Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਜਨਵਰੀ 2027 › ਜਨਵਰੀ 9

ਕੈਥੋਲਿਕ ਕੈਲੰਡਰ

ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 9 ਜਨਵਰੀ 2027

ਸ਼ਨੀਵਾਰ · ਕ੍ਰਿਸਮਸ ਸਮਾਂ

ਤਿਉਹਾਰ ਅਤੇ ਸੰਤ

ਪ੍ਰਭੂ ਦੇ ਪਰਗਟ ਹੋਣ ਦੇ ਤਿਉਹਾਰ ਤੋਂ ਬਾਅਦ ਦਾ ਸ਼ਨੀਵਾਰ

ਆਮ ਦਿਨ · ਉਪਾਸਨਾ ਦਾ ਰੰਗ: ਚਿੱਟਾ

ਦਿਨ ਦੇ ਪਾਠ

ਪਹਿਲਾ ਪਾਠ

1 ਯੂਹ 4:11–18

11ਹੇ ਪਿਆਰਿਓ, ਜਦੋਂ ਪਰਮੇਸ਼ੁਰ ਨੇ ਸਾਨੂੰ ਇਸ ਪ੍ਰਕਾਰ ਪਿਆਰ ਕੀਤਾ ਤਾਂ ਸਾਨੂੰ ਚਾਹੀਦਾ ਹੈ ਜੋ ਅਸੀਂ ਵੀ ਇੱਕ ਦੂਜੇ ਨਾਲ ਪਿਆਰ ਕਰੀਏ। 12ਪਰਮੇਸ਼ੁਰ ਨੂੰ ਕਿਸੇ ਨੇ ਕਦੇ ਵੀ ਨਹੀਂ ਦੇਖਿਆ। ਜੇ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤਾਂ ਪਰਮੇਸ਼ੁਰ ਸਾਡੇ ਵਿੱਚ ਰਹਿੰਦਾ ਹੈ ਅਤੇ ਉਹ ਦਾ ਪਿਆਰ ਸਾਡੇ ਵਿੱਚ ਸੰਪੂਰਨ ਕੀਤਾ ਹੋਇਆ ਹੈ। 13ਉਹ ਨੇ ਆਪਣੇ ਆਤਮਾ ਵਿੱਚੋਂ ਸਾਨੂੰ ਦਾਨ ਕੀਤਾ ਹੈ ਇਸ ਤੋਂ ਅਸੀਂ ਜਾਣਦੇ ਹਾਂ ਜੇ ਅਸੀਂ ਉਹ ਦੇ ਵਿੱਚ ਰਹਿੰਦੇ ਹਾਂ ਅਤੇ ਉਹ ਸਾਡੇ ਵਿੱਚ ਰਹਿੰਦਾ ਹੈ। 14ਅਸੀਂ ਵੇਖਿਆ ਹੈ ਅਤੇ ਗਵਾਹੀ ਦਿੰਦੇ ਹਾਂ ਜੋ ਪਿਤਾ ਨੇ ਪੁੱਤਰ ਨੂੰ ਭੇਜਿਆ ਕਿ ਉਹ ਸੰਸਾਰ ਦਾ ਮੁਕਤੀਦਾਤਾ ਹੋਵੇ। 15ਜੋ ਕੋਈ ਮੰਨ ਲੈਂਦਾ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ ਤਾਂ ਪਰਮੇਸ਼ੁਰ ਉਹ ਦੇ ਵਿੱਚ ਅਤੇ ਉਹ ਪਰਮੇਸ਼ੁਰ ਦੇ ਵਿੱਚ ਰਹਿੰਦਾ ਹੈ। 16ਅਤੇ ਅਸੀਂ ਪਰਮੇਸ਼ੁਰ ਦੇ ਉਸ ਪਿਆਰ ਨੂੰ ਜੋ ਉਸ ਨੇ ਕੀਤਾ ਹੈ, ਜਾਣਿਆ ਅਤੇ ਉਹ ਦੇ ਉੱਤੇ ਵਿਸ਼ਵਾਸ ਕੀਤਾ ਹੈ। ਪਰਮੇਸ਼ੁਰ ਪਿਆਰ ਹੈ ਅਤੇ ਜਿਹੜਾ ਪਿਆਰ ਵਿੱਚ ਰਹਿੰਦਾ ਹੈ ਉਹ ਪਰਮੇਸ਼ੁਰ ਵਿੱਚ ਰਹਿੰਦਾ ਹੈ ਅਤੇ ਪਰਮੇਸ਼ੁਰ ਉਸ ਵਿੱਚ ਰਹਿੰਦਾ ਹੈ। 17ਪਿਆਰ ਸਾਡੇ ਵਿੱਚ ਇਸ ਤੋਂ ਸੰਪੂਰਨ ਹੋਇਆ ਹੈ ਕਿ ਨਿਆਂ ਦੇ ਦਿਨ ਸਾਨੂੰ ਦਲੇਰੀ ਹੋਵੇ, ਕਿਉਂਕਿ ਜਿਵੇਂ ਉਹ ਹੈ ਉਸੇ ਤਰ੍ਹਾਂ ਅਸੀਂ ਵੀ ਇਸ ਸੰਸਾਰ ਵਿੱਚ ਹਾਂ। 18ਪਿਆਰ ਵਿੱਚ ਡਰ ਨਹੀਂ ਸਗੋਂ ਸਿੱਧ ਪਿਆਰ ਡਰ ਨੂੰ ਹਟਾ ਦਿੰਦਾ ਹੈ, ਕਿਉਂਕਿ ਡਰ ਵਿੱਚ ਸਜ਼ਾ ਹੈ ਅਤੇ ਉਹ ਜੋ ਡਰਦਾ ਹੈ, ਸੋ ਪਿਆਰ ਵਿੱਚ ਸੰਪੂਰਨ ਨਹੀਂ ਹੋਇਆ ਹੈ।

