ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਜੂਨ 2027 › ਜੂਨ 23
ਕੈਥੋਲਿਕ ਕੈਲੰਡਰ
ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 23 ਜੂਨ 2027
ਬੁੱਧਵਾਰ · ਆਮ ਸਮੇਂ ਦਾ 12ਵਾਂ ਹਫ਼ਤਾ
ਤਿਉਹਾਰ ਅਤੇ ਸੰਤ
ਆਮ ਸਮੇਂ ਦੇ 12ਵੇਂ ਹਫ਼ਤੇ ਦਾ ਬੁੱਧਵਾਰ
ਆਮ ਦਿਨ · ਉਪਾਸਨਾ ਦਾ ਰੰਗ: ਹਰਾ
ਦਿਨ ਦੇ ਪਾਠ
ਪਹਿਲਾ ਪਾਠ
1ਇਨ੍ਹਾਂ ਗੱਲਾਂ ਤੋਂ ਬਾਅਦ ਯਹੋਵਾਹ ਦਾ ਇਹ ਬਚਨ ਦਰਸ਼ਣ ਵਿੱਚ ਅਬਰਾਮ ਕੋਲ ਆਇਆ: ਨਾ ਡਰ ਅਬਰਾਮ, ਮੈਂ ਤੇਰੇ ਲਈ ਢਾਲ਼ ਹਾਂ ਅਤੇ ਤੇਰੇ ਲਈ ਵੱਡਾ ਫਲ ਹਾਂ। 2ਅਬਰਾਮ ਨੇ ਆਖਿਆ, ਹੇ ਪ੍ਰਭੂ ਯਹੋਵਾਹ, ਤੂੰ ਮੈਨੂੰ ਕੀ ਦੇਵੇਂਗਾ? ਕਿਉਂ ਜੋ ਮੈਂ ਬੇ-ਔਲਾਦ ਜਾਂਦਾ ਹਾਂ ਅਤੇ ਮੇਰੇ ਘਰ ਦਾ ਵਾਰਿਸ ਇਹ ਦੰਮਿਸ਼ਕੀ ਅਲੀਅਜ਼ਰ ਹੈ। 3ਅਬਰਾਮ ਨੇ ਆਖਿਆ ਵੇਖ ਤੂੰ ਮੈਨੂੰ ਕੋਈ ਅੰਸ ਨਹੀਂ ਦਿੱਤੀ ਅਤੇ ਵੇਖ ਮੇਰੇ ਘਰਾਣੇ ਵਿੱਚ ਜੰਮਿਆ ਮੇਰਾ ਵਾਰਿਸ ਹੋਵੇਗਾ। 4ਤਦ ਯਹੋਵਾਹ ਦਾ ਬਚਨ ਉਹ ਦੇ ਕੋਲ ਆਇਆ, ਇਹ ਤੇਰਾ ਵਾਰਿਸ ਨਾ ਹੋਵੇਗਾ ਪਰ ਉਹ ਜੋ ਤੇਰੇ ਵਿੱਚੋਂ ਹੋਵੇਗਾ ਉਹ ਤੇਰਾ ਵਾਰਿਸ ਹੋਵੇਗਾ। 5ਯਹੋਵਾਹ ਪਰਮੇਸ਼ੁਰ ਉਸ ਨੂੰ ਬਾਹਰ ਲੈ ਗਿਆ ਅਤੇ ਆਖਿਆ, ਅਕਾਸ਼ ਵੱਲ ਵੇਖ ਅਤੇ ਤਾਰਿਆਂ ਨੂੰ ਗਿਣ, ਕੀ ਤੂੰ ਉਹਨਾਂ ਨੂੰ ਗਿਣ ਸਕਦਾ ਹੈ? ਫੇਰ ਉਸ ਨੇ ਉਹ ਨੂੰ ਆਖਿਆ, ਤੇਰੀ ਅੰਸ ਐਨੀ ਹੀ ਹੋਵੇਗੀ। 6ਉਸ ਨੇ ਯਹੋਵਾਹ ਉੱਤੇ ਵਿਸ਼ਵਾਸ ਕੀਤਾ, ਅਤੇ ਯਹੋਵਾਹ ਨੇ ਉਹ ਦੇ ਲਈ ਇਸ ਗੱਲ ਨੂੰ ਧਾਰਮਿਕਤਾ ਗਿਣਿਆ। 