Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਜੁਲਾਈ 2027 › ਜੁਲਾਈ 13

ਆਰਥੋਡਾਕਸ ਕੈਲੰਡਰ · 30 ਜੂਨ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 13 ਜੁਲਾਈ 2027

ਮੰਗਲਵਾਰ · ਪੰਤੇਕੁਸਤ ਤੋਂ ਬਾਅਦ ਚੌਥਾ ਹਫ਼ਤਾ · ਸੁਰ 2

ਤਿਉਹਾਰ ਅਤੇ ਸੰਤ

Synaxis of the Twelve Glorious and All-Praised Apostles: Peter and Andrew, James and John, Phillip, Bartholomew, Thomas, Matthew, James the son of Alpheus, Jude [Thaddeus], Simon Zealotes, and Matthias

ਵਰਤ

ਕੋਈ ਵਰਤ ਨਹੀਂ

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਪੱਤ੍ਰੀ (ਸੋਮਵਾਰ ਲਈ)

ਰੋਮ 9:18–33

18ਸੋ ਉਹ ਜਿਹ ਦੇ ਉੱਤੇ ਚਾਹੁੰਦਾ ਹੈ ਉਹ ਦੇ ਉੱਤੇ ਦਯਾ ਕਰਦਾ ਹੈ, ਅਤੇ ਜਿਹ ਦੇ ਉੱਤੇ ਚਾਹੁੰਦਾ ਉਹ ਦੇ ਉੱਤੇ ਸਖਤੀ ਕਰਦਾ ਹੈ। 19ਤਾਂ ਤੂੰ ਮੈਨੂੰ ਇਹ ਆਖੇਂਗਾ, ਕਿ ਉਹ ਹੁਣ ਕਿਉਂ ਦੋਸ਼ ਲਾਉਂਦਾ ਹੈ, ਕਿਉਂ ਜੋ ਉਸ ਦੀ ਮਰਜ਼ੀ ਦਾ ਕਿਸ ਨੇ ਸਾਹਮਣਾ ਕੀਤਾ? 20ਹੇ ਮਨੁੱਖ, ਤੂੰ ਪਰਮੇਸ਼ੁਰ ਨਾਲ ਵਿਵਾਦ ਕਰਨ ਵਾਲਾ ਕੌਣ ਹੈ? ਭਲਾ ਘੜੀ ਹੋਈ ਚੀਜ਼ ਆਪਣੇ ਘੜਨ ਵਾਲੇ ਨੂੰ ਕਹਿ ਸਕਦੀ ਹੈ ਕਿ ਤੂੰ ਮੈਨੂੰ ਅਜਿਹਾ ਕਿਉਂ ਬਣਾਇਆ? 21ਕੀ ਘੁਮਿਆਰ ਨੂੰ ਮਿੱਟੀ ਦੇ ਉੱਪਰ ਅਧਿਕਾਰ ਨਹੀਂ, ਜੋ ਇੱਕੋ ਪੇੜੇ ਵਿੱਚੋਂ ਇੱਕ ਭਾਂਡਾ ਆਦਰ ਅਤੇ ਦੂਜਾ ਨਿਰਾਦਰ ਦੇ ਕੰਮ ਲਈ ਬਣਾਵੇ? 22ਅਤੇ ਕੀ ਹੋਇਆ ਜੇ ਪਰਮੇਸ਼ੁਰ ਨੇ ਇਹ ਚਾਹ ਕੇ ਜੋ ਆਪਣਾ ਕ੍ਰੋਧ ਵਿਖਾਵੇ ਅਤੇ ਆਪਣੀ ਸ਼ਕਤੀ ਪ੍ਰਗਟ ਕਰੇ ਕ੍ਰੋਧ ਦੇ ਭਾਂਡਿਆਂ ਨੂੰ ਜਿਹੜੇ ਨਾਸ ਦੇ ਲਈ ਤਿਆਰ ਕੀਤੇ ਹੋਏ ਸਨ, ਵੱਡੇ ਧੀਰਜ ਨਾਲ ਸਹਾਰਿਆ। 23ਤਾਂ ਜੋ ਦਯਾ ਦੇ ਭਾਂਡਿਆਂ ਉੱਤੇ ਜਿਨ੍ਹਾਂ ਨੂੰ ਉਸ ਨੇ ਪਹਿਲਾਂ ਹੀ ਮਹਿਮਾ ਦੇ ਲਈ ਤਿਆਰ ਕੀਤਾ ਸੀ, ਆਪਣੀ ਮਹਿਮਾ ਦਾ ਧੰਨ ਪ੍ਰਗਟ ਕਰੇ। 24ਅਰਥਾਤ ਸਾਡੇ ਉੱਤੇ ਜਿਹਨਾਂ ਨੂੰ ਉਸ ਨੇ ਕੇਵਲ ਯਹੂਦੀਆਂ ਵਿੱਚੋਂ ਹੀ ਨਹੀਂ, ਸਗੋਂ ਪਰਾਈਆਂ ਕੌਮਾਂ ਵਿੱਚੋਂ ਵੀ ਬੁਲਾਇਆ। 25ਜਿਵੇਂ ਹੋਸ਼ੇਆ ਦੀ ਪੁਸਤਕ ਵਿੱਚ ਵੀ ਉਹ ਕਹਿੰਦਾ ਹੈ, ਕਿ ਜਿਹੜੀ ਮੇਰੀ ਪਰਜਾ ਨਹੀਂ ਸੀ, ਉਹ ਨੂੰ ਮੈਂ ਆਪਣੀ ਪਰਜਾ ਆਖਾਂਗਾ ਅਤੇ ਜਿਹੜੀ ਪਿਆਰੀ ਨਹੀਂ ਸੀ, ਉਹ ਨੂੰ ਪਿਆਰੀ ਆਖਾਂਗਾ। 26ਅਤੇ ਐਉਂ ਹੋਵੇਗਾ, ਕਿ ਜਿੱਥੇ ਉਨ੍ਹਾਂ ਨੂੰ ਇਹ ਆਖਿਆ ਗਿਆ ਸੀ, ਕਿ ਤੁਸੀਂ ਮੇਰੀ ਪਰਜਾ ਨਹੀਂ, ਉੱਥੇ ਉਹ ਜੀਉਂਦੇ ਪਰਮੇਸ਼ੁਰ ਦੀ ਸੰਤਾਨ ਅਖਵਾਉਣਗੇ। 27ਯਸਾਯਾਹ ਇਸਰਾਏਲ ਦੇ ਵਿਖੇ ਪੁਕਾਰ ਕੇ ਕਹਿੰਦਾ ਹੈ, ਜੋ ਇਸਰਾਏਲ ਦਾ ਵੰਸ਼ ਭਾਵੇਂ ਗਿਣਤੀ ਵਿੱਚ ਸਮੁੰਦਰ ਦੀ ਰੇਤ ਦੇ ਤੁੱਲ ਹੋਵੇ ਪਰ ਉਹ ਦਾ ਕੁਝ ਹੀ ਹਿੱਸਾ ਬਚਾਇਆ ਜਾਵੇਗਾ। 28ਕਿਉਂ ਜੋ ਪ੍ਰਭੂ ਆਪਣੇ ਬਚਨ ਨੂੰ ਆਪਣੀ ਧਾਰਮਿਕਤਾ ਦੇ ਅਨੁਸਾਰ ਛੇਤੀ ਕਰ ਕੇ ਧਰਤੀ ਉੱਤੇ ਪੂਰਾ ਕਰੇਗਾ। 29ਜਿਵੇਂ ਯਸਾਯਾਹ ਨੇ ਪਹਿਲਾਂ ਵੀ ਕਿਹਾ ਸੀ, ਕੀ ਜੇ ਸੈਨਾਂ ਦੇ ਪ੍ਰਭੂ ਨੇ ਸਾਡੇ ਲਈ ਅੰਸ ਨਾ ਛੱਡੀ ਹੁੰਦੀ ਤਾਂ ਅਸੀਂ ਸਦੂਮ ਵਰਗੇ ਹੋ ਜਾਂਦੇ ਅਤੇ ਅਮੂਰਾਹ ਜਿਹੇ ਬਣ ਜਾਂਦੇ। 30ਫੇਰ ਅਸੀਂ ਕੀ ਆਖੀਏ? ਕਿ ਪਰਾਈਆਂ ਕੌਮਾਂ ਜਿਹੜੀਆਂ ਧਾਰਮਿਕਤਾ ਦਾ ਪਿੱਛਾ ਨਹੀਂ ਕਰਦੀਆਂ ਸਨ, ਉਹਨਾਂ ਨੇ ਧਾਰਮਿਕਤਾ ਨੂੰ ਪ੍ਰਾਪਤ ਕੀਤਾ ਸਗੋਂ ਉਸ ਧਾਰਮਿਕਤਾ ਨੂੰ ਜਿਹੜਾ ਵਿਸ਼ਵਾਸ ਤੋਂ ਹੁੰਦਾ ਹੈ। 31ਭਾਵੇਂ ਇਸਰਾਏਲ ਨੇ ਬਿਵਸਥਾ ਦੁਆਰਾ ਧਾਰਮਿਕਤਾ ਦਾ ਪਿੱਛਾ ਕੀਤਾ ਤਾਂ ਵੀ ਉਹ ਬਿਵਸਥਾ ਤੱਕ ਨਾ ਪਹੁੰਚ ਸਕੇ। 32ਕਿਉਂ? ਇਸ ਲਈ ਜੋ ਉਨ੍ਹਾਂ ਨੇ ਵਿਸ਼ਵਾਸ ਦੇ ਰਾਹੀਂ ਨਹੀਂ ਪਰ ਕੰਮਾਂ ਦੇ ਰਾਹੀਂ ਉਹ ਦਾ ਪਿੱਛਾ ਕੀਤਾ। ਉਨ੍ਹਾਂ ਨੇ ਠੋਕਰ ਖੁਆਉਣ ਵਾਲੇ ਪੱਥਰ ਨਾਲ ਠੇਡਾ ਖਾਧਾ। 33ਜਿਵੇਂ ਲਿਖਿਆ ਹੋਇਆ ਹੈ, ਵੇਖੋ, ਮੈਂ ਸੀਯੋਨ ਵਿੱਚ ਠੇਡਾ ਲੱਗਣ ਦਾ ਪੱਥਰ, ਅਤੇ ਠੋਕਰ ਖਾਣ ਦੀ ਚੱਟਾਨ ਰੱਖਦਾ ਹਾਂ, ਅਤੇ ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ, ਉਹ ਸ਼ਰਮਿੰਦਾ ਨਾ ਹੋਵੇਗਾ।

