੀ ਸੇਵਾ ਕਰਨ, ਇਸ ਲਈ ਕਿ ਜਿਹੜੇ ਇਸ ਉਪਕਾਰ ਵਿੱਚ ਸਾਂਝੀ ਹਨ। ਉਹ ਨਿਹਚਾਵਾਨ ਅਤੇ ਪਿਆਰੇ ਹਨ। ਇੰਨ੍ਹਾਂ ਗੱਲਾਂ ਦੀ ਸਿੱਖਿਆ ਦੇ ਅਤੇ ਉਪਦੇਸ਼ ਕਰ। 3ਜੇ ਕੋਈ ਹੋਰ ਤਰ੍ਹਾਂ ਦੀ ਸਿੱਖਿਆ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀਆਂ ਖਰੀਆਂ ਗੱਲਾਂ ਨੂੰ ਅਤੇ ਉਸ ਸਿੱਖਿਆ ਨੂੰ ਜੋ ਭਗਤੀ ਦੇ ਅਨੁਸਾਰ ਹੈ, ਨਹੀਂ ਮੰਨਦਾ। 4ਤਾਂ ਉਹ ਹੰਕਾਰਿਆ ਹੋਇਆ ਹੈ ਅਤੇ ਕੁਝ ਨਹੀਂ ਜਾਣਦਾ, ਸਗੋਂ ਉਸ ਨੂੰ ਵਿਵਾਦਾਂ ਅਤੇ ਸ਼ਬਦਾਂ ਦੇ ਹੇਰ ਫੇਰ ਦੀ ਬਿਮਾਰੀ ਲੱਗੀ ਹੋਈ ਹੈ, ਜਿਸ ਕਰਕੇ ਖਾਰ, ਝਗੜਾ, ਕੁਫ਼ਰ, ਗੰਦੇ ਬੋਲ। 5ਅਤੇ ਬੁਰੇ ਸ਼ੱਕ ਉਨ੍ਹਾਂ ਮਨੁੱਖਾਂ ਵਿੱਚ ਹੁੰਦੇ ਹਨ ਜਿਨ੍ਹਾਂ ਦੀ ਬੁੱਧ ਵਿਗੜੀ ਹੋਈ ਹੈ ਅਤੇ ਜਿਨ੍ਹਾਂ ਕੋਲੋਂ ਸਚਿਆਈ ਜਾਂਦੀ ਰਹੀ ਅਤੇ ਉਹ ਭਗਤੀ ਨੂੰ ਕਮਾਈ ਦਾ ਵਸੀਲਾ ਸਮਝਦੇ ਹਨ। 6ਪਰ ਸੰਤੋਖ ਨਾਲ ਭਗਤੀ ਅਸਲ ਵਿੱਚ ਵੱਡੀ ਕਮਾਈ ਹੈ। 7ਕਿਉਂ ਜੋ ਅਸੀਂ ਸੰਸਾਰ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਉਸ ਵਿੱਚੋਂ ਕੁਝ ਲੈ ਜਾ ਸਕਦੇ ਹਾਂ। 8ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ। 9ਪਰ ਉਹ ਜਿਹੜੇ ਅਮੀਰ ਹੋਣਾ ਚਾਹੁੰਦੇ ਹਨ, ਸੋ ਪਰਤਾਵੇ, ਫ਼ਾਹੀ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ, ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ। 10ਕਿਉਂ ਜੋ ਪੈਸੇ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਵਿਸ਼ਵਾਸ ਦੇ ਰਾਹੋਂ ਭਟਕ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ। 11ਪਰ ਤੂੰ ਹੇ ਪਰਮੇਸ਼ੁਰ ਦੇ ਬੰਦੇ, ਇੰਨ੍ਹਾਂ ਗੱਲਾਂ ਤੋਂ ਦੂਰ ਰਹਿ ਅਤੇ ਧਰਮ, ਭਗਤੀ, ਵਿਸ਼ਵਾਸ, ਪਿਆਰ, ਧੀਰਜ ਅਤੇ ਨਰਮਾਈ ਦੇ ਭਾਲ ਵਿੱਚ ਲੱਗਾ ਰਹਿ।

