ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਜੁਲਾਈ 2027 › ਜੁਲਾਈ 1
ਕੈਥੋਲਿਕ ਕੈਲੰਡਰ
ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 1 ਜੁਲਾਈ 2027
ਵੀਰਵਾਰ · ਆਮ ਸਮੇਂ ਦਾ 13ਵਾਂ ਹਫ਼ਤਾ
ਤਿਉਹਾਰ ਅਤੇ ਸੰਤ
ਆਮ ਸਮੇਂ ਦੇ 13ਵੇਂ ਹਫ਼ਤੇ ਦਾ ਵੀਰਵਾਰ
ਆਮ ਦਿਨ · ਉਪਾਸਨਾ ਦਾ ਰੰਗ: ਹਰਾ
ਦਿਨ ਦੇ ਪਾਠ
ਪਹਿਲਾ ਪਾਠ
1ਇਨ੍ਹਾਂ ਗੱਲਾਂ ਦੇ ਬਾਅਦ ਅਜਿਹਾ ਹੋਇਆ ਕਿ ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰਤਾਇਆ ਅਤੇ ਉਸ ਨੇ ਆਖਿਆ, ਹੇ ਅਬਰਾਹਾਮ! ਅੱਗੋਂ ਉਸ ਨੇ ਆਖਿਆ, ਮੈਂ ਹਾਜ਼ਰ ਹਾਂ। 2ਉਸ ਨੇ ਆਖਿਆ, ਹੁਣ ਤੂੰ ਆਪਣੇ ਪੁੱਤਰ ਨੂੰ, ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਅਰਥਾਤ ਇਸਹਾਕ ਨੂੰ ਲੈ ਕੇ ਮੋਰੀਆਹ ਦੇਸ਼ ਨੂੰ ਜਾ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾ। 3ਤਦ ਅਬਰਾਹਾਮ ਨੇ ਤੜਕੇ ਉੱਠ ਕੇ ਆਪਣੇ ਗਧੇ ਉੱਤੇ ਕਾਠੀ ਕੱਸੀ ਅਤੇ ਆਪਣੇ ਦੋ ਦਾਸਾਂ ਨੂੰ ਅਤੇ ਆਪਣੇ ਪੁੱਤਰ ਇਸਹਾਕ ਨੂੰ ਨਾਲ ਲਿਆ ਅਤੇ ਹੋਮ ਦੀ ਬਲੀ ਲਈ ਲੱਕੜੀਆਂ ਚੀਰੀਆਂ ਅਤੇ ਉੱਠ ਕੇ ਉਸ ਸਥਾਨ ਨੂੰ ਤੁਰ ਪਿਆ ਜਿਹੜੀ ਪਰਮੇਸ਼ੁਰ ਨੇ ਉਸ ਨੂੰ ਦੱਸੀ ਸੀ। 4ਤੀਜੇ ਦਿਨ ਅਬਰਾਹਾਮ ਨੇ ਆਪਣੀਆਂ ਅੱਖਾਂ ਚੁੱਕ ਕੇ ਉਸ ਸਥਾਨ ਨੂੰ ਦੂਰੋਂ ਵੇਖਿਆ 5ਤਦ ਅਬਰਾਹਾਮ ਨੇ ਆਪਣੇ ਦਾਸਾਂ ਨੂੰ ਆਖਿਆ, ਤੁਸੀਂ ਇੱਥੇ ਗਧੇ ਦੇ ਕੋਲ ਰੁਕੋ। ਮੈਂ ਅਤੇ ਇਹ ਮੁੰਡਾ ਥੋੜ੍ਹੀ ਦੂਰ ਅੱਗੇ ਜਾਂਵਾਂਗੇ ਅਤੇ ਉਪਾਸਨਾ ਕਰ ਕੇ ਤੁਹਾਡੇ ਕੋਲ ਮੁੜ ਆਵਾਂਗੇ। 6ਤਦ ਅਬਰਾਹਾਮ ਨੇ ਹੋਮ ਬਲੀ ਦੀਆਂ ਲੱਕੜੀਆਂ ਲੈ ਕੇ ਆਪਣੇ ਪੁੱਤਰ ਇਸਹਾਕ ਨੂੰ ਚੁਕਾ ਦਿੱਤੀਆਂ ਅਤੇ ਆਪਣੇ ਹੱਥ ਵਿੱਚ ਅੱਗ ਅਤੇ ਛੁਰੀ ਫੜ ਲਈ ਅਤੇ ਦੋਵੇਂ ਇਕੱਠੇ ਤੁਰ ਪਏ। 7ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਆਖਿਆ, ਪਿਤਾ ਜੀ, ਉਸ ਨੇ ਆਖਿਆ, ਹੇ ਮੇਰੇ ਪੁੱਤਰ ਕੀ ਗੱਲ ਹੈ? ਉਸ ਨੇ ਆਖਿਆ, ਵੇਖ, ਅੱਗ ਅਤੇ ਲੱਕੜੀਆਂ ਤਾਂ ਹਨ ਪਰ ਹੋਮ ਬਲੀ ਲਈ ਲੇਲਾ ਕਿੱਥੇ ਹੈ? 8ਅਬਰਾਹਾਮ ਨੇ ਆਖਿਆ, ਹੇ ਮੇਰੇ ਪੁੱਤਰ, ਪਰਮੇਸ਼ੁਰ ਹੋਮ ਬਲੀ ਲਈ ਲੇਲਾ ਆਪ ਹੀ ਦੇਵੇਗਾ ਤਾਂ ਓਹ ਦੋਵੇਂ ਇਕੱਠੇ ਤੁਰਦੇ ਗਏ। 9ਓਹ ਉਸ ਸਥਾਨ ਉੱਤੇ ਜਾ ਪਹੁੰਚੇ ਜਿਹੜਾ ਪਰਮੇਸ਼ੁਰ ਨੇ ਉਹ ਨੂੰ ਦੱਸਿਆ ਸੀ। ਉੱਥੇ ਅਬਰਾਹਾਮ ਨੇ ਇੱਕ ਜਗਵੇਦੀ ਬਣਾਈ ਅਤੇ ਉਸ ਉੱਤੇ ਲੱਕੜੀਆਂ ਚਿਣ ਦਿੱਤੀਆਂ ਅਤੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹ ਕੇ ਜਗਵੇਦੀ ਦੀਆਂ ਲੱਕੜੀਆਂ ਉੱਤੇ ਰੱਖ ਦਿੱਤਾ। 10ਜਿਵੇਂ ਹੀ ਅਬਰਾਹਾਮ ਨੇ ਆਪਣਾ ਹੱਥ ਵਧਾ ਕੇ ਛੁਰੀ ਫੜੀ ਕਿ ਆਪਣੇ ਪੁੱਤਰ ਨੂੰ ਹੋਮ ਬਲੀ ਕਰਕੇ ਚੜ੍ਹਾਵੇ 11ਤਦ ਯਹੋਵਾਹ ਦੇ ਦੂਤ ਨੇ ਅਕਾਸ਼ ਤੋਂ ਉਸ ਨੂੰ ਪੁਕਾਰਿਆ, “ਅਬਰਾਹਾਮ! ਅਬਰਾਹਾਮ!” ਉਸ ਨੇ ਉੱਤਰ ਦਿੱਤਾ, ਮੈਂ ਹਾਜ਼ਰ ਹਾਂ। 12ਉਸ ਨੇ ਆਖਿਆ, ਤੂੰ ਇਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁਝ ਕਰ। ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ੁਰ ਤੋਂ ਡਰਦਾ ਹੈਂ ਕਿਉਂ ਜੋ ਤੂੰ ਆਪਣੇ ਪੁੱਤਰ, ਹਾਂ, ਆਪਣੇ ਇਕਲੌਤੇ ਪੁੱਤਰ ਦਾ ਵੀ ਮੈਥੋਂ ਸਰਫ਼ਾ ਨਹੀਂ ਕੀਤਾ। 13ਜਦ ਅਬਰਾਹਾਮ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਤਾਂ ਵੇਖੋ, ਉਹ ਦੇ ਪਿੱਛੇ ਇੱਕ ਲੇਲਾ ਸੀ, ਜਿਸ ਦੇ ਸਿੰਗ ਝਾੜੀ ਵਿੱਚ ਫਸੇ ਹੋਏ ਸਨ ਤਾਂ ਅਬਰਾਹਾਮ ਨੇ ਜਾ ਕੇ ਉਸ ਲੇਲੇ ਨੂੰ ਫੜ ਲਿਆ ਅਤੇ ਉਸ ਨੂੰ ਆਪਣੇ ਪੁੱਤਰ ਦੀ ਥਾਂ ਹੋਮ ਬਲੀ ਕਰਕੇ ਚੜ੍ਹਾਇਆ। 