Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਕਤੂਬਰ 2027 › ਅਕਤੂਬਰ 20

ਕੈਥੋਲਿਕ ਕੈਲੰਡਰ

ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 20 ਅਕਤੂਬਰ 2027

ਬੁੱਧਵਾਰ · ਆਮ ਸਮੇਂ ਦਾ 29ਵਾਂ ਹਫ਼ਤਾ

ਤਿਉਹਾਰ ਅਤੇ ਸੰਤ

ਆਮ ਸਮੇਂ ਦੇ 29ਵੇਂ ਹਫ਼ਤੇ ਦਾ ਬੁੱਧਵਾਰ

ਆਮ ਦਿਨ · ਉਪਾਸਨਾ ਦਾ ਰੰਗ: ਹਰਾ

ਦਿਨ ਦੇ ਪਾਠ

ਪਹਿਲਾ ਪਾਠ

ਰੋਮ 6:12–18

12ਹੁਣ ਫੇਰ ਪਾਪ ਤੁਹਾਡੀ ਮਰਨਹਾਰ ਦੇਹੀ ਵਿੱਚ ਰਾਜ ਨਾ ਕਰੇ, ਜੋ ਤੁਸੀਂ ਉਸ ਦੀਆਂ ਬੁਰੀਆਂ ਕਾਮਨਾਵਾਂ ਦੇ ਅਧੀਨ ਹੋਵੋ। 13ਅਤੇ ਨਾ ਆਪਣੇ ਅੰਗਾਂ ਨੂੰ ਕੁਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਸੌਂਪੋ ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ ਹੋਏ ਸਮਝ ਕੇ ਪਰਮੇਸ਼ੁਰ ਨੂੰ ਸੌਂਪ ਦਿਓ ਅਤੇ ਆਪਣੇ ਅੰਗਾਂ ਨੂੰ ਧਰਮ ਦੇ ਹਥਿਆਰ ਬਣਾ ਕੇ ਪਰਮੇਸ਼ੁਰ ਨੂੰ ਸੌਂਪ ਦਿਓ। 14ਜੋ ਤੁਹਾਡੇ ਉੱਤੇ ਪਾਪ ਦਾ ਜੋਰ ਨਾ ਚੱਲੇਗਾ ਕਿਉਂਕਿ ਤੁਸੀਂ ਬਿਵਸਥਾ ਦੇ ਅਧੀਨ ਨਹੀਂ ਸਗੋਂ ਕਿਰਪਾ ਦੇ ਅਧੀਨ ਹੋ। 15ਤਾਂ ਫੇਰ ਕੀ? ਅਸੀਂ ਪਾਪ ਕਰੀਏ ਇਸ ਲਈ ਜੋ ਅਸੀਂ ਬਿਵਸਥਾ ਦੇ ਅਧੀਨ ਨਹੀਂ ਸਗੋਂ ਕਿਰਪਾ ਦੇ ਅਧੀਨ ਹਾਂ? ਕਦੇ ਨਹੀਂ! 16ਭਲਾ ਤੁਸੀਂ ਇਹ ਨਹੀਂ ਜਾਣਦੇ ਹੋ ਕਿ ਆਗਿਆ ਮੰਨਣ ਲਈ ਜਿਹ ਦੇ ਹੱਥ ਤੁਸੀਂ ਆਪਣੇ ਆਪ ਨੂੰ ਦਾਸ ਬਣਾ ਕੇ ਸੌਂਪ ਦਿੰਦੇ ਹੋ ਤੁਸੀਂ ਉਸੇ ਦੇ ਦਾਸ ਹੋ ਜਿਸ ਦੀ ਆਗਿਆ ਮੰਨਦੇ ਹੋ, ਭਾਵੇਂ ਮੌਤ ਲਈ ਪਾਪ ਦੇ, ਭਾਵੇਂ ