Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਮਾਰਚ 2027 › ਮਾਰਚ 17

ਆਰਥੋਡਾਕਸ ਕੈਲੰਡਰ · 4 ਮਾਰਚ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 17 ਮਾਰਚ 2027

ਬੁੱਧਵਾਰ · ਵੱਡੇ ਚਾਲੀਸੇ ਦਾ ਪਹਿਲਾ ਹਫ਼ਤਾ · ਸੁਰ 8

ਤਿਉਹਾਰ ਅਤੇ ਸੰਤ

Venerable Gerasimus of the Jordan († 451)

ਵੱਡਾ ਚਾਲੀਸਾ

ਸਖ਼ਤ ਵਰਤ (ਸੁੱਕਾ ਭੋਜਨ: ਰੋਟੀ, ਸਬਜ਼ੀਆਂ, ਫਲ)

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਛੇਵਾਂ ਘੰਟਾ

ਯਸਾ 2:3–11

3ਬਹੁਤੀਆਂ ਉੱਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਵੱਲ ਚੜ੍ਹੀਏ, ਤਾਂ ਜੋ ਉਹ ਸਾਨੂੰ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਰਾਹਾਂ ਵਿੱਚ ਚੱਲੀਏ, ਕਿਉਂ ਜੋ ਬਿਵਸਥਾ ਸੀਯੋਨ ਤੋਂ ਨਿੱਕਲੇਗੀ, ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ। 4ਉਹ ਕੌਮਾਂ ਵਿੱਚ ਨਿਆਂ ਕਰੇਗਾ, ਅਤੇ ਬਹੁਤੀਆਂ ਉੱਮਤਾਂ ਦਾ ਫ਼ੈਸਲਾ ਕਰੇਗਾ, ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹੱਲ ਦੇ ਫ਼ਾਲ ਅਤੇ ਆਪਣੇ ਬਰਛਿਆਂ ਨੂੰ ਦਾਤੀਆਂ ਬਣਾਉਣਗੇ। ਕੌਮ-ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਉਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ। 5ਹੇ ਯਾਕੂਬ ਦੇ ਵੰਸ਼ਜੋ, ਆਓ, ਅਸੀਂ ਯਹੋਵਾਹ ਦੇ ਚਾਨਣ ਵਿੱਚ ਚੱਲੀਏ। 6ਤੂੰ ਤਾਂ ਆਪਣੀ ਪਰਜਾ ਯਾਕੂਬ ਦੇ ਵੰਸ਼ ਨੂੰ ਛੱਡ ਦਿੱਤਾ ਹੈ, ਕਿਉਂ ਜੋ ਉਹ ਪੂਰਬ ਦੀਆਂ ਰੀਤਾਂ ਨਾਲ ਭਰੇ ਹੋਏ ਹਨ, ਅਤੇ ਫ਼ਲਿਸਤੀਆਂ ਵਾਂਗੂੰ ਮਹੂਰਤ ਵੇਖਦੇ ਹਨ, ਅਤੇ ਪਰਦੇਸੀਆਂ ਦੀਆਂ ਰੀਤਾਂ ਨੂੰ ਗਲ਼ ਨਾਲ ਲਾਉਂਦੇ ਹਨ। 7ਉਹਨਾਂ ਦਾ ਦੇਸ ਚਾਂਦੀ-ਸੋਨੇ ਨਾਲ ਭਰਿਆ ਹੋਇਆ ਹੈ, ਉਹਨਾਂ ਦੇ ਖਜ਼ਾਨਿਆਂ ਦਾ ਅੰਤ ਨਹੀਂ ਹੈ, ਉਹਨਾਂ ਦਾ ਦੇਸ ਘੋੜਿਆਂ ਨਾਲ ਭਰਿਆ ਹੋਇਆ ਹੈ ਅਤੇ ਉਹਨਾਂ ਦੇ ਰਥਾਂ ਦਾ ਅੰਤ ਨਹੀਂ ਹੈ। 8ਉਹਨਾਂ ਦਾ ਦੇਸ ਬੁੱਤਾਂ ਨਾਲ ਭਰਿਆ ਹੋਇਆ ਹੈ, ਉਹ ਆਪਣੀ ਦਸਤਕਾਰੀ ਨੂੰ ਮੱਥਾ ਟੇਕਦੇ ਹਨ, ਜਿਹੜੀ ਉਹਨਾਂ ਦੀਆਂ ਉਂਗਲੀਆਂ ਦਾ ਕੰਮ ਹੈ! 9ਇਸ ਲਈ ਆਦਮੀ ਝੁਕਾਇਆ ਜਾਂਦਾ, ਅਤੇ ਮਨੁੱਖ ਨੀਵਾਂ ਕੀਤਾ ਜਾਂਦਾ ਹੈ, - ਤੂੰ ਉਨ੍ਹਾਂ ਨੂੰ ਮਾਫ਼ ਨਾ ਕਰ! 10ਯਹੋਵਾਹ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਚੱਟਾਨ ਵਿੱਚ ਵੜ ਅਤੇ ਮਿੱਟੀ ਵਿੱਚ ਲੁੱਕ ਜਾ! 11ਕਿਉਂਕਿ ਆਦਮੀ ਦੀਆਂ ਉੱਚੀਆਂ ਅੱਖਾਂ ਨੀਵੀਆਂ ਕੀਤੀਆਂ ਜਾਣਗੀਆਂ, ਮਨੁੱਖਾਂ ਦਾ ਹੰਕਾਰ ਨਿਵਾਇਆ ਜਾਵੇਗਾ, ਉਸ ਦਿਨ ਸਿਰਫ਼ ਯਹੋਵਾਹ ਹੀ ਉੱਚਾ ਹੋਵੇਗਾ।