ਪੱਤ੍ਰੀ

ਰੋਮ 10:11–11:2

11ਪਵਿੱਤਰ ਗ੍ਰੰਥ ਇਸ ਤਰ੍ਹਾਂ ਕਹਿੰਦਾ ਹੈ, ਕਿ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇ, ਉਹ ਸ਼ਰਮਿੰਦਾ ਨਾ ਹੋਵੇਗਾ। 12ਯਹੂਦੀ ਅਤੇ ਯੂਨਾਨੀ ਵਿੱਚ ਤਾਂ ਕੁਝ ਫ਼ਰਕ ਨਹੀਂ ਹੈ, ਇਸ ਲਈ ਜੋ ਉਹੀ ਪ੍ਰਭੂ ਸਭ ਦਾ ਪ੍ਰਭੂ ਹੈ ਅਤੇ ਉਨ੍ਹਾਂ ਸਾਰਿਆਂ ਲਈ ਜਿਹੜੇ ਉਹਦਾ ਨਾਮ ਲੈਂਦੇ ਹਨ ਵੱਡਾ ਦਾਤਾ ਹੈ। 13ਕਿਉਂ ਜੋ ਹਰੇਕ ਜੋ ਪ੍ਰਭੂ ਦਾ ਨਾਮ ਲੈ ਕੇ ਪੁਕਾਰੇਗਾ, ਉਹ ਬਚਾਇਆ ਜਾਵੇਗਾ। 14ਪਰ ਜਿਸ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ, ਉਹ ਉਸਦਾ ਨਾਮ ਕਿਵੇਂ ਲੈਣ? ਅਤੇ ਜਿਸ ਦੀ ਖ਼ਬਰ ਸੁਣੀ ਹੀ ਨਹੀਂ, ਉਸ ਉੱਤੇ ਵਿਸ਼ਵਾਸ ਕਿਵੇਂ ਕਰਨ? ਅਤੇ ਪ੍ਰਚਾਰਕ ਤੋਂ ਬਿਨ੍ਹਾਂ ਕਿਵੇਂ ਸੁਣਨ? 15ਅਤੇ ਜੇ ਭੇਜੇ ਨਾ ਜਾਣ ਤਾਂ ਕਿਵੇਂ ਪਰਚਾਰ ਕਰਨ? ਜਿਵੇਂ ਲਿਖਿਆ ਹੋਇਆ ਹੈ, ਕਿ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ਖਬਰੀ ਸੁਣਾਉਂਦੇ ਹਨ, ਉਹਨਾਂ ਦੇ ਪੈਰ ਕਿੰਨੇ ਸੋਹਣੇ ਹਨ! 16ਪਰ ਸਭ ਨੇ ਇਸ ਖੁਸ਼ਖਬਰੀ ਨੂੰ ਨਹੀਂ ਮੰਨਿਆ ਕਿਉਂ ਜੋ ਯਸਾਯਾਹ ਕਹਿੰਦਾ ਹੈ, ਹੇ ਪ੍ਰਭੂ, ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ? 17ਸੋ ਵਿਸ਼ਵਾਸ ਸੁਣਨ ਨਾਲ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ। 