ਜਵਾਬੀ ਭਜਨ

ਜ਼ਬੂ 72:1–2, 10–13

1ਸੁਲੇਮਾਨ ਦਾ ਗੀਤ। ਹੇ ਪਰਮੇਸ਼ੁਰ, ਪਾਤਸ਼ਾਹ ਨੂੰ ਆਪਣਾ ਨਿਆਂ, ਅਤੇ ਪਾਤਸ਼ਾਹ ਦੇ ਪੁੱਤਰ ਨੂੰ ਆਪਣਾ ਧਰਮ ਸਿਖਾ। 2ਉਹ ਧਰਮ ਨਾਲ ਤੇਰੀ ਪਰਜਾ ਦਾ ਅਤੇ ਇਨਸਾਫ਼ ਨਾਲ ਤੇਰੇ ਮਸਕੀਨਾਂ ਦਾ ਨਿਆਂ ਕਰੇਗਾ। 10ਤਰਸ਼ੀਸ਼ ਅਤੇ ਟਾਪੂਆਂ ਦੇ ਰਾਜੇ ਭੇਟ ਲਿਆਉਣਗੇ, ਸ਼ਬਾ ਤੇ ਸਬਾ ਦੇ ਰਾਜੇ ਨਜ਼ਰਾਨੇ ਪਹੁੰਚਾਉਣਗੇ, 11ਸਗੋਂ ਸਾਰੇ ਰਾਜੇ ਉਹ ਦੇ ਅੱਗੇ ਮੱਥਾ ਟੇਕਣਗੇ, ਸਾਰੀਆਂ ਕੌਮਾਂ ਉਸ ਦੀ ਸੇਵਾ ਕਰਨਗੀਆਂ। 12ਉਹ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਅਤੇ ਅਨਾਥ ਨੂੰ ਬਚਾਵੇਗਾ। 13ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ।

