Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਸਤੰਬਰ 2027 › ਸਤੰਬਰ 5

ਆਰਥੋਡਾਕਸ ਕੈਲੰਡਰ · 23 ਅਗਸਤ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 5 ਸਤੰਬਰ 2027

ਐਤਵਾਰ · ਸੁਰ 2

ਤਿਉਹਾਰ ਅਤੇ ਸੰਤ

ਪੰਤੇਕੁਸਤ ਤੋਂ ਬਾਅਦ 11ਵਾਂ ਐਤਵਾਰ

ਵਰਤ

ਕੋਈ ਵਰਤ ਨਹੀਂ

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਸਵੇਰ ਦੀ ਪ੍ਰਾਰਥਨਾ ਦੀ 11ਵੀਂ ਇੰਜੀਲ

ਯੂਹ 21:15–25

15ਉਨ੍ਹਾਂ ਦੇ ਖਾ ਹਟਣ ਤੋਂ ਬਾਅਦ, ਯਿਸੂ ਨੇ ਸ਼ਮਊਨ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਜਿੰਨਾਂ ਪਿਆਰ ਇਹ ਲੋਕ ਮੈਨੂੰ ਕਰਦੇ ਹਨ ਤੂੰ ਮੈਨੂੰ ਇਨ੍ਹਾਂ ਲੋਕਾਂ ਨਾਲੋਂ ਵੱਧ ਪਿਆਰ ਕਰਦਾ ਹੈਂ?” ਪਤਰਸ ਨੇ ਕਿਹਾ, “ਹਾਂ ਪ੍ਰਭੂ ਜੀ, ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।” ਤਦ ਯਿਸੂ ਨੇ ਪਤਰਸ ਨੂੰ ਕਿਹਾ, “ਮੇਰੇ ਲੇਲੇ ਚਾਰ।” 16ਯਿਸੂ ਨੇ ਫ਼ੇਰ ਪਤਰਸ ਨੂੰ ਆਖਿਆ, “ਹੇ ਸ਼ਮਊਨ ਯੂਹੰਨਾ ਦੇ ਪੁੱਤਰ ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਪਤਰਸ ਨੇ ਕਿਹਾ, “ਹਾਂ ਪ੍ਰਭੂ ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।” ਤਦ ਯਿਸੂ ਨੇ ਪਤਰਸ ਨੂੰ ਆਖਿਆ, “ਮੇਰੀਆਂ ਭੇਡਾਂ ਦੀ ਰਾਖੀ ਕਰ।” 17ਤੀਜੀ ਵਾਰ ਯਿਸੂ ਨੇ ਫ਼ਿਰ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ?” ਪਤਰਸ ਉਦਾਸ ਹੋ ਗਿਆ ਇਸ ਲਈ ਕਿ ਯਿਸੂ ਨੇ ਤੀਜੀ ਵਾਰ ਉਸ ਨੂੰ ਪੁੱਛਿਆ ਕਿ, “ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ।” ਪਤਰਸ ਨੇ ਕਿਹਾ, “ਪ੍ਰਭੂ ਤੂੰ ਸਭ ਕੁਝ ਜਾਣਦਾ ਹੈ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।” ਯਿਸੂ ਨੇ ਪਤਰਸ ਨੂੰ ਆਖਿਆ, “ਮੇਰੀਆਂ ਭੇਡਾਂ ਨੂੰ ਚਾਰ। 18ਮੈਂ ਤੈਨੂੰ ਸੱਚ-ਸੱਚ ਆਖਦਾ ਜਦੋਂ ਤੂੰ ਜਵਾਨ ਸੀ ਤੂੰ ਲੱਕ ਦੁਆਲੇ ਪੇਟੀ ਬੰਨ੍ਹ ਕੇ ਜਿੱਥੇ ਤੇਰਾ ਜੀਅ ਕਰਦਾ ਤੂੰ ਤੁਰ ਜਾਂਦਾ ਸੀ, ਪਰ ਜਦ ਤੂੰ ਬੁੱਢਾ ਹੋਵੇਂਗਾ ਤੂੰ ਆਪਣੇ ਹੱਥ ਲੰਬੇ ਕਰੇਗਾ ਅਤੇ ਕੋਈ ਹੋਰ ਵਿਅਕਤੀ ਤੇਰੇ ਲੱਕ ਬੰਨ੍ਹੇਗਾ ਅਤੇ ਜਿੱਥੇ ਤੇਰਾ ਜੀਅ ਨਹੀਂ ਕਰੇਗਾ ਜਾਣ ਨੂੰ ਉਹ ਤੈਨੂੰ ਉੱਥੇ ਲੈ ਜਾਵੇਗਾ।” 19ਯਿਸੂ ਨੇ ਉਸ ਨੂੰ ਇਹ ਦੱਸਣ ਲਈ ਕਿਹਾ ਕਿ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਕਿਸ ਤਰ੍ਹਾਂ ਦੀ ਮੌਤ ਮਰੇਗਾ। ਅਤੇ ਇਹ ਕਹਿ ਕੇ ਉਸ ਨੇ ਆਖਿਆ, “ਮੇਰੇ ਮਗਰ ਹੋ ਤੁਰ।” 20ਪਤਰਸ ਨੇ ਵੇਖਿਆ ਕਿ ਜਿਸ ਨੂੰ ਯਿਸੂ ਬਹੁਤ ਪਿਆਰ ਕਰਦਾ ਸੀ, ਉਹ ਚੇਲਾ ਪਿਛੇ ਆ ਰਿਹਾ ਸੀ। ਇਹ ਉਹ ਚੇਲਾ ਸੀ ਜਿਹੜਾ ਉਸ ਰਾਤ ਦੇ ਖਾਣੇ ਵੇਲੇ ਯਿਸੂ ਵੱਲ ਝੁਕਿਆ ਸੀ ਤੇ ਆਖਿਆ ਸੀ “ਪ੍ਰਭੂ, ਤੈਨੂੰ ਦੁਸ਼ਮਣਾਂ ਹੱਥੀਂ ਕੌਣ ਫ਼ੜਵਾਏਗਾ?” 21ਜਦੋਂ ਪਤਰਸ ਨੇ ਉਸ ਚੇਲੇ ਨੂੰ ਆਪਣੇ ਪਿਛੋਂ ਆਉਂਦਿਆਂ ਦੇਖਿਆ ਤਾਂ ਉਸ ਨੇ ਯਿਸੂ ਨੂੰ ਪੁੱਛਿਆ, “ਪ੍ਰਭੂ ਜੀ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਇਸ ਦਾ ਕੀ ਹੋਵੇਗਾ?” 22ਯਿਸੂ ਨੇ ਉੱਤਰ ਦਿੱਤਾ, “ਜੇ ਮੈਂ ਚਾਹਵਾਂ ਕਿ ਮੇਰੇ ਆਉਣ ਤੱਕ ਉਹ ਠਹਿਰੇ, ਤਾਂ ਤੈਨੂੰ ਕੀ? ਤੂੰ ਮੇਰੇ ਪਿਛੇ ਹੋ ਤੁਰ।” 23ਤਾਂ ਇਹ ਗੱਲ ਚੇਲਿਆਂ ਵਿੱਚ ਫ਼ੈਲ ਗਈ ਕਿ ਇਹ ਚੇਲਾ ਜਿਸ ਨੂੰ ਯਿਸੂ ਬਹੁਤ ਪਿਆਰ ਕਰਦਾ ਸੀ, ਓਹ ਨਹੀਂ ਮਰੇਗਾ। ਪਰ ਯਿਸੂ ਨੇ ਇਹ ਨਹੀਂ ਆਖਿਆ ਸੀ ਕਿ ਉਹ ਨਹੀਂ ਮਰੇਗਾ। ਸਗੋਂ ਅਸਲ ਵਿੱਚ ਆਖਿਆ ਸੀ, “ਜੇ ਮੈਂ ਚਾਹਵਾਂ ਮੇਰੇ ਆਉਣ ਤੱਕ ਓਹ ਜੀਵੇ ਤਾਂ ਤੁਹਾਨੂੰ ਕੀ?” 24ਇਹ ਉਹ ਚੇਲਾ ਹੈ ਜਿਹੜਾ ਇਨ੍ਹਾਂ ਗੱਲਾਂ ਦੀ ਗਵਾਹੀ ਦਿੰਦਾ ਹੈ। ਅਤੇ ਜਿਸ ਨੇ ਇਹ ਗੱਲਾਂ ਲਿਖੀਆਂ ਅਤੇ ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ। 25ਯਿਸੂ ਨੇ ਹੋਰ ਵੀ ਬਹੁਤ ਕੰਮ ਕੀਤੇ। ਜੇ ਉਹ ਸਾਰੇ ਇੱਕ-ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਕਿ ਸਾਰੀਆਂ ਪੁਸਤਕਾਂ ਲਿਖੇ ਜਾਣ ਲਈ ਸ਼ਾਇਦ ਸਾਰਾ ਜਗਤ ਵੀ ਘੱਟ ਹੁੰਦਾ।

