ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਫ਼ਰਵਰੀ 2027 › ਫ਼ਰਵਰੀ 13
ਆਰਥੋਡਾਕਸ ਕੈਲੰਡਰ · 31 ਜਨਵਰੀ (ਪੁਰਾਣਾ ਕੈਲੰਡਰ)
ਆਰਥੋਡਾਕਸ ਹਰ ਦਿਨ ਦੇ ਪਾਠ — 13 ਫ਼ਰਵਰੀ 2027
ਸ਼ਨੀਵਾਰ · ਪੰਤੇਕੁਸਤ ਤੋਂ ਬਾਅਦ 37ਵਾਂ ਹਫ਼ਤਾ · ਸੁਰ 3
ਤਿਉਹਾਰ ਅਤੇ ਸੰਤ
Holy Wonderworkers and Unmercenary Martyrs Cyrus and John, and together with them the Martyr Athanasia and her daughters: Theodota, Theoctista and Eudoxia at Canopus in Egypt († 311)
ਵਰਤ
ਕੋਈ ਵਰਤ ਨਹੀਂ
ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।
ਦਿਨ ਦੇ ਪਾਠ
ਪੱਤ੍ਰੀ
14ਹੇ ਭਰਾਵੋ, ਅਸੀਂ ਤੁਹਾਨੂੰ ਆਖਦੇ ਹਾਂ ਜੋ ਤੁਸੀਂ ਉਹਨਾਂ ਨੂੰ ਸਮਝਾਓ ਜਿਹੜੇ ਠੀਕ ਚਾਲ ਨਹੀਂ ਚਲਦੇ, ਕਮਜ਼ੋਰ ਦਿਲ ਵਾਲਿਆਂ ਨੂੰ ਹੌਂਸਲਾ ਦੇਵੋ, ਨਿਰਬਲਾਂ ਨੂੰ ਸੰਭਾਲੋ, ਅਤੇ ਸਾਰਿਆਂ ਨਾਲ ਧੀਰਜ ਕਰੋ। 15ਵੇਖਣਾ ਕਿ ਕੋਈ ਕਿਸੇ ਨਾਲ ਬੁਰੇ ਦੇ ਬਦਲੇ ਬੁਰਾ ਨਾ ਕਰੇ ਸਗੋਂ ਇੱਕ ਦੂਜੇ ਲਈ ਅਤੇ ਸਾਰਿਆਂ ਲਈ ਸਦਾ ਭਲਿਆਈ ਦੇ ਮਗਰ ਲੱਗੇ ਰਹੋ। 16ਸਦਾ ਅਨੰਦ ਰਹੋ। 17ਹਰ ਰੋਜ਼ ਪ੍ਰਾਰਥਨਾ ਕਰੋ। 18ਹਰ ਹਾਲ ਵਿੱਚ ਧੰਨਵਾਦ ਕਰੋ ਕਿਉਂ ਜੋ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ੁਰ ਦੀ ਇਹੋ ਮਰਜ਼ੀ ਹੈ। 19ਆਤਮਾ ਨੂੰ ਨਾ ਬੁਝਾਓ। 20ਭਵਿੱਖਬਾਣੀਆਂ ਨੂੰ ਤੁੱਛ ਨਾ ਜਾਣੋ। 21ਸਾਰੀਆਂ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜ੍ਹੀ ਰੱਖੋ। 22ਹਰ ਪਰਕਾਰ ਦੀ ਬਦੀ ਤੋਂ ਦੂਰ ਰਹੋ। 23ਅਤੇ ਸ਼ਾਂਤੀ ਦਾਤਾ ਪਰਮੇਸ਼ੁਰ ਆਪ ਹੀ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ, ਸੰਪੂਰਨ ਬਚਿਆ ਰਹੇ।