ਸ਼ਾਮ ਦੀ ਪ੍ਰਾਰਥਨਾ: ਪਾਠ

ਉਤ 1:24–2:3

24ਫੇਰ ਪਰਮੇਸ਼ੁਰ ਨੇ ਆਖਿਆ ਕਿ ਧਰਤੀ ਜੀਉਂਦੇ ਪ੍ਰਾਣੀਆਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ ਤੇ ਪਸ਼ੂਆਂ ਨੂੰ, ਘਿੱਸਰਨ ਵਾਲਿਆਂ ਨੂੰ, ਧਰਤੀ ਦੇ ਜਾਨਵਰਾਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ ਉਪਜਾਵੇ ਅਤੇ ਅਜਿਹਾ ਹੀ ਹੋ ਗਿਆ। 25ਪਰਮੇਸ਼ੁਰ ਨੇ ਧਰਤੀ ਦੇ ਜਾਨਵਰਾਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ ਅਤੇ ਜਾਨਵਰਾਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ, ਜ਼ਮੀਨ ਦੇ ਸਾਰੇ ਘਿੱਸਰਨ ਵਾਲਿਆਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ ਬਣਾਇਆ ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਹੈ। 26ਪਰਮੇਸ਼ੁਰ ਨੇ ਆਖਿਆ ਕਿ ਅਸੀਂ ਮਨੁੱਖ ਨੂੰ ਆਪਣੇ ਸਰੂਪ ਵਿੱਚ ਅਤੇ ਆਪਣੇ ਵਰਗਾ ਬਣਾਈਏ ਅਤੇ ਓਹ ਸਮੁੰਦਰ ਦੀਆਂ ਮੱਛੀਆਂ ਉੱਤੇ, ਅਕਾਸ਼ ਦੇ ਪੰਛੀਆਂ, ਪਸ਼ੂਆਂ, ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਉੱਤੇ ਸਾਰੇ ਘਿੱਸਰਨ ਵਾਲਿਆਂ ਜੀਵ-ਜੰਤੂਆਂ ਉੱਤੇ ਰਾਜ ਕਰਨ। 27ਇਸ ਤਰ੍ਹਾਂ ਪਰਮੇਸ਼ੁਰ ਨੇ ਮਨੁੱਖ ਦੀ ਰਚਨਾ ਆਪਣੇ ਸਰੂਪ ਵਿੱਚ ਕੀਤੀ। ਪਰਮੇਸ਼ੁਰ ਦੇ ਸਰੂਪ ਵਿੱਚ ਉਸ ਨੂੰ ਰਚਿਆ। ਉਸ ਨੇ ਨਰ ਨਾਰੀ ਦੀ ਸ੍ਰਿਸ਼ਟੀ ਕੀਤੀ। 28ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਕਿ ਫਲੋ ਅਤੇ ਵਧੋ, ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ, ਅਕਾਸ਼ ਦੇ ਪੰਛੀਆਂ ਅਤੇ ਧਰਤੀ ਉੱਤੇ ਘਿਸਰਨ ਵਾਲੇ ਸਾਰੇ ਜੀਵ-ਜੰਤੂਆਂ ਉੱਤੇ ਰਾਜ ਕਰੋ। 29ਪਰਮੇਸ਼ੁਰ ਨੇ ਆਖਿਆ, ਵੇਖੋ ਮੈਂ ਤੁਹਾਨੂੰ ਹਰੇਕ ਬੀਜ ਵਾਲਾ ਸਾਗ ਪੱਤ ਜਿਹੜਾ ਸਾਰੀ ਧਰਤੀ ਦੇ ਉੱਤੇ ਹੈ, ਹਰੇਕ ਰੁੱਖ ਜਿਹ ਦੇ ਵਿੱਚ ਉਸ ਦਾ ਬੀਜ ਵਾਲਾ ਫਲ ਹੈ, ਦੇ ਦਿੱਤਾ ਹੈ। ਇਹ ਤੁਹਾਡੇ ਲਈ ਭੋਜਨ ਹੈ। 30ਮੈਂ ਧਰਤੀ ਦੇ ਹਰੇਕ ਜਾਨਵਰ, ਅਕਾਸ਼ ਦੇ ਹਰੇਕ ਪੰਛੀ, ਧਰਤੀ ਉੱਤੇ ਹਰ ਘਿੱਸਰਨ ਵਾਲੇ ਨੂੰ ਜਿਹਨਾਂ ਦੇ ਵਿੱਚ ਜੀਵਨ ਦਾ ਸਾਹ ਹੈ, ਉਹਨਾਂ ਦੇ ਖਾਣ ਲਈ ਹਰ ਕਿਸਮ ਦਾ ਸਾਗ ਪੱਤ ਦੇ ਦਿੱਤਾ ਅਤੇ ਅਜਿਹਾ ਹੀ ਹੋ ਗਿਆ। 31ਤਦ ਪਰਮੇਸ਼ੁਰ ਨੇ ਸਾਰੀ ਸਿਰਜਣਾ ਨੂੰ ਜਿਸ ਨੂੰ ਉਸ ਨੇ ਬਣਾਇਆ ਸੀ, ਵੇਖਿਆ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ। ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਛੇਵਾਂ ਦਿਨ ਹੋਇਆ। 2:1ਇਸ ਤਰ੍ਹਾਂ ਅਕਾਸ਼ ਅਤੇ ਧਰਤੀ ਅਤੇ ਉਨ੍ਹਾਂ ਦੀ ਸਾਰੀ ਵੱਸੋਂ ਦੀ ਸਿਰਜਣਾ ਪੂਰੀ ਕੀਤੀ ਗਈ। 2ਪਰਮੇਸ਼ੁਰ ਨੇ ਸੱਤਵੇਂ ਦਿਨ ਆਪਣੇ ਕਾਰਜ ਨੂੰ ਸੰਪੂਰਨ ਕੀਤਾ, ਅਤੇ ਉਸਨੇ ਸੱਤਵੇਂ ਦਿਨ ਆਪਣਿਆਂ ਸਾਰਿਆਂ ਕਾਰਜਾਂ ਤੋਂ ਅਰਾਮ ਕੀਤਾ। 3ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਸ ਦਿਨ ਨੂੰ ਪਵਿੱਤਰ ਠਹਿਰਾਇਆ ਕਿਉਂ ਜੋ ਉਸੇ ਦਿਨ ਆਪਣੇ ਕਾਰਜ ਤੋਂ ਜਿਹੜਾ ਉਸ ਨੇ ਰਚਿਆ ਸੀ, ਆਰਾਮ ਕੀਤਾ।