ਪੱਤ੍ਰੀ

1 ਕੁਰਿੰਥੀ 9:2–12

2ਭਾਵੇਂ ਮੈਂ ਹੋਰਨਾਂ ਲਈ ਰਸੂਲ ਨਹੀਂ, ਪਰ ਤੁਹਾਡੇ ਲਈ ਤਾਂ ਹਾਂ ਕਿਉਂ ਜੋ ਤੁਸੀਂ ਪ੍ਰਭੂ ਦੇ ਵਿੱਚ ਮੇਰੀ ਰਸੂਲਗੀ ਦੀ ਮੋਹਰ ਹੋ। 3ਉਨ੍ਹਾਂ ਨੂੰ ਜਿਹੜੇ ਮੇਰੀ ਜਾਂਚ ਕਰਦੇ ਹਨ, ਇਹੋ ਮੇਰਾ ਉੱਤਰ ਹੈ। 4ਭਲਾ, ਸਾਨੂੰ ਖਾਣ-ਪੀਣ ਦਾ ਹੱਕ ਨਹੀਂ? 5ਭਲਾ, ਸਾਨੂੰ ਅਧਿਕਾਰ ਨਹੀਂ ਜੋ ਕਿਸੇ ਮਸੀਹੀ ਭੈਣ ਨਾਲ ਵਿਆਹ ਕਰਕੇ ਨਾਲ ਲਈ ਫਿਰੀਏ, ਜਿਵੇਂ ਹੋਰ ਰਸੂਲ ਅਤੇ ਪ੍ਰਭੂ ਦੇ ਭਰਾ ਅਤੇ ਕੈਫ਼ਾਸ ਕਰਦੇ ਹਨ? 6ਅਥਵਾ ਕੀ ਸਿਰਫ਼ ਮੈਨੂੰ ਅਤੇ ਬਰਨਬਾਸ ਨੂੰ ਹੀ ਹੱਕ ਨਹੀਂ ਕਿ ਮਿਹਨਤ ਕਰਨੀ ਛੱਡ ਦੇਈਏ? 7ਆਪਣੇ ਕੋਲੋਂ ਕੌਣ ਖ਼ਰਚ ਕਰਕੇ ਫੌਜ ਦੀ ਨੌਕਰੀ ਕਰਦਾ ਹੈ? ਕੌਣ ਅੰਗੂਰੀ ਬਾਗ਼ ਲਾ ਕੇ ਉਹ ਦਾ ਫਲ ਨਹੀਂ ਖਾਂਦਾ ਅਥਵਾ ਕੌਣ ਇੱਜੜ ਦੀ ਪਾਲਨਾ ਕਰ ਕੇ ਇੱਜੜ ਦਾ ਕੁਝ ਦੁੱਧ ਨਹੀਂ ਪੀਂਦਾ? 8ਕੀ ਮੈਂ ਲੋਕਾਂ ਵਾਂਗੂੰ ਇਹ ਗੱਲਾਂ ਆਖਦਾ ਹਾਂ ਅਥਵਾ ਕੀ ਬਿਵਸਥਾ ਵੀ ਇਹੋ ਨਹੀਂ ਕਹਿੰਦੀ? 9ਕਿਉਂ ਜੋ ਮੂਸਾ ਦੀ ਬਿਵਸਥਾ ਵਿੱਚ ਇਹ ਲਿਖਿਆ ਹੋਇਆ ਹੈ, ਜੋ ਤੂੰ ਗਾਹੁੰਦੇ ਬਲ਼ਦ ਦੇ ਮੂੰਹ ਨੂੰ ਛਿੱਕਲੀ ਨਾ ਚੜ੍ਹਾਈਂ। ਕੀ ਪਰਮੇਸ਼ੁਰ ਬਲ਼ਦਾਂ ਦੀ ਹੀ ਚਿੰਤਾ ਕਰਦਾ ਹੈ? 10ਅਥਵਾ ਉਹ ਸਾਡੇ ਲਈ ਹੀ ਇਹ ਆਖਦਾ ਹੈ? ਖ਼ਾਸ ਕਰਕੇ ਸਾਡੇ ਲਈ ਇਹ ਲਿਖਿਆ ਗਿਆ ਸੀ ਕਿਉਂਕਿ ਚਾਹੀਦਾ ਹੈ ਕਿ ਜਿਹੜਾ ਵਾਹੀ ਕਰਦਾ ਹੈ ਉਹ ਆਸ ਨਾਲ ਵਾਹੀ ਕਰੇ ਅਤੇ ਜਿਹੜਾ ਗਾਹੁੰਦਾ ਹੈ ਉਹ ਹਿੱਸਾ ਲੈਣ ਦੀ ਆਸ ਨਾਲ ਗਾਹੇ। 11ਜੇ ਅਸੀਂ ਤੁਹਾਡੇ ਲਈ ਆਤਮਿਕ ਪਦਾਰਥ ਬੀਜੇ ਤਾਂ ਕੀ ਇਹ ਕੋਈ ਵੱਡੀ ਗੱਲ ਹੈ ਜੋ ਅਸੀਂ ਤੁਹਾਡੇ ਸਰੀਰਕ ਪਦਾਰਥ ਵੱਢੀਏ? 12ਜੇ ਹੋਰਨਾਂ ਲੋਕਾਂ ਨੂੰ ਤੁਹਾਡੇ ਉੱਤੇ ਇਹ ਹੱਕ ਹੈ ਤਾਂ ਕੀ ਸਾਨੂੰ ਇਸ ਤੋਂ ਵੱਧ ਕੇ ਨਹੀਂ? ਪਰ ਅਸੀਂ ਆਪਣੇ ਇਸ ਅਧਿਕਾਰ ਨੂੰ ਵਰਤਿਆ ਨਹੀਂ ਪਰੰਤੂ ਸਭ ਕੁਝ ਝੱਲ ਲੈਂਦੇ ਹਾਂ ਤਾਂ ਜੋ ਅਸੀਂ ਮਸੀਹ ਦੀ ਖੁਸ਼ਖਬਰੀ ਵਿੱਚ ਕੋਈ ਰੁਕਾਵਟ ਨਾ ਪਾਈਏ।

ਪੱਤ੍ਰੀ (ਪਰਮੇਸ਼ੁਰ-ਜਣਨੀ ਲਈ)

