Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਨਵੰਬਰ 2026 › ਨਵੰਬਰ 18

ਕੈਥੋਲਿਕ ਕੈਲੰਡਰ

ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 18 ਨਵੰਬਰ 2026

ਬੁੱਧਵਾਰ · ਆਮ ਸਮੇਂ ਦਾ 33ਵਾਂ ਹਫ਼ਤਾ

ਤਿਉਹਾਰ ਅਤੇ ਸੰਤ

ਆਮ ਸਮੇਂ ਦੇ 33ਵੇਂ ਹਫ਼ਤੇ ਦਾ ਬੁੱਧਵਾਰ

ਇੱਛਿਕ ਯਾਦਗਾਰੀ ਦਿਨ · ਉਪਾਸਨਾ ਦਾ ਰੰਗ: ਹਰਾ

ਰਸੂਲ ਸੰਤ ਪਤਰਸ ਅਤੇ ਪੌਲੁਸ ਦੀਆਂ ਬੈਸਿਲਿਕਾਵਾਂ ਦਾ ਸਮਰਪਣ · ਇੱਛਿਕ ਯਾਦਗਾਰੀ ਦਿਨ

ਦਿਨ ਦੇ ਪਾਠ

ਪਹਿਲਾ ਪਾਠ

ਪਰਕਾਸ਼ 4:1–11

1ਇਸ ਤੋਂ ਬਾਅਦ ਮੈਂ ਦੇਖਿਆ, ਤਾਂ ਕੀ ਵੇਖਦਾ ਹਾਂ ਕਿ ਸਵਰਗ ਵਿੱਚ ਇੱਕ ਬੂਹਾ ਖੁੱਲਿਆ ਹੋਇਆ ਹੈ ਅਤੇ ਪਹਿਲੀ ਅਵਾਜ਼ ਜੋ ਮੈਂ ਸੁਣੀ, ਸੋ ਤੁਰ੍ਹੀ ਜਿਹੀ ਮੇਰੇ ਨਾਲ ਗੱਲ ਕਰਦੀ ਸੀ ਕਿ ਐਧਰ ਉੱਪਰ ਨੂੰ ਆ ਜਾ ਅਤੇ ਜੋ ਕੁਝ ਇਸ ਦੇ ਬਾਅਦ ਹੋਣ ਵਾਲਾ ਹੈ ਉਹ ਮੈਂ ਤੈਨੂੰ ਵਿਖਾਂਵਾਗਾ। 2ਉਸੇ ਤਰ੍ਹਾਂ ਹੀ ਮੈਂ ਆਤਮਾ ਵਿੱਚ ਆਇਆ ਤਦ ਕੀ ਵੇਖਦਾ ਹਾਂ ਕਿ ਸਵਰਗ ਵਿੱਚ ਇੱਕ ਸਿੰਘਾਸਣ ਰੱਖਿਆ ਹੋਇਆ ਹੈ ਅਤੇ ਉਸ ਸਿੰਘਾਸਣ ਉੱਤੇ ਕੋਈ ਬਿਰਾਜਮਾਨ ਹੈ। 3ਅਤੇ ਜਿਹੜਾ ਬਿਰਾਜਮਾਨ ਹੈ ਸੋ ਵੇਖਣ ਨੂੰ ਪੁਖਰਾਜ ਅਤੇ ਅਕੀਕ ਪੱਥਰ ਵਰਗਾ ਹੈ ਅਤੇ ਸਿੰਘਾਸਣ ਦੇ ਦੁਆਲੇ ਇੱਕ ਮੇਘ ਧਣੁੱਖ ਹੈ ਜੋ ਵੇਖਣ ਨੂੰ ਪੰਨੇ ਦੇ ਵਰਗਾ ਹੈ। 4ਸਿੰਘਾਸਣ ਦੇ ਆਲੇ-ਦੁਆਲੇ ਚੌਵੀ ਗੱਦੀਆਂ ਹਨ ਅਤੇ ਮੈਂ ਚੌਵੀ ਬਜ਼ੁਰਗਾਂ ਨੂੰ ਚਿੱਟੇ ਬਸਤਰ ਪਹਿਨੇ ਅਤੇ ਸਿਰਾਂ ਉੱਤੇ ਸੋਨੇ ਦੇ ਮੁਕਟ ਰੱਖੇ ਉਹਨਾਂ ਗੱਦੀਆਂ ਉੱਤੇ ਬੈਠੇ ਦੇਖਿਆ। 