7ਤਦ ਉਸ ਨੇ ਉਹ ਨੂੰ ਆਖਿਆ, ਮੈਂ ਉਹੀ ਯਹੋਵਾਹ ਹਾਂ ਜੋ ਤੈਨੂੰ ਕਸਦੀਆਂ ਦੇ ਊਰ ਨਗਰ ਵਿੱਚੋਂ ਬਾਹਰ ਕੱਢ ਲੈ ਆਇਆ ਹਾਂ, ਤਾਂ ਜੋ ਮੈਂ ਤੈਨੂੰ ਇਹ ਦੇਸ਼ ਤੇਰੀ ਵਿਰਾਸਤ ਹੋਣ ਲਈ ਦੇ ਦਿਆਂ। 8ਉਸ ਨੇ ਆਖਿਆ, ਹੇ ਪ੍ਰਭੂ ਯਹੋਵਾਹ ਮੈਂ ਕਿਸ ਤਰ੍ਹਾਂ ਜਾਣਾ ਕਿ ਮੈਂ ਉਸ ਨੂੰ ਵਿਰਾਸਤ ਦੇ ਤੌਰ ਤੇ ਲਵਾਂਗਾ? 9ਯਹੋਵਾਹ ਨੇ ਉਸ ਨੂੰ ਆਖਿਆ, ਮੇਰੇ ਲਈ ਇੱਕ ਤਿੰਨ ਸਾਲ ਦੀ ਵੱਛੀ, ਇੱਕ ਤਿੰਨ ਸਾਲ ਦੀ ਬੱਕਰੀ ਅਤੇ ਇੱਕ ਤਿੰਨ ਸਾਲ ਦਾ ਲੇਲਾ, ਇੱਕ ਘੁੱਗੀ ਅਤੇ ਇੱਕ ਕਬੂਤਰ ਦਾ ਬੱਚਾ ਲੈ। 10ਉਹ ਯਹੋਵਾਹ ਦੇ ਲਈ ਇਹ ਸਭ ਕੁਝ ਲੈ ਆਇਆ ਅਤੇ ਉਨ੍ਹਾਂ ਦੇ ਦੋ-ਦੋ ਟੋਟੇ ਕੀਤੇ ਅਤੇ ਉਸ ਨੇ ਇੱਕ ਟੋਟੇ ਨੂੰ ਦੂਜੇ ਦੇ ਸਾਹਮਣੇ ਰੱਖਿਆ, ਪਰ ਪੰਛੀਆਂ ਦੇ ਟੋਟੇ ਨਾ ਕੀਤੇ। 11ਜਦ ਸ਼ਿਕਾਰੀ ਪੰਛੀ ਉਨ੍ਹਾਂ ਲੋਥਾਂ ਉੱਤੇ ਉਤਰੇ, ਤਦ ਅਬਰਾਮ ਨੇ ਉਨ੍ਹਾਂ ਨੂੰ ਹਟਾਇਆ। 12ਜਦ ਸੂਰਜ ਡੁੱਬਣ ਲੱਗਾ, ਤਦ ਅਬਰਾਮ ਨੂੰ ਗੂੜ੍ਹੀ ਨੀਂਦ ਆ ਪਈ ਅਤੇ ਵੇਖੋ, ਇੱਕ ਵੱਡਾ ਡਰਾਉਣਾ ਹਨ੍ਹੇਰਾ ਉਹ ਦੇ ਉੱਤੇ ਛਾ ਗਿਆ। 17ਅਜਿਹਾ ਹੋਇਆ ਕਿ ਜਦ ਸੂਰਜ ਡੁੱਬ ਗਿਆ ਅਤੇ ਹਨ੍ਹੇਰਾ ਹੋ ਗਿਆ ਤਾਂ ਵੇਖੋ ਇੱਕ ਧੂੰਏਂ ਵਾਲਾ ਤੰਦੂਰ ਅਤੇ ਬਲਦੀ ਮਸ਼ਾਲ ਇਨ੍ਹਾਂ ਟੋਟਿਆਂ ਵਿੱਚੋਂ ਦੀ ਲੰਘ ਗਈ। 18ਉਸ ਦਿਨ ਯਹੋਵਾਹ ਨੇ ਇੱਕ ਨੇਮ ਅਬਰਾਮ ਨਾਲ ਬੰਨ੍ਹਿਆ, ਤੇਰੀ ਅੰਸ ਨੂੰ ਮੈਂ ਇਹ ਦੇਸ਼ ਦੇ ਦਿੱਤਾ ਹੈ ਅਰਥਾਤ ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫ਼ਰਾਤ ਤੱਕ
ਜਵਾਬੀ ਭਜਨ