14ਅਬਰਾਹਾਮ ਨੇ ਉਸ ਸਥਾਨ ਦਾ ਨਾਮ ਯਹੋਵਾਹ ਯਿਰਹ ਰੱਖਿਆ, ਅੱਜ ਤੱਕ ਵੀ ਇਹ ਕਿਹਾ ਜਾਂਦਾ ਹੈ “ਯਹੋਵਾਹ ਦੇ ਪਰਬਤ ਉੱਤੇ ਪ੍ਰਬੰਧ ਕੀਤਾ ਜਾਵੇਗਾ।” 15ਫੇਰ ਯਹੋਵਾਹ ਦੇ ਦੂਤ ਨੇ ਦੂਜੀ ਵਾਰ ਅਕਾਸ਼ ਤੋਂ ਅਬਰਾਹਾਮ ਨੂੰ ਪੁਕਾਰ ਕੇ ਆਖਿਆ, 16ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਮੈਂ ਆਪ ਆਪਣੀ ਹੀ ਸਹੁੰ ਖਾਧੀ ਹੈ, ਕਿ ਤੂੰ ਜੋ ਇਹ ਕੰਮ ਕੀਤਾ ਅਤੇ ਆਪਣੇ ਪੁੱਤਰ ਸਗੋਂ ਆਪਣੇ ਇਕਲੌਤੇ ਪੁੱਤਰ ਦਾ ਵੀ ਸਰਫ਼ਾ ਨਹੀਂ ਕੀਤਾ, 17ਇਸ ਲਈ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਤੇ ਮੈਂ ਤੇਰੀ ਅੰਸ ਨੂੰ ਅਕਾਸ਼ ਤੇ ਤਾਰਿਆਂ ਜਿੰਨ੍ਹੀਂ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ ਅੱਤ ਵਧਾਵਾਂਗਾ ਅਤੇ ਤੇਰੀ ਅੰਸ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜ਼ਾ ਕਰੇਗੀ। 18ਧਰਤੀ ਦੀਆਂ ਸਾਰੀਆਂ ਕੌਮਾਂ ਤੇਰੀ ਅੰਸ ਦੇ ਕਾਰਨ ਬਰਕਤ ਪਾਉਣਗੀਆਂ ਕਿਉਂ ਜੋ ਤੂੰ ਮੇਰੇ ਹੁਕਮ ਨੂੰ ਮੰਨਿਆ ਹੈ। 19ਤਦ ਅਬਰਾਹਾਮ ਆਪਣੇ ਦਾਸਾਂ ਕੋਲ ਮੁੜ ਆਇਆ ਅਤੇ ਉਹ ਉੱਠ ਕੇ ਬਏਰਸ਼ਬਾ ਨੂੰ ਵਾਪਿਸ ਆਏ ਅਤੇ ਅਬਰਾਹਾਮ ਬਏਰਸ਼ਬਾ ਵਿੱਚ ਆ ਕੇ ਵੱਸਿਆ ਰਿਹਾ।
ਜਵਾਬੀ ਭਜਨ
1ਮੈਂ ਯਹੋਵਾਹ ਨਾਲ ਪ੍ਰੇਮ ਰੱਖਦਾ ਹਾਂ ਇਸ ਲਈ ਕਿ ਉਹ ਮੇਰੀ ਅਵਾਜ਼ ਤੇ ਮੇਰੀਆਂ ਅਰਜੋਈਆਂ ਨੂੰ ਸੁਣਦਾ ਹੈ। 2ਉਹ ਨੇ ਜੋ ਮੇਰੀ ਵੱਲ ਕੰਨ ਲਾਇਆ ਹੈ, ਮੈਂ ਜੀਵਨ ਭਰ ਉਹ ਨੂੰ ਪੁਕਾਰਾਂਗਾ। 3ਮੌਤ ਦੀਆਂ ਡੋਰੀਆਂ ਨੇ ਮੈਨੂੰ ਵਲ ਲਿਆ, ਪਤਾਲ ਦੇ ਦੁੱਖਾਂ ਨੇ ਮੈਨੂੰ ਆਣ ਲੱਭਿਆ, ਮੈਨੂੰ ਦੁੱਖ ਤੇ ਸੋਗ ਮਿਲਿਆ। 4ਤਾਂ ਮੈਂ ਯਹੋਵਾਹ ਦੇ ਨਾਮ ਨੂੰ ਪੁਕਾਰਿਆ, ਹੇ ਯਹੋਵਾਹ, ਕਿਰਪਾ ਕਰ ਕੇ ਮੇਰੀ ਜਾਨ ਨੂੰ ਛੁਡਾ ਲਈ! 5ਯਹੋਵਾਹ ਦਯਾਵਾਨ ਤੇ ਧਰਮੀ ਹੈ, ਸਾਡਾ ਪਰਮੇਸ਼ੁਰ ਕਿਰਪਾਲੂ ਹੈ। 