ਫਿਲਿੱ 2:5–11

5ਤੁਹਾਡਾ ਉਹੋ ਸੁਭਾਓ ਹੋਵੇ ਜੋ ਮਸੀਹ ਯਿਸੂ ਦਾ ਵੀ ਸੀ। 6ਕਿ ਉਸ ਨੇ ਪਰਮੇਸ਼ੁਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ੁਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ। 7ਸਗੋਂ ਉਸ ਨੇ ਆਪਣੇ ਆਪ ਨੂੰ ਸੱਖਣਾ (ਜੋ ਕੁਝ ਉਸ ਕੋਲ ਸੀ, ਸਭ ਕੁਝ ਤਿਆਗ ਦਿੱਤਾ) ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ। 8ਅਤੇ ਮਨੁੱਖ ਦੀ ਸ਼ਕਲ ਵਿੱਚ ਪਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤੱਕ ਸਗੋਂ ਸਲੀਬ ਦੀ ਮੌਤ ਤੱਕ ਆਗਿਆਕਾਰ ਬਣਿਆ। 9ਇਸ ਕਾਰਨ ਪਰਮੇਸ਼ੁਰ ਨੇ ਵੀ ਉਸ ਨੂੰ ਅੱਤ ਉੱਚਿਆਂ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ। 10ਜੋ ਸਵਰਗ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਨ, ਯਿਸੂ ਦੇ ਨਾਮ ਵਿੱਚ ਹਰ ਗੋਡਾ ਨਿਵਾਇਆ ਜਾਵੇ। 11ਅਤੇ ਹਰ ਜ਼ਬਾਨ ਪਰਮੇਸ਼ੁਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੂ ਹੈ।