1ਯਹੋਵਾਹ ਦਾ ਧੰਨਵਾਦ ਕਰੋ, ਉਹ ਦਾ ਨਾਮ ਲੈ ਕੇ ਪੁਕਾਰੋ, ਉੱਮਤਾਂ ਵਿੱਚ ਉਹ ਦੇ ਕਾਰਜਾਂ ਨੂੰ ਪਰਗਟ ਕਰੋ! 2ਉਹ ਨੂੰ ਗਾਓ, ਉਸ ਲਈ ਭਜਨ ਗਾਓ, ਉਹ ਦੇ ਸਾਰੇ ਅਚਰਜ਼ ਕੰਮਾਂ ਉੱਤੇ ਧਿਆਨ ਕਰੋ! 3ਉਹ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ, ਯਹੋਵਾਹ ਦੇ ਖੋਜ਼ੀਆਂ ਦੇ ਮਨ ਅਨੰਦ ਹੋਣ! 4ਯਹੋਵਾਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ, ਉਹ ਦੇ ਦਰਸ਼ਣ ਨੂੰ ਲਗਾਤਾਰ ਲੋਚੋ। 6ਹੇ ਉਹ ਦੇ ਦਾਸ ਅਬਰਾਹਾਮ ਦੇ ਵੰਸ਼, ਹੇ ਯਾਕੂਬ ਦੀ ਸੰਤਾਨ, ਜਿਹੜੇ ਉਹ ਦੇ ਚੁਣੇ ਹੋਏ ਹੋ, 7ਉਹੋ ਯਹੋਵਾਹ ਸਾਡਾ ਪਰਮੇਸ਼ੁਰ ਹੈ, ਸਾਰੀ ਧਰਤੀ ਵਿੱਚ ਉਹ ਦੇ ਨਿਆਂ ਹਨ! 8ਉਹ ਨੇ ਆਪਣੇ ਨੇਮ ਨੂੰ ਸਦਾ ਚੇਤੇ ਰੱਖਿਆ ਹੈ, ਉਸ ਬਚਨ ਨੂੰ ਜਿਹ ਦਾ ਉਸ ਨੇ ਹਜ਼ਾਰਾਂ ਪੀੜ੍ਹੀਆਂ ਲਈ ਹੁਕਮ ਕੀਤਾ, 9ਜਿਹੜਾ ਉਹ ਨੇ ਅਬਰਾਹਾਮ ਨਾਲ ਬੰਨ੍ਹਿਆ, ਨਾਲੇ ਇਸਹਾਕ ਨਾਲ ਉਹ ਦੀ ਸਹੁੰ ਨੂੰ,
ਇੰਜੀਲ
15ਝੂਠੇ ਨਬੀਆਂ ਤੋਂ ਸਾਵਧਾਨ ਰਹੋ, ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਉਹ ਪਾੜਨ ਵਾਲੇ ਬਘਿਆੜ ਹਨ। 16ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ। ਕੀ, ਕੰਡਿਆਲੀਆਂ ਝਾੜੀਆਂ ਨੂੰ ਦਾਖਾਂ ਜਾਂ ਭਖੜੇ ਨੂੰ ਹੰਜ਼ੀਰ ਲੱਗਦੇ ਹਨ? 17ਜਿਸ ਤਰ੍ਹਾਂ ਹਰੇਕ ਚੰਗੇ ਰੁੱਖ ਨੂੰ ਚੰਗੇ ਫਲ ਲੱਗਦੇ ਹਨ, ਪਰ ਮਾੜੇ ਰੁੱਖ ਨੂੰ ਬੁਰੇ ਫਲ ਲੱਗਦੇ ਹਨ। 18ਚੰਗਾ ਰੁੱਖ ਬੁਰਾ ਫਲ ਨਹੀਂ ਦੇ ਸਕਦਾ ਅਤੇ ਨਾ ਮਾੜਾ ਰੁੱਖ ਚੰਗਾ ਫਲ ਦੇ ਸਕਦਾ ਹੈ। 19ਹਰੇਕ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। 20ਇਸ ਲਈ ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ।
ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