18ਪਰ ਮੈਂ ਆਖਦਾ ਹਾਂ, ਭਲਾ, ਉਨ੍ਹਾਂ ਨੇ ਨਹੀਂ ਸੀ ਸੁਣਿਆ? ਬੇਸ਼ਕ! ਉਨ੍ਹਾਂ ਦੀ ਅਵਾਜ਼ ਸਾਰੀ ਧਰਤੀ ਵਿੱਚ ਗਈ, ਅਤੇ ਸੰਸਾਰ ਦੀਆਂ ਹੱਦਾਂ ਤੱਕ ਉਨ੍ਹਾਂ ਦੇ ਬੋਲ। 19ਪਰ ਮੈਂ ਕਹਿੰਦਾ ਹਾਂ, ਕੀ ਇਸਰਾਏਲ ਨਹੀਂ ਸੀ ਜਾਣਦਾ? ਪਹਿਲਾਂ ਤਾਂ ਮੂਸਾ ਕਹਿੰਦਾ ਹੈ, ਮੈਂ ਉਹਨਾਂ ਤੋਂ ਜੋ ਕੌਮ ਨਹੀਂ ਹੈ, ਤੁਹਾਨੂੰ ਈਰਖਾ ਕਰਾਵਾਂਗਾ, ਮੈਂ ਇੱਕ ਮੂਰਖ ਕੌਮ ਦੇ ਦੁਆਰਾ ਤੁਹਾਨੂੰ ਗੁੱਸਾ ਦੁਆਵਾਂਗਾ। 20ਫੇਰ ਯਸਾਯਾਹ ਵੱਡੀ ਦਲੇਰੀ ਨਾਲ ਕਹਿੰਦਾ ਹੈ, ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ, ਉਹਨਾਂ ਨੇ ਮੈਨੂੰ ਪਾ ਲਿਆ, ਅਤੇ ਜਿਨ੍ਹਾਂ ਨੇ ਮੈਨੂੰ ਨਾ ਪੁੱਛਿਆ, ਮੈਂ ਉਹਨਾਂ ਉੱਤੇ ਪਰਗਟ ਹੋਇਆ। 21ਪਰ ਇਸਰਾਏਲ ਦੇ ਬਾਰੇ ਉਹ ਕਹਿੰਦਾ ਹੈ, ਮੈਂ ਇੱਕ ਅਣ-ਆਗਿਆਕਾਰੀ ਅਤੇ ਵਿਵਾਦ ਕਰਨ ਵਾਲੀ ਪਰਜਾ ਵੱਲ ਸਾਰਾ ਦਿਨ ਆਪਣੇ ਹੱਥ ਪਸਾਰੇ ਰਿਹਾ। 11:1ਸੋ ਮੈਂ ਕਹਿੰਦਾ ਹਾਂ, ਕੀ ਪਰਮੇਸ਼ੁਰ ਨੇ ਆਪਣੀ ਪਰਜਾ ਨੂੰ ਛੱਡ ਦਿੱਤਾ? ਕਦੇ ਨਹੀਂ! ਮੈਂ ਵੀ ਤਾਂ ਇਸਰਾਏਲੀ ਹਾਂ, ਅਬਰਾਹਾਮ ਦੇ ਵੰਸ਼ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਹਾਂ। 2ਪਰਮੇਸ਼ੁਰ ਨੇ ਆਪਣੀ ਉਸ ਪਰਜਾ ਨੂੰ ਨਹੀਂ ਛੱਡਿਆ ਜਿਹ ਨੂੰ ਉਸ ਨੇ ਪਹਿਲਾਂ ਹੀ ਜਾਣਿਆ ਸੀ। ਭਲਾ, ਤੁਸੀਂ ਇਹ ਨਹੀਂ ਜਾਣਦੇ ਕਿ ਪਵਿੱਤਰ ਗ੍ਰੰਥ ਏਲੀਯਾਹ ਦੀ ਕਥਾ ਵਿੱਚ ਕੀ ਕਹਿੰਦਾ ਹੈ, ਕਿ ਉਹ ਪਰਮੇਸ਼ੁਰ ਦੇ ਅੱਗੇ ਇਸਰਾਏਲ ਦੇ ਵਿਰੁੱਧ ਕਿਸ ਤਰ੍ਹਾਂ ਫ਼ਰਿਆਦ ਕਰਦਾ ਹੈ?