ਪੱਤ੍ਰੀ (ਸੰਤ ਕੁਰੁਸ ਅਤੇ ਸੰਤ ਯੂਹੰਨਾ ਲਈ)
27ਹੁਣ ਤੁਸੀਂ ਰਲ ਕੇ ਮਸੀਹ ਦੇ ਸਰੀਰ ਹੋ ਅਤੇ ਇੱਕ-ਇੱਕ ਕਰਕੇ ਉਸ ਦੇ ਅੰਗ ਹੋ। 28ਅਤੇ ਕਲੀਸਿਯਾ ਵਿੱਚ ਪਰਮੇਸ਼ੁਰ ਨੇ ਕਈਆਂ ਨੂੰ ਨਿਯੁਕਤ ਕੀਤਾ ਹੋਇਆ ਹੈ, ਪਹਿਲਾਂ ਰਸੂਲਾਂ ਨੂੰ, ਦੂਜਾ ਨਬੀਆਂ ਨੂੰ, ਤੀਜੇ ਉਪਦੇਸ਼ਕਾਂ ਨੂੰ, ਫੇਰ ਕਰਾਮਾਤੀਆਂ ਨੂੰ, ਫੇਰ ਨਰੋਇਆਂ ਕਰਨ ਦੀਆਂ ਦਾਤਾਂ ਵਾਲਿਆਂ ਨੂੰ, ਉਪਕਾਰੀਆਂ ਨੂੰ, ਹਾਕਮਾਂ ਨੂੰ ਅਤੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਣ ਵਾਲਿਆਂ ਨੂੰ। 29ਕੀ ਸਾਰੇ ਰਸੂਲ ਹਨ? ਕੀ ਸਾਰੇ ਨਬੀ ਹਨ? ਕੀ ਸਾਰੇ ਉਪਦੇਸ਼ਕ ਹਨ? ਕੀ ਸਾਰੇ ਕਰਾਮਾਤੀ ਹਨ? 30ਕੀ ਸਭ ਨੂੰ ਨਰੋਇਆਂ ਕਰਨ ਦੀਆਂ ਦਾਤਾਂ ਮਿਲੀਆਂ ਹਨ? ਕੀ ਸਾਰੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਦੇ ਹਨ? ਕੀ ਸਾਰੇ ਅਰਥ ਕਰਦੇ ਹਨ? 31ਪਰ ਤੁਸੀਂ ਚੰਗੀਆਂ ਦਾਤਾਂ ਦੀ ਭਾਲ ਕਰੋ, ਨਾਲੇ ਮੈਂ ਤੁਹਾਨੂੰ ਇੱਕ ਬਹੁਤ ਹੀ ਉੱਤਮ ਮਾਰਗ ਦੱਸਦਾ ਹਾਂ। 13:1ਭਾਵੇਂ ਮੈਂ ਮਨੁੱਖਾਂ ਅਤੇ ਸਵਰਗੀ ਦੂਤਾਂ ਦੀਆਂ ਭਾਸ਼ਾਵਾਂ ਬੋਲਾਂ ਪਰ ਜੇ ਮੇਰੇ ਵਿੱਚ ਪਿਆਰ ਨਾ ਹੋਵੇ ਤਾਂ ਠਣ ਠਣ ਕਰਨ ਵਾਲਾ ਪਿੱਤਲ ਅਥਵਾ ਛਣ ਛਣ ਕਰਨ ਵਾਲਾ ਛੈਣਾ ਬਣਿਆ ਹਾਂ। 2ਅਤੇ ਭਾਵੇਂ ਮੈਨੂੰ ਭਵਿੱਖਬਾਣੀ ਕਰਨੀ ਆਵੇ ਅਤੇ ਮੈਂ ਸਾਰਾ ਭੇਤ ਅਤੇ ਸਾਰਾ ਗਿਆਨ ਜਾਣਾ ਅਤੇ ਭਾਵੇਂ ਮੈਂ ਪੂਰੀ ਵਿਸ਼ਵਾਸ ਰੱਖਾਂ, ਅਜਿਹੀ ਜੋ ਪਹਾੜਾਂ ਨੂੰ ਹਟਾ ਦੇਵਾਂ ਪਰ ਪਿਆਰ ਨਾ ਰੱਖਾਂ, ਮੈਂ ਕੁਝ ਵੀ ਨਹੀਂ। 3ਅਤੇ ਭਾਵੇਂ ਮੈਂ ਆਪਣਾ ਸਾਰਾ ਮਾਲ ਖੁਆਉਣ ਲਈ ਪੁੰਨ ਕਰ ਦਿਆਂ ਅਤੇ ਭਾਵੇਂ ਮੈਂ ਆਪਣਾ ਸਰੀਰ ਸੜਨ ਲਈ ਦੇ ਦਿਆਂ ਪਰ ਪਿਆਰ ਨਾ ਰੱਖਾਂ, ਤਾਂ ਕੁਝ ਵੀ ਲਾਭ ਨਹੀਂ। 