ਇੰਜੀਲ

ਮਰਕੁ 6:45–52

45ਫੇਰ ਉਹ ਨੇ ਉਸੇ ਵੇਲੇ ਆਪਣੇ ਚੇਲਿਆਂ ਨੂੰ ਤਗੀਦ ਕੀਤੀ ਕਿ ਜਦ ਤੱਕ ਮੈਂ ਭੀੜ ਨੂੰ ਵਿਦਿਆ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੇਰੇ ਤੋਂ ਪਹਿਲਾਂ ਉਸ ਪਾਰ ਬੈਤਸੈਦਾ ਨੂੰ ਚਲੇ ਜਾਵੋ। 46ਅਤੇ ਉਨ੍ਹਾਂ ਨੂੰ ਤੋਰ ਕੇ ਉਹ ਆਪ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚੱਲਿਆ ਗਿਆ। 47ਅਤੇ ਜਦੋਂ ਸ਼ਾਮ ਹੋਈ ਤਾਂ ਬੇੜੀ ਝੀਲ ਦੇ ਵਿਚਾਲੇ ਸੀ, ਅਤੇ ਉਹ ਇਕੱਲਾ ਹੀ ਕਿਨਾਰੇ ਉੱਤੇ ਸੀ। 48ਜਦੋਂ ਉਸ ਨੇ ਉਨ੍ਹਾਂ ਨੂੰ ਬੇੜੀ ਸੰਭਾਲਣ ਵਿੱਚ ਔਖੇ ਵੇਖਿਆ, ਕਿਉਂ ਜੋ ਹਵਾ ਉਨ੍ਹਾਂ ਦੇ ਵਿਰੋਧ ਵਿੱਚ ਸੀ, ਤਾਂ ਰਾਤ ਦੇ ਚੋਥੇ ਪਹਿਰ ਦੇ ਨੇੜੇ, ਉਹ ਆਪ ਝੀਲ ਦੇ ਉੱਤੇ ਤੁਰਦਿਆਂ ਉਨ੍ਹਾਂ ਦੀ ਵੱਲ ਆਇਆ ਅਤੇ ਉਨ੍ਹਾਂ ਤੋਂ ਅੱਗੇ ਵਧਣਾ ਚਾਹੁੰਦਾ ਸੀ। 49ਪਰ ਜਦੋਂ ਉਨ੍ਹਾਂ ਨੇ ਯਿਸੂ ਨੂੰ ਝੀਲ ਉੱਤੇ ਤੁਰਦਿਆਂ ਵੇਖਿਆ ਤਾਂ ਉਸ ਨੂੰ ਭੂਤ ਸਮਝ ਕੇ ਉੱਚੀ ਅਵਾਜ਼ ਨਾਲ ਚਿੱਲਾ ਉੱਠੇ। 50ਕਿਉਂਕਿ ਉਹ ਸਭ ਉਸ ਨੂੰ ਵੇਖ ਕੇ ਘਬਰਾ ਗਏ ਸਨ ਅਤੇ ਉਸ ਨੇ ਤੁਰੰਤ ਉਨ੍ਹਾਂ ਦੇ ਨਾਲ ਗੱਲਾਂ ਕਰ ਕੇ ਉਨ੍ਹਾਂ ਨੂੰ ਕਿਹਾ, ਹੌਂਸਲਾ ਰੱਖੋ, ਮੈਂ ਹਾਂ, ਨਾ ਡਰੋ! 51ਤਦ ਪ੍ਰਭੂ ਯਿਸੂ ਬੇੜੀ ਉੱਤੇ ਉਨ੍ਹਾਂ ਕੋਲ ਆਏ ਅਤੇ ਤੂਫ਼ਾਨ ਉਸੇ ਵੇਲੇ ਥੰਮ੍ਹ ਗਿਆ। ਤਦ ਉਹ ਆਪਣੇ ਆਪ ਵਿੱਚ ਬੜੇ ਹੈਰਾਨ ਹੋਏ। 52ਕਿਉਂ ਜੋ ਉਨ੍ਹਾਂ ਨੇ ਉਨ੍ਹਾਂ ਰੋਟੀਆਂ ਦੀ ਗੱਲ ਨਹੀਂ ਸੀ ਸਮਝੀ ਪਰ ਉਨ੍ਹਾਂ ਦੇ ਮਨ ਕਠੋਰ ਹੋ ਗਏ ਸਨ।

ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