ਪੱਤ੍ਰੀ (ਰਸੂਲਾਂ ਲਈ)

1 ਕੁਰਿੰਥੀ 4:9–16

9ਮੈਂ ਤਾਂ ਸਮਝਦਾ ਹਾਂ ਕਿ ਪਰਮੇਸ਼ੁਰ ਨੇ ਸਾਨੂੰ ਰਸੂਲਾਂ ਨੂੰ ਕਤਲ ਹੋਣ ਵਾਲਿਆਂ ਵਰਗੇ ਪ੍ਰਗਟ ਕੀਤਾ ਕਿਉਂ ਜੋ ਅਸੀਂ ਸੰਸਾਰ ਅਤੇ ਦੂਤਾਂ ਅਤੇ ਮਨੁੱਖਾਂ ਦੇ ਲਈ ਇੱਕ ਤਮਾਸ਼ਾ ਬਣੇ ਹੋਏ ਹਾਂ। 10ਅਸੀਂ ਮਸੀਹ ਦੇ ਲਈ ਮੂਰਖ ਹਾਂ ਪਰ ਤੁਸੀਂ ਮਸੀਹ ਵਿੱਚ ਸਿਆਣੇ ਹੋ। ਅਸੀਂ ਨਿਰਬਲ ਹਾਂ ਪਰ ਤੁਸੀਂ ਬਲਵੰਤ ਹੋ। ਤੁਸੀਂ ਪਰਤਾਪ ਵਾਲੇ ਹੋ ਪਰ ਅਸੀਂ ਬੇਪਤ ਹਾਂ। 11ਇਸ ਘੜੀ ਤੱਕ ਅਸੀਂ ਭੁੱਖੇ, ਤਿਹਾਏ, ਨੰਗੇ ਹਾਂ ਅਤੇ ਮੁੱਕੇ ਖਾਂਦੇ ਅਤੇ ਬੇ ਟਿਕਾਣਾ ਫਿਰਦੇ ਹਾਂ। 12ਅਤੇ ਆਪਣੇ ਹੱਥਾਂ ਨਾਲ ਕੰਮ-ਧੰਦੇ ਕਰ ਕੇ ਮਿਹਨਤ ਕਰਦੇ ਹਾਂ। ਅਸੀਂ ਗਾਲਾਂ ਖਾ ਕੇ ਬਰਕਤ ਦਿੰਦੇ ਹਾਂ। ਜਦੋਂ ਸਾਨੂੰ ਸਤਾਉਂਦੇ ਹਨ ਤਾਂ ਅਸੀਂ ਸਹਿੰਦੇ ਹਾਂ। 13ਜਦ ਸਾਡੀ ਨਿੰਦਿਆ ਕਰਦੇ ਹਨ ਤਾਂ ਅਸੀਂ ਬੇਨਤੀ ਕਰਦੇ ਹਾਂ। ਅਸੀਂ ਹੁਣ ਤੱਕ ਸੰਸਾਰ ਦੇ ਕੂੜੇ ਵਰਗੇ ਅਤੇ ਸਭਨਾਂ ਵਸਤਾਂ ਦੇ ਕੂੜਾ ਕਰਕਟ ਬਣੇ ਹੋਏ ਹਾਂ। 14ਮੈਂ ਇਹ ਗੱਲਾਂ ਤੁਹਾਨੂੰ ਲੱਜਿਆਵਾਨ ਕਰਨ ਲਈ ਨਹੀਂ ਸਗੋਂ ਆਪਣੇ ਪਿਆਰਿਆਂ ਬਾਲਕਾਂ ਦੀ ਤਰ੍ਹਾਂ ਸਮਝਾਉਣ ਲਈ ਲਿਖਦਾ ਹਾਂ। 15ਭਾਵੇਂ ਹੀ ਮਸੀਹ ਵਿੱਚ ਦਸ ਹਜ਼ਾਰ ਉਸਤਾਦ ਤੁਹਾਡੇ ਹੋਣ ਪਰ ਪਿਉ ਬਹੁਤੇ ਨਹੀਂ ਇਸ ਲਈ ਜੋ ਮਸੀਹ ਯਿਸੂ ਵਿੱਚ ਖੁਸ਼ਖਬਰੀ ਦੇ ਵਸੀਲੇ ਨਾਲ ਤੁਹਾਡਾ ਪਿਉ ਮੈਂ ਹੀ ਹੋਇਆ। 16ਸੋ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਮੇਰੀ ਰੀਸ ਕਰੋ।

