Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਦਸੰਬਰ 2027 › ਦਸੰਬਰ 6

ਕੈਥੋਲਿਕ ਕੈਲੰਡਰ

ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 6 ਦਸੰਬਰ 2027

ਸੋਮਵਾਰ · ਆਗਮਨ ਸਮੇਂ ਦਾ ਦੂਜਾ ਹਫ਼ਤਾ

ਤਿਉਹਾਰ ਅਤੇ ਸੰਤ

ਆਗਮਨ ਸਮੇਂ ਦੇ ਦੂਜੇ ਹਫ਼ਤੇ ਦਾ ਸੋਮਵਾਰ

ਇੱਛਿਕ ਯਾਦਗਾਰੀ ਦਿਨ · ਉਪਾਸਨਾ ਦਾ ਰੰਗ: ਬੈਂਗਣੀ

ਸੰਤ ਨਿਕੋਲਸ, ਬਿਸ਼ਪ · ਇੱਛਿਕ ਯਾਦਗਾਰੀ ਦਿਨ

ਦਿਨ ਦੇ ਪਾਠ

ਪਹਿਲਾ ਪਾਠ

ਯਸਾ 35:1–10

1ਉਜਾੜ ਅਤੇ ਥਲ ਦੇਸ ਖੁਸ਼ੀ ਮਨਾਉਣਗੇ, ਰੜਾ ਮੈਦਾਨ ਬਾਗ-ਬਾਗ ਹੋਵੇਗਾ, ਅਤੇ ਨਰਗਸ ਵਾਂਗੂੰ ਖਿੜੇਗਾ। 2ਉਹ ਬਹੁਤਾ ਖਿੜੇਗਾ, ਅਤੇ ਖੁਸ਼ੀ ਤੇ ਜੈਕਾਰਿਆਂ ਨਾਲ ਬਾਗ-ਬਾਗ ਹੋਵੇਗਾ, ਲਬਾਨੋਨ ਦੀ ਸ਼ੋਭਾ, ਕਰਮਲ ਅਤੇ ਸ਼ਾਰੋਨ ਦੀ ਸ਼ਾਨ ਉਹ ਨੂੰ ਦਿੱਤੀ ਜਾਵੇਗੀ, ਉਹ ਯਹੋਵਾਹ ਦਾ ਪਰਤਾਪ, ਸਾਡੇ ਪਰਮੇਸ਼ੁਰ ਦੀ ਸ਼ਾਨ ਵੇਖਣਗੇ। 3ਢਿੱਲੇ ਹੱਥਾਂ ਨੂੰ ਤਕੜੇ ਕਰੋ, ਅਤੇ ਕੰਬਦੇ ਗੋਡਿਆਂ ਨੂੰ ਮਜ਼ਬੂਤ ਕਰੋ! 4ਘਬਰਾਉਂਦੇ ਦਿਲ ਵਾਲਿਆਂ ਨੂੰ ਆਖੋ, ਤਕੜੇ ਹੋਵੋ! ਨਾ ਡਰੋ! ਆਪਣੇ ਪਰਮੇਸ਼ੁਰ ਨੂੰ ਵੇਖੋ! ਉਹ ਬਦਲਾ ਲੈਣ ਲਈ, ਅਤੇ ਫਲ ਦੇਣ ਲਈ ਆ ਰਿਹਾ, ਉਹ ਆਵੇਗਾ ਅਤੇ ਤੁਹਾਨੂੰ ਬਚਾਵੇਗਾ। 5ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲ਼ਿਆਂ ਦੇ ਕੰਨ ਖੁੱਲ੍ਹ ਜਾਣਗੇ। 6ਤਦ ਲੰਗੜਾ ਹਿਰਨ ਵਾਂਗੂੰ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ, ਕਿਉਂ ਜੋ ਉਜਾੜ ਵਿੱਚ ਪਾਣੀ, ਅਤੇ ਰੜੇ ਮੈਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ। 7ਤੱਪਦੀ ਰੇਤ ਤਲਾਬ ਬਣ ਜਾਵੇਗੀ, ਅਤੇ ਤਿਹਾਈ ਜ਼ਮੀਨ ਪਾਣੀ ਦੇ ਸੁੰਬ। ਜਿਹੜੇ ਟਿਕਾਣਿਆਂ ਵਿੱਚ ਗਿੱਦੜ ਬੈਠਦੇ ਸਨ, ਉੱਥੇ ਘਾਹ, ਕਾਨੇ ਅਤੇ ਦਬ ਹੋਣਗੇ। 8ਉੱਥੇ ਇੱਕ ਸ਼ਾਹੀ ਮਾਰਗ ਹੋਵੇਗਾ, ਅਤੇ ਉਹ ਮਾਰਗ “ਪਵਿੱਤਰ ਮਾਰਗ” ਕਹਾਵੇਗਾ, ਕੋਈ ਅਸ਼ੁੱਧ ਉਹ ਦੇ ਉੱਤੋਂ ਦੀ ਨਹੀਂ ਲੰਘੇਗਾ, ਉਹ ਮਾਰਗ ਛੁਡਾਏ ਹੋਇਆਂ ਦੇ ਲਈ ਹੋਵੇਗਾ। ਉਸ ਉੱਤੇ ਚੱਲਣ ਵਾਲੇ ਭਾਵੇਂ ਮੂਰਖ ਹੋਣ, ਤਾਂ ਵੀ ਕੁਰਾਹੇ ਨਾ ਪੈਣਗੇ। 9ਉੱਥੇ ਕੋਈ ਬੱਬਰ ਸ਼ੇਰ ਨਹੀਂ ਹੋਵੇਗਾ, ਕੋਈ ਪਾੜਨ ਵਾਲਾ ਜਾਨਵਰ ਉਸ ਉੱਤੇ ਨਾ ਚੜ੍ਹੇਗਾ, ਉਹ ਉੱਥੇ ਨਾ ਲੱਭਣਗੇ, ਪਰ ਛੁਡਾਏ ਹੋਏ ਉੱਥੇ ਹਮੇਸ਼ਾ ਚੱਲਣਗੇ। 10ਯਹੋਵਾਹ ਦੇ ਮੁੱਲ ਲਏ ਹੋਏ ਮੁੜ ਆਉਣਗੇ, ਉਹ ਜੈਕਾਰਿਆਂ ਨਾਲ ਸੀਯੋਨ ਨੂੰ ਆਉਣਗੇ, ਅਤੇ ਸਦੀਪਕ ਅਨੰਦ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ। ਉਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹਾਉਂਕੇ ਉੱਥੋਂ ਨੱਠ ਜਾਣਗੇ।