ਪੱਤ੍ਰੀ (ਸੰਤ ਅੰਨਾ ਲਈ)

ਗਲਾ 4:22–31

22ਕਿਉਂ ਜੋ ਇਹ ਲਿਖਿਆ ਹੋਇਆ ਹੈ ਜੋ ਅਬਰਾਹਾਮ ਦੇ ਦੋ ਪੁੱਤਰ ਹੋਏ, ਇੱਕ ਦਾਸੀ ਤੋਂ ਅਤੇ ਦੂਜਾ ਅਜ਼ਾਦ ਇਸਤ੍ਰੀ ਤੋਂ। 23ਪਰ ਜਿਹੜਾ ਦਾਸੀ ਤੋਂ ਹੋਇਆ ਉਹ ਸਰੀਰ ਦੇ ਅਨੁਸਾਰ ਜੰਮਿਆ ਪਰੰਤੂ ਜਿਹੜਾ ਅਜ਼ਾਦ ਇਸਤ੍ਰੀ ਤੋਂ ਹੋਇਆ ਉਹ ਵਾਇਦੇ ਦੇ ਕਾਰਨ ਜੰਮਿਆ। 24ਇਹ ਦ੍ਰਿਸ਼ਟਾਂਤ ਦੀਆਂ ਗੱਲਾਂ ਹਨ। ਅਰਥਾਤ ਇਹ ਦੋ ਤੀਵੀਆਂ ਦੋ ਨੇਮ ਹਨ, ਇੱਕ ਤਾਂ ਸੀਨਈ ਪਹਾੜ ਦੀ ਜੋ ਗੁਲਾਮੀ ਲਈ ਜਣਦੀ ਹੈ। ਇਹ ਹਾਜਰਾ ਹੈ। 25ਅਤੇ ਇਹ ਹਾਜਰਾ ਅਰਬ ਵਿੱਚ ਸੀਨਈ ਪਹਾੜ ਹੈ ਅਤੇ ਹੁਣ ਦਾ ਯਰੂਸ਼ਲਮ ਉਹ ਦੇ ਤੁੱਲ ਹੈ ਕਿਉਂ ਜੋ ਇਹ ਆਪਣੇ ਬੱਚਿਆਂ ਦੇ ਨਾਲ ਗੁਲਾਮੀ ਵਿੱਚ ਪਈ ਹੈ। 26ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਅਜ਼ਾਦ ਹੈ, ਉਹ ਸਾਡੀ ਮਾਤਾ ਹੈ। 27ਕਿਉਂ ਜੋ ਲਿਖਿਆ ਹੋਇਆ ਹੈ, ਹੇ ਬਾਂਝ, ਜੈਕਾਰਾ ਗਜਾ, ਤੂੰ ਜੋ ਨਹੀਂ ਜਣੀ ਖੁੱਲ੍ਹ ਕੇ ਗਾ ਅਤੇ ਚਿੱਲਾ, ਤੂੰ ਜਿਸ ਨੂੰ ਪੀੜਾਂ ਨਹੀਂ ਲੱਗੀਆਂ! ਕਿਉਂ ਜੋ ਤਿਆਗੀ ਹੋਈ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੀ ਵੱਧ ਹਨ। 28ਪਰ ਹੇ ਭਰਾਵੋ, ਅਸੀਂ ਇਸਹਾਕ ਵਾਂਗੂੰ ਵਾਇਦੇ ਦੀ ਸੰਤਾਨ ਹਾਂ। 29ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜੰਮਿਆਂ ਉਹ ਨੂੰ ਸਤਾਉਂਦਾ ਸੀ ਜਿਹੜਾ ਆਤਮਾ ਦੇ ਅਨੁਸਾਰ ਜੰਮਿਆਂ ਸੀ, ਤਿਵੇਂ ਹੁਣ ਵੀ ਹੁੰਦਾ ਹੈ। 30ਪਰ ਪਵਿੱਤਰ ਗ੍ਰੰਥ ਕੀ ਆਖਦਾ ਹੈ? ਦਾਸੀ ਅਤੇ ਉਸ ਦੇ ਪੁੱਤਰ ਨੂੰ ਕੱਢ ਦੇ ਕਿਉਂ ਜੋ ਦਾਸੀ ਦਾ ਪੁੱਤਰ ਅਜ਼ਾਦ ਇਸਤਰੀ ਦੇ ਪੁੱਤਰ ਨਾਲ ਵਾਰਿਸ ਨਹੀਂ ਹੋਵੇਗਾ। 31ਇਸ ਲਈ, ਹੇ ਭਰਾਵੋ, ਅਸੀਂ ਦਾਸੀ ਦੀ ਨਹੀਂ ਸਗੋਂ ਅਜ਼ਾਦ ਦੀ ਸੰਤਾਨ ਹਾਂ।