ਇੰਜੀਲ (ਸੋਮਵਾਰ ਲਈ)

ਮੱਤੀ 11:2–15

2ਯੂਹੰਨਾ ਨੇ ਕੈਦਖ਼ਾਨੇ ਵਿੱਚ ਮਸੀਹ ਦੇ ਕੰਮਾਂ ਦੀ ਚਰਚਾ ਸੁਣੀ, ਤਦ ਆਪਣੇ ਚੇਲਿਆਂ ਨੂੰ ਇਹ ਪੁੱਛਣ ਲਈ ਭੇਜਿਆ, 3ਕਿ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਜਾਂ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ? 4ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਜਾ ਕੇ ਯੂਹੰਨਾ ਨੂੰ ਇਹ ਖ਼ਬਰ ਦੇ ਦੇਵੋ, 5ਕਿ ਅੰਨ੍ਹੇ ਸੁਜਾਖੇ ਹੁੰਦੇ ਹਨ, ਲੰਗੜੇ ਚਲਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਬੋਲੇ ਸੁਣਦੇ ਹਨ, ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ। 6ਅਤੇ ਧੰਨ ਹੈ ਉਹ ਜੋ ਮੇਰੇ ਕਾਰਨ ਠੋਕਰ ਨਾ ਖਾਵੇ। 7ਜਦੋਂ ਉਹ ਚਲੇ ਗਏ ਤਾਂ ਯਿਸੂ ਯੂਹੰਨਾ ਦੇ ਵਿਖੇ ਲੋਕਾਂ ਨੂੰ ਕਹਿਣ ਲੱਗਾ, ਤੁਸੀਂ ਉਜਾੜ ਵਿੱਚ ਕੀ ਵੇਖਣ ਗਏ ਸੀ? ਕੀ ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ? 8ਫੇਰ ਤੁਸੀਂ ਕੀ ਵੇਖਣ ਗਏ ਸੀ? ਕੀ ਮਹੀਨ ਬਸਤਰ ਪਹਿਨੇ ਹੋਏ ਇੱਕ ਮਨੁੱਖ ਨੂੰ? ਵੇਖੋ ਉਹ ਜਿਹੜੇ ਕੋਮਲ ਬਸਤਰ ਪਹਿਨਦੇ ਹਨ ਰਾਜਿਆਂ ਦੇ ਮਹਿਲਾਂ ਵਿੱਚ ਹਨ। 9ਫੇਰ ਤੁਸੀਂ ਕੀ ਵੇਖਣ ਗਏ ਸੀ? ਕੀ ਨਬੀ ਨੂੰ? ਹਾਂ, ਮੈਂ ਤੁਹਾਨੂੰ ਆਖਦਾ ਹਾਂ ਸਗੋਂ ਨਬੀ ਨਾਲੋਂ ਵੀ ਵੱਡਾ। 10ਇਹ ਉਹੋ ਹੈ ਜਿਹ ਦੇ ਬਾਰੇ ਲਿਖਿਆ ਹੋਇਆ ਹੈ; ਵੇਖ ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ ਜਿਹੜਾ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ। 