ਇੰਜੀਲ

ਮੱਤੀ 18:23–35

23ਇਸ ਲਈ ਸਵਰਗ ਰਾਜ ਇੱਕ ਰਾਜੇ ਵਰਗਾ ਹੈ ਜਿਸ ਨੇ ਆਪਣੇ ਨੌਕਰਾਂ ਤੋਂ ਲੇਖਾ ਲੈਣਾ ਚਾਹਿਆ। 24ਅਤੇ ਜਦ ਉਹ ਹਿਸਾਬ ਲੈਣ ਲੱਗਾ ਤਾਂ ਇੱਕ ਮਨੁੱਖ ਨੂੰ ਉਸ ਕੋਲ ਲਿਆਏ ਜਿਸ ਨੇ ਦਸ ਹਜ਼ਾਰ ਤੋੜੇ ਦਾ ਕਰਜ਼ਾ ਦੇਣਾ ਸੀ। 25ਪਰ ਉਹ ਦੇ ਕੋਲ ਦੇਣ ਨੂੰ ਕੁਝ ਨਹੀਂ ਸੀ, ਉਹ ਦੇ ਮਾਲਕ ਨੇ ਹੁਕਮ ਦਿੱਤਾ ਜੋ ਉਹ ਅਤੇ ਉਹ ਦੀ ਪਤਨੀ, ਬਾਲ ਬੱਚੇ ਅਤੇ ਸਭ ਕੁਝ ਜੋ ਉਹ ਦਾ ਹੈ ਵੇਚਿਆ ਜਾਵੇ ਅਤੇ ਕਰਜ਼ ਭਰ ਲਿਆ ਜਾਵੇ। 26ਤਦ ਉਸ ਨੌਕਰ ਨੇ ਪੈਰਾਂ ਤੇ ਡਿੱਗ ਕੇ ਕਿਹਾ, ਸੁਆਮੀ ਜੀ, ਮੇਰੇ ਉੱਤੇ ਧੀਰਜ ਰੱਖੋ, ਮੈਂ ਤੁਹਾਡਾ ਸਾਰਾ ਕਰਜ਼ ਮੋੜ ਦਿਆਂਗਾ। 27ਤਦ ਉਸ ਨੌਕਰ ਦੇ ਮਾਲਕ ਨੇ, ਤਰਸ ਖਾ ਕੇ ਉਹ ਨੂੰ ਛੱਡ ਦਿੱਤਾ ਅਤੇ ਸਾਰਾ ਕਰਜ਼ ਉਹ ਨੂੰ ਮਾਫ਼ ਕਰ ਦਿੱਤਾ। 28ਜਦੋਂ ਉਹ ਨੌਕਰ ਬਾਹਰ ਨਿੱਕਲਿਆ, ਤਦ ਉਹ ਨੂੰ ਆਪਣੇ ਨਾਲ ਦੇ ਨੌਕਰਾਂ ਵਿੱਚੋਂ ਇੱਕ ਮਿਲਿਆ ਜਿਸ ਤੋਂ ਉਹ ਨੇ ਸੋ ਦੀਨਾਰ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ) ਲੈਣੇ ਸਨ, ਉਸ ਨੇ ਉਹ ਨੂੰ ਗਲੇ ਤੋਂ ਫੜ੍ਹ ਕੇ ਆਖਿਆ, ਜੋ ਮੇਰਾ ਤੂੰ ਦੇਣਾ ਹੈ ਸੋ ਦੇ! 