ਇੰਜੀਲ

ਲੂਕਾ 21:5–7, 10–11, 20–24

5ਜਦ ਬਹੁਤ ਲੋਕ ਹੈਕਲ ਦੇ ਬਾਰੇ ਗੱਲਾਂ ਕਰਦੇ ਸਨ ਜੋ ਉਹ ਸੋਹਣੇ ਪੱਥਰਾਂ ਅਤੇ ਭੇਟਾਂ ਨਾਲ ਕਿਹੋ ਜਿਹੀ ਸੁਆਰੀ ਹੋਈ ਹੈ ਤਾਂ ਉਸ ਨੇ ਆਖਿਆ। 6ਜੋ ਇਹ ਚੀਜ਼ਾਂ ਜਿਹੜੀਆਂ ਤੁਸੀਂ ਵੇਖਦੇ ਹੋ ਉਹ ਦਿਨ ਆਉਣਗੇ ਜਿਨ੍ਹਾਂ ਵਿੱਚ ਇੱਥੇ ਪੱਥਰ ਉੱਤੇ ਪੱਥਰ ਨਾ ਛੱਡਿਆ ਜਾਵੇਗਾ ਜਿਹੜਾ ਡੇਗਿਆ ਨਾ ਜਾਵੇਗਾ। 7ਅੱਗੋਂ ਉਨ੍ਹਾਂ ਨੇ ਯਿਸੂ ਤੋਂ ਪੁੱਛਿਆ, ਫਿਰ ਗੁਰੂ ਜੀ, ਇਹ ਗੱਲਾਂ ਕਦੋਂ ਹੋਣਗੀਆਂ ਅਤੇ ਉਸ ਸਮੇਂ ਦਾ ਕੀ ਚਿੰਨ੍ਹ ਹੈ, ਜਦ ਇਹ ਗੱਲਾਂ ਹੋਣ ਲੱਗਣਗੀਆਂ? 10ਤਦ ਉਸ ਨੇ ਉਹਨਾਂ ਨੂੰ ਕਿਹਾ, ਕੌਮ-ਕੌਮ ਉੱਤੇ ਅਤੇ ਪਾਤਸ਼ਾਹੀ-ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ। 11ਅਤੇ ਥਾਂ-ਥਾਂ ਕਾਲ ਅਤੇ ਵੱਡੇ ਭੂਚਾਲ ਅਤੇ ਮਹਾਂਮਾਰੀਆਂ ਪੈਣਗੀਆਂ ਅਤੇ ਭਿਆਨਕ ਚੀਜ਼ਾਂ ਅਤੇ ਵੱਡੀਆਂ ਨਿਸ਼ਾਨੀਆਂ ਅਕਾਸ਼ੋਂ ਪਰਗਟ ਹੋਣਗੀਆਂ। 20ਜਦ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਉਸ ਦੀ ਬਰਬਾਦੀ ਨੇੜੇ ਆ ਪਹੁੰਚੀ ਹੈ। 21ਤਦ ਉਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਵੱਲ ਭੱਜ ਜਾਣ ਅਤੇ ਉਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿੱਕਲ ਜਾਣ ਅਤੇ ਜਿਹੜੇ ਖੇਤਾਂ ਵਿੱਚ ਹੋਣ ਉਸ ਦੇ ਅੰਦਰ ਨਾ ਵੜਨ। 22ਕਿਉਂ ਜੋ ਇਹ ਬਦਲਾ ਲੈਣ ਦੇ ਦਿਨ ਹਨ, ਇਸ ਲਈ ਜੋ ਸਭ ਲਿਖੀਆਂ ਹੋਈਆਂ ਗੱਲਾਂ ਪੂਰੀਆਂ ਹੋਣ। 23ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹਾਂ ਦਿਨਾਂ ਵਿੱਚ ਗਰਭਵਤੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ ਕਿਉਂ ਜੋ ਧਰਤੀ ਉੱਤੇ ਵੱਡਾ ਕਲੇਸ਼ ਅਤੇ ਇਸ ਪਰਜਾ ਉੱਤੇ ਕ੍ਰੋਧ ਹੋਵੇਗਾ। 24ਉਹ ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ ਅਤੇ ਗੁਲਾਮ ਹੋ ਕੇ ਸਭ ਕੌਮਾਂ ਵਿੱਚ ਪੁਚਾਏ ਜਾਣਗੇ ਅਤੇ ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਵੇਗਾ ਜਦ ਤੱਕ ਪਰਾਈਆਂ ਕੌਮਾਂ ਦੇ ਸਮੇਂ ਪੂਰੇ ਨਾ ਹੋਣ।