4ਪਿਆਰ ਧੀਰਜਵਾਨ ਅਤੇ ਕਿਰਪਾਲੂ ਹੈ। ਪਿਆਰ ਖੁਣਸ ਨਹੀਂ ਕਰਦਾ। ਪਿਆਰ ਫੁੱਲਦਾ ਨਹੀਂ, ਪਿਆਰ ਫੂੰ-ਫੂੰ ਨਹੀਂ ਕਰਦਾ। 5ਕੁਚੱਜਿਆਂ ਨਹੀਂ ਕਰਦਾ, ਆਪ ਸੁਆਰਥੀ ਨਹੀਂ, ਚਿੜਦਾ ਨਹੀਂ, ਬੁਰਾ ਨਹੀਂ ਮੰਨਦਾ। 6ਉਹ ਕੁਧਰਮ ਤੋਂ ਅਨੰਦ ਨਹੀਂ ਹੁੰਦਾ ਸਗੋਂ ਸਚਿਆਈ ਨਾਲ ਅਨੰਦ ਹੁੰਦਾ ਹੈ। 7ਸਭ ਕੁਝ ਝੱਲ ਲੈਂਦਾ, ਸਭਨਾਂ ਗੱਲਾਂ ਦੀ ਪਰਤੀਤ ਕਰਦਾ, ਸਭਨਾਂ ਗੱਲਾਂ ਦੀ ਆਸ ਰੱਖਦਾ, ਸਭ ਕੁਝ ਸਹਿ ਲੈਂਦਾ। 8ਪਿਆਰ ਕਦੇ ਟਲਦਾ ਨਹੀਂ, ਪਰ ਭਾਵੇਂ ਅਗੰਮ ਵਾਕ ਹੋਣ ਉਹ ਮੁੱਕ ਜਾਣਗੇ, ਭਾਵੇਂ ਭਾਸ਼ਾ ਹੋਣ ਉਹ ਜਾਂਦੀਆਂ ਰਹਿਣਗੀਆਂ, ਭਾਵੇਂ ਗਿਆਨ ਹੋਵੇ ਉਹ ਮੁੱਕ ਜਾਵੇਗਾ।
ਇੰਜੀਲ
3ਸਾਵਧਾਨ ਰਹੋ! ਜੇ ਤੇਰਾ ਭਰਾ ਪਾਪ ਕਰੇ ਤਾਂ ਉਸ ਨੂੰ ਸਮਝਾ ਦੇ ਅਤੇ ਜੇ ਤੋਬਾ ਕਰੇ ਤਾਂ ਉਸ ਨੂੰ ਮਾਫ਼ ਕਰ। 4ਜੇ ਉਹ ਇੱਕ ਦਿਨ ਵਿੱਚ ਸੱਤ ਵਾਰੀ ਤੇਰਾ ਪਾਪ ਕਰੇ ਅਤੇ ਸੱਤ ਵਾਰ ਤੇਰੇ ਕੋਲ ਆ ਕੇ ਕਹੇ, ਮੈਂ ਤੋਬਾ ਕਰਦਾ ਹਾਂ, ਤਾਂ ਉਸ ਨੂੰ ਮਾਫ਼ ਕਰ। 5ਤਦ ਰਸੂਲਾਂ ਨੇ ਪ੍ਰਭੂ ਨੂੰ ਕਿਹਾ, ਸਾਡਾ ਵਿਸ਼ਵਾਸ ਵਧਾਓ। 6ਪਰ ਪ੍ਰਭੂ ਨੇ ਆਖਿਆ, ਜੇ ਤੁਹਾਡੇ ਵਿੱਚ ਰਾਈ ਦੇ ਦਾਣੇ ਸਮਾਨ ਵਿਸ਼ਵਾਸ ਹੁੰਦਾ ਤਾਂ ਤੁਸੀਂ ਇਸ ਤੂਤ ਦੇ ਰੁੱਖ ਨੂੰ ਕਹਿ ਦਿੰਦੇ ਜੋ ਉੱਖੜ ਜਾ ਅਤੇ ਸਮੁੰਦਰ ਵਿੱਚ ਲੱਗ ਜਾ ਤਾਂ ਉਹ ਤੁਹਾਡੀ ਮੰਨ ਲੈਂਦਾ। 7ਤੁਹਾਡੇ ਵਿੱਚੋਂ ਕੌਣ ਹੈ ਜੇ ਉਸ ਦਾ ਨੌਕਰ ਹਲ ਵਾਹੁੰਦਾ ਜਾ ਭੇਡਾਂ ਚਾਰਦਾ ਹੋਵੇ ਅਤੇ ਜਿਸ ਵੇਲੇ ਉਹ ਖੇਤੋਂ ਵਾਪਸ ਆਵੇ ਤਾਂ ਉਸ ਨੂੰ ਆਖੇਗਾ ਕਿ ਛੇਤੀ ਆ ਕੇ ਖਾਣ ਨੂੰ ਬੈਠ? 8ਸਗੋਂ ਉਸ ਨੂੰ ਇਹ ਨਾ ਆਖੇਗਾ, ਕਿ ਕੁਝ ਖਾਣ ਨੂੰ ਤਿਆਰ ਕਰ ਜੋ ਮੈਂ ਖਾਵਾਂ ਅਤੇ ਲੱਕ ਬੰਨ੍ਹ ਕੇ ਮੇਰੀ ਸੇਵਾ ਕਰ ਜਦ ਤੱਕ ਮੈਂ ਖਾ ਪੀ ਨਾ ਲਵਾਂ ਅਤੇ ਇਸ ਦੇ ਬਾਅਦ ਤੂੰ ਖਾਵੀਂ ਪੀਵੀਂ? 