11ਮੈਂ ਤੁਹਾਨੂੰ ਸੱਚ ਆਖਦਾ ਹਾਂ; ਜਿਹੜੇ ਔਰਤਾਂ ਤੋਂ ਜੰਮੇ ਉਨ੍ਹਾਂ ਵਿੱਚੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਕੋਈ ਵੀ ਨਹੀਂ ਹੋਇਆ, ਪਰ ਜਿਹੜਾ ਸਵਰਗ ਰਾਜ ਵਿੱਚ ਛੋਟਾ ਹੈ ਉਹ ਉਸ ਤੋਂ ਵੱਡਾ ਹੈ। 12ਅਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੱਕ ਸਵਰਗ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਪ੍ਰਾਪਤ ਕਰ ਲੈਂਦੇ ਹਨ। 13ਕਿਉਂ ਜੋ ਸਾਰੇ ਨਬੀ ਅਤੇ ਮੂਸਾ ਦੀ ਬਿਵਸਥਾ ਯੂਹੰਨਾ ਦੇ ਆਉਣ ਤੱਕ ਅਗੰਮ ਵਾਕ ਕਰਦੇ ਰਹੇ। 14ਜੇਕਰ ਤੁਸੀਂ ਇਸ ਨੂੰ ਮੰਨਣਾ ਚਾਹੁੰਦੇ ਹੋ, ਤਾਂ ਆਉਣ ਵਾਲਾ ਏਲੀਯਾਹ ਇਹੋ ਹੈ। 15ਜਿਸ ਦੇ ਸੁਣਨ ਵਾਲੇ ਕੰਨ ਹੋਣ ਉਹ ਸੁਣੇ।

ਇੰਜੀਲ

ਮੱਤੀ 11:16–20

16ਪਰ ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ? ਇਹ ਉਨ੍ਹਾਂ ਬੱਚਿਆਂ ਵਰਗੇ ਹਨ, ਜਿਹੜੇ ਬਜ਼ਾਰਾਂ ਵਿੱਚ ਬੈਠ ਕੇ ਆਪਣੇ ਸਾਥੀਆਂ ਨੂੰ ਅਵਾਜ਼ ਮਾਰ ਕੇ ਆਖਦੇ ਹਨ, 17ਅਸੀਂ ਤੁਹਾਡੇ ਲਈ ਬੰਸਰੀ ਵਜਾਈ, ਪਰ ਤੁਸੀਂ ਨਾ ਨੱਚੇ। ਅਸੀਂ ਸਿਆਪਾ ਕੀਤਾ, ਪਰ ਤੁਸੀਂ ਵਿਰਲਾਪ ਨਾ ਕੀਤਾ। 18ਕਿਉਂਕਿ ਯੂਹੰਨਾ ਨਾ ਤਾਂ ਰੋਟੀ ਖਾਂਦਾ ਅਤੇ ਨਾ ਮੈਅ ਪੀਂਦਾ ਆਇਆ, ਅਤੇ ਉਹ ਆਖਦੇ ਹਨ ਜੋ ਉਹ ਦੇ ਵਿੱਚ ਇੱਕ ਭੂਤ ਹੈ। 19ਮਨੁੱਖ ਦਾ ਪੁੱਤਰ ਖਾਂਦਾ ਪੀਂਦਾ ਆਇਆ ਅਤੇ ਉਹ ਆਖਦੇ ਹਨ, ਵੇਖੋ ਇੱਕ ਪੇਟੂ ਅਤੇ ਸ਼ਰਾਬੀ, ਚੂੰਗੀ ਲੈਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ। ਸੋ ਗਿਆਨ ਆਪਣੇ ਕੰਮਾਂ ਦੁਆਰਾ ਸੱਚਾ ਠਹਿਰਿਆ! 20ਫਿਰ ਉਹ ਉਨ੍ਹਾਂ ਨਗਰਾਂ ਨੂੰ ਜਿਨ੍ਹਾਂ ਵਿੱਚ ਉਸ ਨੇ ਬਹੁਤ ਅਚਰਜ਼ ਕੰਮ ਕੀਤੇ ਸਨ ਉਲਾਂਭਾ ਦੇਣ ਲੱਗਾ, ਕਿਉਂਕਿ ਉਨ੍ਹਾਂ ਨੇ ਤੋਬਾ ਨਹੀਂ ਕੀਤੀ ਸੀ।