5ਅਤੇ ਸਿੰਘਾਸਣ ਵਿੱਚੋਂ ਬਿਜਲੀਆਂ ਦੀਆਂ ਲਿਸ਼ਕਾਂ, ਅਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਨਿੱਕਲਦੀਆਂ ਹਨ ਅਤੇ ਸਿੰਘਾਸਣ ਦੇ ਸਾਹਮਣੇ ਅੱਗ ਦੇ ਸੱਤ ਦੀਵੇ ਬਲਦੇ ਹਨ, ਜਿਹੜੇ ਪਰਮੇਸ਼ੁਰ ਦੇ ਸੱਤੇ ਆਤਮੇ ਹਨ। 6ਅਤੇ ਸਿੰਘਾਸਣ ਦੇ ਅੱਗੇ ਬਲੌਰ ਵਰਗਾ ਕੱਚ ਦਾ ਇੱਕ ਸਮੁੰਦਰ ਸੀ ਅਤੇ ਸਿੰਘਾਸਣ ਦੇ ਵਿਚਾਲੇ ਅਤੇ ਸਿੰਘਾਸਣ ਦੇ ਆਲੇ-ਦੁਆਲੇ ਚਾਰ ਪ੍ਰਾਣੀ ਹਨ, ਜਿਹੜੇ ਅੱਗਿਓਂ ਪਿੱਛਿਓਂ ਅੱਖਾਂ ਨਾਲ ਭਰੇ ਹੋਏ ਹਨ। 7ਅਤੇ ਪਹਿਲਾ ਪ੍ਰਾਣੀ ਬੱਬਰ ਸ਼ੇਰ ਵਰਗਾ ਹੈ ਅਤੇ ਦੂਜਾ ਪ੍ਰਾਣੀ ਵਹਿੜਕੇ ਵਰਗਾ ਅਤੇ ਤੀਜੇ ਪ੍ਰਾਣੀ ਦਾ ਮੂੰਹ ਮਨੁੱਖ ਦੇ ਮੂੰਹ ਵਰਗਾ ਹੈ ਅਤੇ ਚੌਥਾ ਪ੍ਰਾਣੀ ਉੱਡਦੇ ਹੋਏ ਉਕਾਬ ਵਰਗਾ ਹੈ। 8ਅਤੇ ਉਹ ਚਾਰੇ ਪ੍ਰਾਣੀ ਜਿਨ੍ਹਾਂ ਵਿੱਚੋਂ ਹਰੇਕ ਦੇ ਛੇ-ਛੇ ਖੰਭ ਹਨ ਅਤੇ ਉਹ ਰਾਤ-ਦਿਨ ਇਹ ਕਹਿੰਦੇ ਨਹੀਂ ਥੱਕਦੇ - ਪਵਿੱਤਰ, ਪਵਿੱਤਰ, ਪਵਿੱਤਰ ਹੈ ਪ੍ਰਭੂ ਪਰਮੇਸ਼ੁਰ, ਸਰਬ ਸ਼ਕਤੀਮਾਨ, ਜਿਹੜਾ ਹੈ ਸੀ ਅਤੇ ਹੈ ਅਤੇ ਆਉਣ ਵਾਲਾ ਹੈ! 9ਜਦੋਂ ਉਹ ਪ੍ਰਾਣੀ ਉਸ ਦੀ ਵਡਿਆਈ, ਮਾਣ ਅਤੇ ਧੰਨਵਾਦ ਕਰਨਗੇ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਜਿਹੜਾ ਜੁੱਗੋ-ਜੁੱਗ ਜਿਉਂਦਾ ਹੈ 10ਤਾਂ ਚੌਵੀ ਬਜ਼ੁਰਗ ਉਹ ਦੇ ਅੱਗੇ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਡਿੱਗ ਪੈਣਗੇ ਅਤੇ ਜਿਹੜਾ ਜੁੱਗੋ-ਜੁੱਗ ਜਿਉਂਦਾ ਹੈ ਉਹ ਨੂੰ ਮੱਥਾ ਟੇਕਣਗੇ ਅਤੇ ਇਹ ਆਖਦੇ ਹੋਏ ਆਪਣੇ ਮੁਕਟ ਸਿੰਘਾਸਣ ਦੇ ਅੱਗੇ ਸੁੱਟਣਗੇ 11ਹੇ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਯੋਗ ਹੈਂ, ਤੂੰ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਉਹ ਤੇਰੀ ਹੀ ਮਰਜ਼ੀ ਨਾਲ ਹੋਈਆਂ ਅਤੇ ਰਚੀਆਂ ਗਈਆਂ!

ਜਵਾਬੀ ਭਜਨ

ਜ਼ਬੂ 150:1–6

1ਹਲਲੂਯਾਹ! ਉਹ ਦੇ ਪਵਿੱਤਰ ਸਥਾਨ ਵਿੱਚ ਪਰਮੇਸ਼ੁਰ ਦੀ ਉਸਤਤ ਕਰੋ, ਉਹ ਦੀ ਸ਼ਕਤੀ ਦੇ ਅੰਬਰ ਵਿੱਚ ਉਹ ਦੀ ਉਸਤਤ ਕਰੋ! 2ਉਹ ਦੀ ਸਮਰੱਥਾ ਦੇ ਕੰਮਾਂ ਦੇ ਕਾਰਨ ਉਹ ਦੀ ਉਸਤਤ ਕਰੋ, ਉਹ ਦੀ ਅਤਿਅੰਤ ਮਹਾਨਤਾ ਦੇ ਜੋਗ ਉਹ ਦੀ ਉਸਤਤ ਕਰੋ! 3ਤੁਰ੍ਹੀ ਦੀ ਫੂਕ ਨਾਲ ਉਹ ਦੀ ਉਸਤਤ ਕਰੋ, ਸਿਤਾਰ ਤੇ ਬਰਬਤ ਨਾਲ ਉਹ ਦੀ ਉਸਤਤ ਕਰੋ, 4ਤਬਲੇ ਤੇ ਨੱਚਦੇ ਹੋਏ ਉਹ ਦੀ ਉਸਤਤ ਕਰੋ, ਤਾਰੇ ਵਾਲੇ ਵਾਜਿਆਂ ਤੇ ਬੰਸਰੀਆਂ ਨਾਲ ਉਹ ਦੀ ਉਸਤਤ ਕਰੋ! 5ਸਪੱਸ਼ਟ ਸੁਰ ਵਾਲੀ ਝਾਂਜ ਨਾਲ ਉਹ ਦੀ ਉਸਤਤ ਕਰੋ, ਛਣਕਣ ਵਾਲੀ ਝਾਂਜ ਨਾਲ ਉਹ ਦੀ ਉਸਤਤ ਕਰੋ! 6ਸਾਰੇ ਪ੍ਰਾਣੀਓ, ਯਹੋਵਾਹ ਦੀ ਉਸਤਤ ਕਰੋ! ਹਲਲੂਯਾਹ!