9ਭਲਾ, ਉਹ ਉਸ ਨੌਕਰ ਦਾ ਅਹਿਸਾਨ ਮੰਨਦਾ ਹੈ ਇਸ ਲਈ ਜੋ ਉਸ ਦੇ ਹੁਕਮ ਅਨੁਸਾਰ ਕੰਮ ਕੀਤੇ? 10ਇਸੇ ਤਰ੍ਹਾਂ ਤੁਸੀਂ ਵੀ ਉਨ੍ਹਾਂ ਸਾਰੇ ਕੰਮਾਂ ਦਾ ਜਿਨ੍ਹਾਂ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਸੀ ਪੂਰੇ ਕਰ ਚੁੱਕੋ ਤਾਂ ਕਹੋ ਕਿ ਅਸੀਂ ਨਿਕੰਮੇ ਬੰਦੇ ਹਾਂ ਜੋ ਕੁਝ ਸਾਨੂੰ ਕਰਨਾ ਉੱਚਿਤ ਸੀ ਅਸੀਂ ਉਹ ਹੀ ਕੀਤਾ।
ਇੰਜੀਲ (ਸੰਤ ਕੁਰੁਸ ਅਤੇ ਸੰਤ ਯੂਹੰਨਾ ਲਈ)
1ਉਸ ਨੇ ਆਪਣੇ ਬਾਰਾਂ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦਿੱਤਾ, ਕਿ ਉਹਨਾਂ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਦੂਰ ਕਰਨ। 5ਇਨ੍ਹਾਂ ਬਾਰਾਂ ਨੂੰ ਯਿਸੂ ਨੇ ਭੇਜਿਆ ਅਤੇ ਉਨ੍ਹਾਂ ਨੂੰ ਇਹ ਆਗਿਆ ਦਿੱਤੀ: “ਤੁਸੀਂ ਪਰਾਈਆਂ ਕੌਮਾਂ ਦੇ ਰਾਹ ਨਾ ਜਾਣਾ ਅਤੇ ਸਾਮਰਿਯਾ ਦੇ ਕਿਸੇ ਨਗਰ ਵਿੱਚ ਨਾ ਵੜਨਾ”। 6ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ। 7ਅਤੇ ਜਾਂਦਿਆਂ ਹੋਇਆਂ ਇਹ ਪਰਚਾਰ ਕਰ ਕੇ ਆਖੋ, ਕਿ ਸਵਰਗ ਰਾਜ ਨੇੜੇ ਆਇਆ ਹੈ। 8ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਉਂਦੇ ਕਰੋ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ। ਤੁਸੀਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ।
ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਜਨਵਰੀ 31 ਸਿਵਲ ਕੈਲੰਡਰ ਦਾ ਫ਼ਰਵਰੀ 13 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