ਇੰਜੀਲ (ਰਸੂਲਾਂ ਲਈ)

ਮਰਕੁ 3:13–19

13ਫੇਰ ਉਹ ਪਹਾੜ ਉੱਤੇ ਚੜ੍ਹ ਕੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ, ਉਨ੍ਹਾਂ ਨੂੰ ਕੋਲ ਸੱਦਿਆ ਅਤੇ ਉਹ ਉਸ ਦੇ ਕੋਲ ਆਏ। 14ਅਤੇ ਉਹ ਨੇ ਬਾਰਾਂ ਪੁਰਸ਼ ਠਹਿਰਾਏ (ਉਹਨਾਂ ਨੂੰ ਉਸਨੇ ਰਸੂਲ ਆਖਿਆ) ਜੋ ਉਹ ਦੇ ਨਾਲ ਰਹਿਣ ਅਤੇ ਉਹ ਉਨ੍ਹਾਂ ਨੂੰ ਭੇਜੇ, ਜੋ ਪਰਚਾਰ ਕਰਨ। 15ਉਨ੍ਹਾਂ ਨੂੰ ਬਿਮਾਰਾਂ ਨੂੰ ਚੰਗੇ ਕਰਨ ਅਤੇ ਭੂਤਾਂ ਨੂੰ ਕੱਢਣ ਦਾ ਅਧਿਕਾਰ ਦਿੱਤਾ। 16ਅਤੇ ਉਹ ਇਹ ਹਨ, ਸ਼ਮਊਨ ਜਿਸ ਦਾ ਨਾਮ ਉਹ ਨੇ ਪਤਰਸ ਰੱਖਿਆ, 17ਅਤੇ ਜ਼ਬਦੀ ਦਾ ਪੁੱਤਰ ਯਾਕੂਬ ਅਤੇ ਯਾਕੂਬ ਦਾ ਭਰਾ ਯੂਹੰਨਾ ਜਿਨ੍ਹਾਂ ਦੋਵਾਂ ਦਾ ਨਾਮ ਉਹ ਨੇ ਬਨੀ-ਰੋਗਿਜ਼ ਰੱਖਿਆ ਅਰਥਾਤ ਗਰਜਣ ਦੇ ਪੁੱਤਰ 18ਅਤੇ ਅੰਦ੍ਰਿਯਾਸ ਅਤੇ ਫ਼ਿਲਿਪੁੱਸ ਅਤੇ ਬਰਥੁਲਮਈ ਅਤੇ ਮੱਤੀ ਅਤੇ ਥੋਮਾ ਅਤੇ ਹਲਫ਼ਾ ਦਾ ਪੁੱਤਰ ਯਾਕੂਬ ਅਤੇ ਥੱਦਈ ਅਤੇ ਸ਼ਮਊਨ ਕਨਾਨੀ 19ਅਤੇ ਯਹੂਦਾ ਇਸਕਰਿਯੋਤੀ, ਜਿਸ ਨੇ ਉਸ ਨੂੰ ਫੜਵਾ ਵੀ ਦਿੱਤਾ ਸੀ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਜੂਨ 30 ਸਿਵਲ ਕੈਲੰਡਰ ਦਾ ਜੁਲਾਈ 13 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