ਇੰਜੀਲ (ਸੰਤ ਅੰਨਾ ਲਈ)

ਲੂਕਾ 8:16–21

16ਕੋਈ ਮਨੁੱਖ ਦੀਵਾ ਬਾਲ ਕੇ ਉਸ ਨੂੰ ਕਟੋਰੇ ਜਾਂ ਮੰਜੇ ਦੇ ਹੇਠ ਨਹੀਂ ਰੱਖਦਾ ਹੈ ਪਰ ਦੀਵਟ ਉੱਤੇ ਰੱਖਦਾ ਹੈ ਤਾਂ ਜੋ ਅੰਦਰ ਆਉਣ ਵਾਲੇ ਚਾਨਣ ਵੇਖਣ। 17ਕੁਝ ਛੁੱਪਿਆ ਨਹੀਂ ਜੋ ਪਰਗਟ ਨਾ ਹੋਵੇਗਾ ਅਤੇ ਕੁਝ ਗੁਪਤ ਨਹੀਂ ਜੋ ਜਾਣਿਆ ਨਾ ਜਾਵੇ ਅਤੇ ਉਜਾਗਰ ਨਾ ਹੋਵੇ। 18ਇਸ ਕਰਕੇ ਸੁਚੇਤ ਰਹੋ ਜੋ ਕਿਸ ਤਰ੍ਹਾਂ ਸੁਣਦੇ ਹੋ ਕਿਉਂਕਿ ਜਿਸ ਦੇ ਕੋਲ ਕੁਝ ਹੋਵੇ ਉਸ ਨੂੰ ਦਿੱਤਾ ਜਾਵੇਗਾ ਅਤੇ ਜਿਸ ਦੇ ਕੋਲ ਨਾ ਹੋਵੇ ਉਸ ਤੋਂ ਉਹ ਵੀ ਲੈ ਲਿਆ ਜਾਵੇਗਾ ਜਿਸ ਨੂੰ ਉਹ ਆਪਣਾ ਸਮਝਦਾ ਹੈ। 19ਯਿਸੂ ਦੀ ਮਾਤਾ ਅਤੇ ਭਰਾ ਉਸ ਕੋਲ ਆਏ ਪਰ ਭੀੜ ਦੇ ਕਾਰਨ ਉਸ ਦੇ ਨੇੜੇ ਨਾ ਪਹੁੰਚ ਸਕੇ। 20ਉਸ ਨੂੰ ਖ਼ਬਰ ਦਿੱਤੀ ਗਈ ਕਿ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜ੍ਹੇ ਤੈਨੂੰ ਮਿਲਣਾ ਚਾਹੁੰਦੇ ਹਨ। 21ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਮੇਰੀ ਮਾਤਾ ਅਤੇ ਭਰਾ ਇਹ ਹਨ ਜੋ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਮੰਨਦੇ ਹਨ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਦਸੰਬਰ 9 ਸਿਵਲ ਕੈਲੰਡਰ ਦਾ ਦਸੰਬਰ 22 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