29ਤਦ ਉਹ ਦੇ ਨਾਲ ਦਾ ਨੌਕਰ ਉਹ ਦੇ ਪੈਰੀਂ ਪਿਆ ਅਤੇ ਮਿੰਨਤ ਕਰ ਕੇ ਕਿਹਾ, ਮੇਰੇ ਉੱਤੇ ਧੀਰਜ ਕਰ ਤਾਂ ਮੈਂ ਤੇਰਾ ਕਰਜ਼ ਮੋੜ ਦਿਆਂਗਾ। 30ਪਰ ਉਹ ਨੇ ਉਸ ਦੀ ਨਾ ਸੁਣੀ ਸਗੋਂ ਜਾ ਕੇ ਉਸ ਨੂੰ ਉਸ ਸਮੇਂ ਤੱਕ ਕੈਦ ਵਿੱਚ ਪਾ ਦਿੱਤਾ ਜਦੋਂ ਤੱਕ ਉਹ ਕਰਜ਼ ਨਾ ਮੋੜ ਦੇਵੇ। 31ਪਰ ਜਦੋਂ ਉਹ ਦੇ ਨਾਲ ਦੇ ਨੌਕਰਾਂ ਨੇ ਇਹ ਸਭ ਦੇਖਿਆ ਤਾਂ ਉਹ ਬਹੁਤ ਉਦਾਸ ਹੋਏ ਅਤੇ ਜਾ ਕੇ ਆਪਣੇ ਮਾਲਕ ਨੂੰ ਸਾਰਾ ਹਾਲ ਦੱਸ ਦਿੱਤਾ। 32ਤਦ ਉਹ ਦੇ ਮਾਲਕ ਨੇ ਉਹ ਨੂੰ ਆਪਣੇ ਕੋਲ ਸੱਦ ਕੇ ਕਿਹਾ, ਓਏ ਦੁਸ਼ਟ ਨੌਕਰ! ਮੈਂ ਤੈਨੂੰ ਉਹ ਸਾਰਾ ਕਰਜ਼ ਮਾਫ਼ ਕਰ ਦਿੱਤਾ ਕਿਉਂਕਿ ਤੂੰ ਮੇਰੀ ਮਿੰਨਤ ਕੀਤੀ ਸੀ। 33ਫੇਰ ਜਿਸ ਤਰ੍ਹਾਂ ਮੈਂ ਤੇਰੇ ਉੱਤੇ ਦਯਾ ਕੀਤੀ ਕੀ ਤੈਨੂੰ ਆਪਣੇ ਨਾਲ ਦੇ ਨੌਕਰ ਉੱਤੇ ਵੀ ਉਸੇ ਤਰ੍ਹਾਂ ਦਯਾ ਨਹੀਂ ਕਰਨੀ ਚਾਹੀਦੀ ਸੀ? 34ਉਸ ਦੇ ਮਾਲਕ ਨੇ ਕ੍ਰੋਧੀ ਹੋ ਕੇ ਉਹ ਨੂੰ ਦੁੱਖ ਦੇਣ ਵਾਲਿਆਂ ਦੇ ਹਵਾਲੇ ਕੀਤਾ, ਜਿੰਨਾਂ ਚਿਰ ਉਹ ਸਾਰਾ ਕਰਜ਼ ਭਰ ਨਾ ਦੇਵੇ? 35ਇਸੇ ਤਰ੍ਹਾਂ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਰਾਵਾਂ ਨੂੰ ਦਿਲੋਂ ਮਾਫ਼ ਨਾ ਕਰੋ।