6ਯਹੋਵਾਹ ਭੋਲਿਆਂ ਦੀ ਰੱਖਿਆ ਕਰਦਾ ਹੈ, ਮੈਂ ਹੀਣਾ ਪੈ ਗਿਆ ਪਰ ਉਹ ਨੇ ਮੈਨੂੰ ਬਚਾਇਆ। 8ਕਿਉਂ ਜੋ ਤੂੰ ਮੇਰੀ ਜਾਨ ਨੂੰ ਮੌਤ ਤੋਂ, ਮੇਰੀਆਂ ਅੱਖਾਂ ਨੂੰ ਅੰਝੂਆਂ ਤੋਂ, ਮੇਰੇ ਪੈਰਾਂ ਨੂੰ ਤਿਲਕਣ ਤੋਂ ਛੁਡਾਇਆ ਹੈ। 9ਮੈਂ ਯਹੋਵਾਹ ਦੇ ਅੱਗੇ-ਅੱਗੇ ਜਿਉਂਦਿਆਂ ਦੇ ਦੇਸ ਵਿੱਚ ਤੁਰਾਂਗਾ।
ਇੰਜੀਲ
1ਉਹ ਬੇੜੀ ਉੱਤੇ ਚੜ੍ਹ ਕੇ ਪਾਰ ਲੰਘਿਆ ਅਤੇ ਆਪਣੇ ਨਗਰ ਵੱਲ ਆਇਆ। 2ਅਤੇ ਵੇਖੋ ਕੁਝ ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉਸ ਕੋਲ ਲਿਆਏ ਅਤੇ ਯਿਸੂ ਨੇ ਉਨ੍ਹਾਂ ਦੇ ਵਿਸ਼ਵਾਸ ਨੂੰ ਵੇਖ ਕੇ ਉਸ ਅਧਰੰਗੀ ਨੂੰ ਆਖਿਆ, ਹੇ ਪੁੱਤਰ ਹੌਂਸਲਾ ਰੱਖ! ਤੇਰੇ ਪਾਪ ਮਾਫ਼ ਹੋਏ। 3ਅਤੇ ਵੇਖੋ ਕਈ ਧਰਮ ਦੇ ਉਪਦੇਸ਼ਕਾਂ ਨੇ ਆਪਣੇ ਮਨ ਵਿੱਚ ਕਿਹਾ ਜੋ ਇਹ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੈ। 4ਤਾਂ ਯਿਸੂ ਨੇ ਉਨ੍ਹਾਂ ਦੇ ਮਨਾਂ ਦੇ ਵਿਚਾਰ ਜਾਣ ਕੇ ਆਖਿਆ, ਤੁਸੀਂ ਕਿਉਂ ਆਪਣੇ ਮਨਾਂ ਵਿੱਚ ਬੁਰੇ ਵਿਚਾਰ ਕਰਦੇ ਹੋ? 5ਭਲਾ, ਕਿਹੜੀ ਗੱਲ ਸੌਖੀ ਹੈ, ਇਹ ਆਖਣਾ ਜੋ ਤੇਰੇ ਪਾਪ ਮਾਫ਼ ਹੋਏ ਜਾਂ ਇਹ ਆਖਣਾ ਕਿ ਉੱਠ ਅਤੇ ਤੁਰ? 6ਪਰ ਇਸ ਲਈ ਜੋ ਤੁਸੀਂ ਜਾਣੋ ਜੋ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ, ਫਿਰ ਉਸ ਨੇ ਅਧਰੰਗੀ ਨੂੰ ਕਿਹਾ, ਉੱਠ ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾ। 7ਤਾਂ ਉਹ ਉੱਠ ਕੇ ਆਪਣੇ ਘਰ ਨੂੰ ਤੁਰ ਗਿਆ। 8ਭੀੜ ਇਹ ਵੇਖ ਕੇ ਡਰ ਗਈ ਅਤੇ ਪਰਮੇਸ਼ੁਰ ਦੀ ਵਡਿਆਈ ਕੀਤੀ ਜੋ ਉਹ ਨੇ ਮਨੁੱਖਾਂ ਨੂੰ ਅਜਿਹਾ ਅਧਿਕਾਰ ਦਿੱਤਾ।
ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