ਇੰਜੀਲ

ਲੂਕਾ 19:11–28

11ਜਦ ਉਹ ਇਹ ਗੱਲਾਂ ਨੂੰ ਸੁਣਦੇ ਸਨ ਤਾਂ ਯਿਸੂ ਨੇ ਹੋਰ ਇੱਕ ਦ੍ਰਿਸ਼ਟਾਂਤ ਦਿੱਤਾ, ਇਸ ਲਈ ਜੋ ਉਹ ਯਰੂਸ਼ਲਮ ਦੇ ਨੇੜੇ ਸੀ ਅਤੇ ਉਹ ਸਮਝੇ ਸਨ ਕਿ ਪਰਮੇਸ਼ੁਰ ਦਾ ਰਾਜ ਹੁਣੇ ਪਰਗਟ ਹੋਣ ਵਾਲਾ ਹੈ। 12ਉਸ ਨੇ ਆਖਿਆ ਕਿ ਇੱਕ ਅਮੀਰ ਦੂਰ ਦੇਸ ਨੂੰ ਗਿਆ, ਜੋ ਆਪਣੇ ਲਈ ਪਾਤਸ਼ਾਹੀ ਲੈ ਕੇ ਮੁੜ ਆਵੇ। 13ਅਤੇ ਉਸ ਨੇ ਆਪਣੇ ਦਸ ਨੌਕਰਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਦਸ ਅਸ਼ਰਫ਼ੀਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਕਿਹਾ, ਜਦ ਤੱਕ ਮੈਂ ਨਾ ਆਵਾਂ ਤੁਸੀਂ ਇਨ੍ਹਾਂ ਰੁਪਿਆਂ ਨਾਲ ਵਪਾਰ ਕਰੋ। 14ਪਰ ਉਸ ਸ਼ਹਿਰ ਦੇ ਰਹਿਣ ਵਾਲੇ ਉਸ ਨਾਲ ਵੈਰ ਰੱਖਦੇ ਸਨ ਅਤੇ ਉਸ ਦੇ ਪਿੱਛੇ ਦਾਸਾਂ ਦੁਆਰਾ ਸੁਨੇਹਾ ਭੇਜਿਆ ਕਿ ਅਸੀਂ ਨਹੀਂ ਚਾਹੁੰਦੇ ਜੋ ਇਹ ਸਾਡੇ ਉੱਤੇ ਰਾਜ ਕਰੇ। 15ਇਹ ਹੋਇਆ ਕਿ ਜਦ ਉਹ ਪਾਤਸ਼ਾਹੀ ਲੈ ਕੇ ਮੁੜ ਆਇਆ ਤਾਂ ਉਹਨਾਂ ਨੌਕਰਾਂ ਨੂੰ ਜਿਨ੍ਹਾਂ ਨੂੰ ਉਸ ਨੇ ਰੁਪਏ ਦਿੱਤੇ ਸਨ ਬੁਲਾਵਾ ਭੇਜਿਆ ਤਾਂ ਜੋ ਪਤਾ ਕਰੇ ਜੋ ਉਨ੍ਹਾਂ ਨੇ ਵਪਾਰ ਵਿੱਚ ਕੀ ਕਮਾਇਆ ਹੈ। 16ਤਦ ਪਹਿਲੇ ਨੇ ਆਣ ਕੇ ਕਿਹਾ, ਸੁਆਮੀ ਜੀ, ਮੈਂ ਤੁਹਾਡੀ ਅਸ਼ਰਫ਼ੀ ਦੇ ਨਾਲ ਦਸ ਅਸ਼ਰਫ਼ੀਆਂ ਹੋਰ ਕਮਾਈਆਂ ਹਨ। 17ਤਾਂ ਉਸ ਨੇ ਦਾਸ ਨੂੰ ਆਖਿਆ, ਹੇ ਚੰਗੇ ਨੌਕਰ ਸ਼ਾਬਾਸ਼! ਇਸ ਲਈ ਜੋ ਤੂੰ ਬਹੁਤ ਥੋੜ੍ਹੇ ਵਿੱਚ ਇਮਾਨਦਾਰ ਨਿੱਕਲਿਆ, ਤੂੰ ਦਸਾਂ ਨਗਰਾਂ ਉੱਤੇ ਅਧਿਕਾਰ ਰੱਖ। 18ਅਤੇ ਦੂਜੇ ਨੇ ਆਣ ਕੇ ਕਿਹਾ, ਸੁਆਮੀ ਜੀ, ਤੁਹਾਡੀ ਅਸ਼ਰਫ਼ੀ ਨਾਲ ਮੈਂ ਪੰਜ ਅਸ਼ਰਫ਼ੀਆਂ ਹੋਰ ਕਮਾਈਆਂ ਹਨ। 19ਤਾਂ ਉਸ ਨੇ ਦੂਜੇ ਦਾਸ ਨੂੰ ਵੀ ਆਖਿਆ ਕਿ ਤੂੰ ਵੀ ਪੰਜਾਂ ਨਗਰਾਂ ਉੱਤੇ ਅਧਿਕਾਰ ਰੱਖ। 20ਅਤੇ ਹੋਰ ਨੇ ਆਣ ਕੇ ਕਿਹਾ, ਸੁਆਮੀ ਜੀ ਵੇਖੋ, ਇਹ ਤੁਹਾਡੀ ਅਸ਼ਰਫ਼ੀ ਹੈ ਜਿਸ ਨੂੰ ਮੈਂ ਰੁਮਾਲ ਵਿੱਚ ਰੱਖ ਛੱਡਿਆ ਹੈ। 