ਸ਼ਾਮ ਦੀ ਪ੍ਰਾਰਥਨਾ: ਪਾਠ

ਕਹਾ 2:1–22

1ਹੇ ਮੇਰੇ ਪੁੱਤਰ, ਜੇ ਤੂੰ ਮੇਰੇ ਬਚਨਾਂ ਨੂੰ ਮੰਨੇ ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸੰਭਾਲ ਕੇ ਰੱਖੇਂ, 2ਤਾਂ ਜੋ ਤੂੰ ਬੁੱਧ ਵੱਲ ਕੰਨ ਲਾਵੇਂ ਅਤੇ ਸਮਝ ਉੱਤੇ ਮਨ ਲਾਵੇਂ, 3ਹਾਂ ਜੇ ਤੂੰ ਵਿਵੇਕ ਅਤੇ ਸਮਝ ਲਈ ਜਤਨ ਨਾਲ ਪੁਕਾਰੇਂ, 4ਜੇ ਤੂੰ ਚਾਂਦੀ ਵਾਂਗੂੰ ਉਹ ਦੀ ਭਾਲ ਕਰੇਂ ਅਤੇ ਗੁਪਤ ਧਨ ਵਾਂਗੂੰ ਉਹ ਦੀ ਖੋਜ ਕਰੇਂ, 5ਤਾਂ ਤੂੰ ਯਹੋਵਾਹ ਦੇ ਭੈਅ ਨੂੰ ਸਮਝੇਂਗਾ ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ, 6ਕਿਉਂ ਜੋ ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ। 7ਸਚਿਆਰਾਂ ਲਈ ਉਹ ਸਿਆਣਪ ਰੱਖ ਛੱਡਦਾ ਹੈ, ਜਿਹੜੇ ਖਰਿਆਈ ਨਾਲ ਚੱਲਦੇ ਹਨ, ਉਨ੍ਹਾਂ ਲਈ ਉਹ ਢਾਲ਼ ਹੈ, 8ਉਹ ਨਿਆਂ ਦੇ ਰਾਹਾਂ ਦੀ ਰਾਖੀ ਕਰਦਾ ਅਤੇ ਆਪਣੇ ਭਗਤਾਂ ਦੇ ਰਾਹ ਦੀ ਰੱਖਿਆ ਕਰਦਾ ਹੈ। 9ਤਦ ਤੂੰ ਧਰਮ ਅਤੇ ਨਿਆਂ ਅਤੇ ਇਨਸਾਫ਼ ਨੂੰ, ਸਗੋਂ ਹਰੇਕ ਭਲੇ ਰਾਹ ਨੂੰ ਸਮਝੇਂਗਾ, 10ਕਿਉਂ ਜੋ ਬੁੱਧ ਤੇਰੇ ਮਨ ਵਿੱਚ ਆਵੇਗੀ ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ। 