ਇੰਜੀਲ (ਪਰਮੇਸ਼ੁਰ-ਜਣਨੀ ਲਈ)

ਲੂਕਾ 10:38–42; 11:27–28

38ਫੇਰ ਜਦ ਉਹ ਚੱਲੇ ਜਾਂਦੇ ਸਨ ਤਾਂ ਉਹ ਇੱਕ ਪਿੰਡ ਵਿੱਚ ਪਹੁੰਚੇ ਅਤੇ ਮਾਰਥਾ ਨਾਮ ਦੀ ਇੱਕ ਔਰਤ ਨੇ ਉਸ ਨੂੰ ਆਪਣੇ ਘਰ ਉਤਾਰਿਆ। 39ਅਤੇ ਮਰਿਯਮ ਨਾਮਕ ਉਸ ਦੀ ਇੱਕ ਭੈਣ ਸੀ ਜਿਹੜੀ ਪ੍ਰਭੂ ਦੇ ਚਰਨਾਂ ਕੋਲ ਬੈਠ ਕੇ ਉਸ ਦਾ ਬਚਨ ਸੁਣਦੀ ਸੀ। 40ਪਰ ਮਾਰਥਾ ਸੇਵਾ ਕਰਦੀ-ਕਰਦੀ ਘਬਰਾ ਗਈ ਅਤੇ ਉਸ ਦੇ ਕੋਲ ਆਣ ਕੇ ਕਿਹਾ, ਪ੍ਰਭੂ ਜੀ ਤੁਹਾਨੂੰ ਮੇਰੀ ਕੋਈ ਚਿੰਤਾ ਨਹੀਂ ਜੋ ਮੇਰੀ ਭੈਣ ਸੇਵਾ ਵਿੱਚ ਮੇਰੀ ਸਹਾਇਤਾ ਨਹੀਂ ਕਰਦੀ? ਮੇਰੀ ਸਹਾਇਤਾ ਲਈ ਉਸ ਨੂੰ ਕਹੋ। 41ਪਰ ਪ੍ਰਭੂ ਨੇ ਉਸ ਨੂੰ ਉੱਤਰ ਦਿੱਤਾ, ਮਾਰਥਾ! ਮਾਰਥਾ! ਤੂੰ ਬਹੁਤੀਆਂ ਵਸਤਾਂ ਦੀ ਚਿੰਤਾ ਕਰਦੀ ਅਤੇ ਘਬਰਾਉਂਦੀ ਹੈਂ। 42ਪਰ ਇੱਕ ਗੱਲ ਦੀ ਲੋੜ ਹੈ। ਮਰਿਯਮ ਨੇ ਤਾਂ ਉਹ ਚੰਗਾ ਹਿੱਸਾ ਪਸੰਦ ਕੀਤਾ ਹੈ ਜੋ ਉਸ ਤੋਂ ਖੋਹਿਆ ਨਾ ਜਾਵੇਗਾ। 11:27ਅਤੇ ਇਹ ਹੋਇਆ ਕਿ ਜਦ ਯਿਸੂ ਇਹ ਗੱਲਾਂ ਕਰ ਰਹੇ ਸਨ ਤਾਂ ਭੀੜ ਵਿੱਚੋਂ ਇੱਕ ਔਰਤ ਨੇ ਪੁਕਾਰ ਕੇ ਕਿਹਾ, ਕਿ ਧੰਨ ਹੈ ਉਹ ਮਾਂ ਜਿਸ ਨੇ ਤੈਨੂੰ ਜਨਮ ਦਿੱਤਾ ਅਤੇ ਉਹ ਛਾਤੀਆਂ ਜਿਨ੍ਹਾਂ ਨੇ ਤੈਨੂੰ ਚੁੰਘਾਇਆ ਹੈ! 28ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਪਰ ਧੰਨ ਹਨ ਉਹ ਲੋਕ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਅਗਸਤ 23 ਸਿਵਲ ਕੈਲੰਡਰ ਦਾ ਸਤੰਬਰ 5 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