ਜਵਾਬੀ ਭਜਨ

ਜ਼ਬੂ 85:8–13

8ਮੈਂ ਸੁਣ ਲਵਾਂ ਕਿ ਯਹੋਵਾਹ ਪਰਮੇਸ਼ੁਰ ਕੀ ਆਖੇਗਾ, ਉਹ ਤਾਂ ਆਪਣੀ ਪਰਜਾ ਤੇ ਆਪਣੇ ਸੰਤਾਂ ਨਾਲ ਸ਼ਾਂਤੀ ਦੀਆਂ ਗੱਲਾਂ ਕਰੇਗਾ, ਕਿ ਓਹ ਫੇਰ ਮੂਰਖਤਾਈ ਵੱਲ ਨਾ ਮੁੜਨ। 9ਨਿਸੰਗ ਉਹ ਦਾ ਛੁਟਕਾਰਾ ਉਹ ਦੇ ਭੈਅ ਮੰਨਣ ਵਾਲਿਆਂ ਦੇ ਨੇੜੇ ਹੈ, ਕਿ ਸਾਡੇ ਦੇਸ ਵਿੱਚ ਮਹਿਮਾ ਵੱਸੇ! 10ਦਯਾ ਅਤੇ ਸਚਿਆਈ ਆਪੋ ਵਿੱਚ ਮਿਲ ਗਈਆਂ, ਧਰਮ ਅਤੇ ਸ਼ਾਂਤੀ ਨੇ ਇੱਕ ਦੂਏ ਨੂੰ ਚੁੰਮਿਆ ਹੈ। 11ਸਚਿਆਈ ਧਰਤੀ ਵਿੱਚੋਂ ਉੱਗਦੀ ਹੈ, ਅਤੇ ਸਵਰਗ ਤੋਂ ਧਰਮ ਝਾਕਦਾ ਹੈ। 12ਫੇਰ ਯਹੋਵਾਹ ਉੱਤਮ ਪਦਾਰਥ ਬਖ਼ਸ਼ੇਗਾ, ਅਤੇ ਸਾਡੀ ਧਰਤੀ ਆਪਣੀ ਉਪਜ ਦੇਵੇਗੀ। 13ਧਰਮ ਉਹ ਦੇ ਅੱਗੇ-ਅੱਗੇ ਚੱਲੇਗਾ, ਅਤੇ ਉਹ ਦੇ ਖੁਰਿਆਂ ਨੂੰ ਇੱਕ ਰਸਤਾ ਬਣਾਵੇਗਾ।