11ਮੱਤ ਤੇਰੀ ਪਾਲਣਾ ਕਰੇਗੀ ਅਤੇ ਸਮਝ ਤੇਰੀ ਰਾਖੀ ਕਰੇਗੀ, 12ਤਾਂ ਜੋ ਤੈਨੂੰ ਬੁਰਿਆਂ ਰਾਹਾਂ ਤੋਂ ਅਤੇ ਖੋਟੀਆਂ ਗੱਲਾਂ ਕਰਨ ਵਾਲਿਆਂ ਮਨੁੱਖਾਂ ਤੋਂ ਛੁਡਾਉਣ, 13ਜਿਹੜੇ ਸਚਿਆਈ ਦਿਆਂ ਰਾਹਾਂ ਨੂੰ ਛੱਡ ਕੇ ਹਨੇਰੇ ਰਾਹਾਂ ਵਿੱਚ ਤੁਰਦੇ ਹਨ, 14ਜਿਹੜੇ ਬੁਰਿਆਈ ਕਰਨ ਨਾਲ ਅਨੰਦ ਹੁੰਦੇ ਅਤੇ ਬੁਰਿਆਈ ਦੇ ਖੋਟਿਆਂ ਕੰਮਾਂ ਵਿੱਚ ਖੁਸ਼ੀ ਮਨਾਉਂਦੇ ਹਨ, 15ਜਿਨ੍ਹਾਂ ਦੇ ਰਾਹ ਟੇਡੇ ਅਤੇ ਚਾਲਾਂ ਵਿਗੜੀਆਂ ਹੋਈਆਂ ਹਨ, 16ਤਾਂ ਜੋ ਉਹ ਤੈਨੂੰ ਪਰਾਈ ਔਰਤ ਤੋਂ ਬਚਾਉਣ, ਉਸ ਓਪਰੀ ਔਰਤ ਤੋਂ ਜਿਹੜੀ ਚਿਕਨੀਆਂ-ਚੋਪੜੀਆਂ ਗੱਲਾਂ ਕਰਦੀ ਹੈ, 17ਜਿਸ ਨੇ ਆਪਣੇ ਜੁਆਨੀ ਦੇ ਸਾਥੀ ਨੂੰ ਛੱਡ ਦਿੱਤਾ ਅਤੇ ਆਪਣੇ ਪਰਮੇਸ਼ੁਰ ਦੇ ਨੇਮ ਨੂੰ ਵਿਸਾਰ ਛੱਡਿਆ ਹੈ, 18ਕਿਉਂ ਜੋ ਉਹ ਦਾ ਘਰ ਮੌਤ ਦੀ ਢਲਾਣ ਉੱਤੇ ਹੈ ਅਤੇ ਉਹ ਦੇ ਰਾਹ ਮਰਿਆਂ ਹੋਇਆਂ ਦੇ ਵਿਚਕਾਰ ਲਹਿੰਦੇ ਹਨ। 19ਜਿਹੜੇ ਉਹ ਦੇ ਕੋਲ ਜਾਂਦੇ ਹਨ, ਉਹਨਾਂ ਵਿੱਚੋਂ ਕੋਈ ਵੀ ਮੁੜ ਕੇ ਨਹੀਂ ਆਉਂਦਾ ਅਤੇ ਨਾ ਹੀ ਜੀਵਨ ਦੇ ਰਾਹ ਤੱਕ ਪਹੁੰਚਦਾ ਹੈ। 20ਇਸ ਤਰ੍ਹਾਂ ਤੂੰ ਭਲਿਆਂ ਦੇ ਰਾਹ ਵਿੱਚ ਤੁਰੇਂਗਾ ਅਤੇ ਧਰਮੀਆਂ ਦੇ ਮਾਰਗ ਨੂੰ ਫੜੀ ਰੱਖੇਂਗਾ। 21ਸਚਿਆਰ ਹੀ ਧਰਤੀ ਉੱਤੇ ਵੱਸਣਗੇ ਅਤੇ ਖਰੇ ਹੀ ਉਸ ਦੇ ਵਿੱਚ ਰਹਿਣਗੇ, 22ਪਰ ਦੁਸ਼ਟ ਧਰਤੀ ਉੱਤੋਂ ਵੱਢੇ ਜਾਣਗੇ ਅਤੇ ਧੋਖੇਬਾਜ਼ ਉਸ ਵਿੱਚੋਂ ਪੁੱਟੇ ਜਾਣਗੇ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਮਾਰਚ 4 ਸਿਵਲ ਕੈਲੰਡਰ ਦਾ ਮਾਰਚ 17 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