21ਇਸ ਲਈ ਜੋ ਮੈਂ ਤੁਹਾਡੇ ਕੋਲੋਂ ਡਰਿਆ ਕਿਉਂ ਜੋ ਤੁਸੀਂ ਸਖ਼ਤ ਸੁਭਾਅ ਵਾਲੇ ਆਦਮੀ ਹੋ। ਜੋ ਤੁਸੀਂ ਨਹੀਂ ਰੱਖਿਆ ਉੱਥੋਂ ਚੁੱਕਦੇ ਹੋ ਅਤੇ ਜਿੱਥੇ ਨਹੀਂ ਬੀਜਿਆ ਉੱਥੋਂ ਵੱਢਦੇ ਹੋ। 22ਉਸ ਨੇ ਆਪਣੇ ਦਾਸ ਨੂੰ ਆਖਿਆ, ਹੇ ਦੁਸ਼ਟ ਨੌਕਰ! ਤੇਰੇ ਹੀ ਮੂੰਹੋਂ ਮੈਂ ਤੈਨੂੰ ਦੋਸ਼ੀ ਠਹਿਰਾਉਂਦਾ ਹਾਂ। ਤੂੰ ਮੈਨੂੰ ਜਾਣਿਆ ਜੋ ਮੈਂ ਸਖ਼ਤ ਸੁਭਾਅ ਵਾਲਾ ਆਦਮੀ ਹਾਂ ਅਤੇ ਜਿੱਥੇ ਮੈਂ ਨਹੀਂ ਰੱਖਿਆ ਉੱਥੋਂ ਮੈਂ ਚੁੱਕਦਾ ਹਾਂ ਅਤੇ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਮੈਂ ਵੱਢਦਾ ਹਾਂ। 23ਫੇਰ ਤੂੰ ਮੇਰੇ ਰੁਪਏ ਸ਼ਾਹੂਕਾਰ ਦੇ ਕੋਲ ਕਿਉਂ ਨਾ ਰੱਖੇ, ਜੋ ਮੈਂ ਆਣ ਕੇ ਉਨ੍ਹਾਂ ਨੂੰ ਵਿਆਜ ਸਮੇਤ ਵਸੂਲ ਕਰ ਲੈਂਦਾ? 24ਅਤੇ ਉਸ ਨੇ ਉਨ੍ਹਾਂ ਨੌਕਰਾਂ ਨੂੰ ਜਿਹੜੇ ਕੋਲ ਖੜ੍ਹੇ ਸਨ ਆਖਿਆ, ਅਸ਼ਰਫ਼ੀ ਉਸ ਦੁਸ਼ਟ ਦਾਸ ਕੋਲੋਂ ਲੈ ਲਓ ਅਤੇ ਜਿਸ ਦੇ ਕੋਲ ਦਸ ਅਸ਼ਰਫ਼ੀਆਂ ਹਨ, ਉਸ ਨੂੰ ਦਿਉ। 25ਤਾਂ ਉਨ੍ਹਾਂ ਨੇ ਉਸ ਨੂੰ ਕਿਹਾ, ਸੁਆਮੀ ਜੀ ਉਸ ਦੇ ਕੋਲ ਦਸ ਅਸ਼ਰਫ਼ੀਆਂ ਹਨ। 26ਮੈਂ ਤੁਹਾਨੂੰ ਆਖਦਾ ਹਾਂ ਕਿ ਜਿਸ ਕਿਸੇ ਕੋਲ ਕੁਝ ਹੈ ਉਸ ਨੂੰ ਹੋਰ ਦਿੱਤਾ ਜਾਵੇਗਾ ਪਰ ਜਿਸ ਦੇ ਕੋਲ ਨਹੀਂ ਹੈ ਉਸ ਕੋਲੋਂ ਜੋ ਹੈ ਉਹ ਵੀ ਲੈ ਲਿਆ ਜਾਵੇਗਾ। 27ਮੇਰੇ ਇਨ੍ਹਾਂ ਵੈਰੀਆਂ ਨੂੰ ਜਿਹੜੇ ਨਹੀਂ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਉੱਤੇ ਰਾਜ ਕਰਾਂ ਇੱਥੇ ਲਿਆਓ ਅਤੇ ਮੇਰੇ ਸਾਹਮਣੇ ਮਾਰ ਸੁੱਟੋ! 28ਇਹ ਗੱਲਾਂ ਕਰ ਕੇ ਯਿਸੂ ਯਰੂਸ਼ਲਮ ਨੂੰ ਜਾਂਦਿਆਂ ਹੋਇਆਂ ਅੱਗੇ-ਅੱਗੇ ਤੁਰਿਆ ਜਾਂਦਾ ਸੀ।

ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ A, ਹਫ਼ਤੇ ਦੇ ਦਿਨਾਂ ਦਾ ਸਾਲ II।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