ਇੰਜੀਲ

ਲੂਕਾ 5:17–26

17ਇੱਕ ਦਿਨ ਇਹ ਹੋਇਆ ਕਿ ਜਿਸ ਸਮੇਂ ਉਹ ਉਪਦੇਸ਼ ਦਿੰਦਾ ਸੀ ਤਾਂ ਕਈ ਫ਼ਰੀਸੀ ਅਤੇ ਬਿਵਸਥਾ ਦੇ ਪੜ੍ਹਾਉਣ ਵਾਲੇ ਉੱਥੇ ਬੈਠੇ ਸਨ, ਜਿਹੜੇ ਗਲੀਲ ਦੇ ਹਰੇਕ ਪਿੰਡ ਅਤੇ ਯਹੂਦਿਯਾ ਅਤੇ ਯਰੂਸ਼ਲਮ ਤੋਂ ਆਏ ਸਨ ਅਤੇ ਪ੍ਰਭੂ ਦੀ ਸਮਰੱਥਾ ਚੰਗਾ ਕਰਨ ਲਈ ਉਸ ਦੇ ਨਾਲ ਸੀ। 18ਉਸ ਸਮੇਂ ਕਈ ਲੋਕ ਇੱਕ ਮਨੁੱਖ ਨੂੰ ਜਿਹੜਾ ਅਧਰੰਗੀ ਸੀ, ਮੰਜੀ ਉੱਤੇ ਲਿਆਏ ਅਤੇ ਚਾਹਿਆ ਜੋ ਉਸ ਨੂੰ ਅੰਦਰ ਲੈ ਜਾ ਕੇ ਯਿਸੂ ਦੇ ਅੱਗੇ ਰੱਖਣ। 19ਅਤੇ ਜਦੋਂ ਭੀੜ ਦੇ ਕਾਰਨ ਉਸ ਨੂੰ ਅੰਦਰ ਲੈ ਜਾਣ ਦਾ ਕੋਈ ਤਰੀਕਾ ਨਾ ਲੱਭਿਆ ਤਾਂ ਛੱਤ ਉੱਤੇ ਚੜ੍ਹ ਗਏ ਅਤੇ ਟਾਇਲਾਂ ਦੇ ਵਿੱਚੋਂ ਦੀ ਉਸ ਨੂੰ ਮੰਜੀ ਸਣੇ ਯਿਸੂ ਦੇ ਅੱਗੇ ਉਤਾਰ ਦਿੱਤਾ। 20ਅਤੇ ਉਸ ਨੇ ਉਨ੍ਹਾਂ ਦਾ ਵਿਸ਼ਵਾਸ ਵੇਖ ਕੇ ਕਿਹਾ, ਮਨੁੱਖਾ ਤੇਰੇ ਪਾਪ ਮਾਫ਼ ਹੋਏ। 21ਤਦ ਉਪਦੇਸ਼ਕ ਅਤੇ ਫ਼ਰੀਸੀ ਵਿਵਾਦ ਕਰਨ ਲੱਗੇ ਕਿ ਇਹ ਕੌਣ ਹੈ ਜੋ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੈ? ਪਰਮੇਸ਼ੁਰ ਤੋਂ ਬਿਨ੍ਹਾਂ ਹੋਰ ਕੌਣ ਪਾਪ ਨੂੰ ਮਾਫ਼ ਕਰ ਸਕਦਾ ਹੈ? 22ਤਦ ਯਿਸੂ ਨੇ ਉਨ੍ਹਾਂ ਦੀਆਂ ਸੋਚਾਂ ਨੂੰ ਜਾਣ ਕੇ ਅੱਗੋਂ ਉਨ੍ਹਾਂ ਨੂੰ ਆਖਿਆ, ਤੁਸੀਂ ਆਪਣੇ ਮਨਾਂ ਵਿੱਚ ਕੀ ਵਿਚਾਰ ਕਰਦੇ ਹੋ? 23ਕਿਹੜੀ ਗੱਲ ਸੌਖੀ ਹੈ, ਇਹ ਆਖਣਾ ਜੋ ਤੇਰੇ ਪਾਪ ਮਾਫ਼ ਹੋਏ ਜਾਂ ਇਹ ਆਖਣਾ ਕਿ ਉੱਠ ਅਤੇ ਤੁਰ? 24ਪਰ ਇਸ ਲਈ ਜੋ ਤੁਸੀਂ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ, ਫਿਰ ਯਿਸੂ ਨੇ ਉਸ ਅਧਰੰਗੀ ਨੂੰ ਕਿਹਾ, ਮੈਂ ਤੈਨੂੰ ਆਖਦਾ ਹਾਂ, ਉੱਠ ਅਤੇ ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾ। 25ਤਾਂ ਉਹ ਝੱਟ ਉਨ੍ਹਾਂ ਦੇ ਸਾਹਮਣੇ ਉੱਠਿਆ ਅਤੇ ਮੰਜੀ ਚੁੱਕ ਕੇ ਪਰਮੇਸ਼ੁਰ ਦੀ ਮਹਿਮਾ ਕਰਦਾ ਹੋਇਆ ਆਪਣੇ ਘਰ ਚੱਲਿਆ ਗਿਆ। 26ਅਤੇ ਉਹ ਸਾਰੇ ਬਹੁਤ ਹੈਰਾਨ ਹੋ ਕੇ ਪਰਮੇਸ਼ੁਰ ਦੀ ਮਹਿਮਾ ਕਰਨ ਲੱਗੇ ਅਤੇ ਡਰ ਨਾਲ ਭਰ ਗਏ ਤੇ ਕਹਿਣ ਲੱਗੇ, ਅਸੀਂ ਅੱਜ ਅਚਰਜ਼ ਗੱਲਾਂ ਵੇਖੀਆਂ ਹਨ!।

ਅੱਜ ਦੇ ਸੰਤ

ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ C, ਹਫ਼ਤੇ ਦੇ ਦਿਨਾਂ ਦਾ ਸਾਲ II।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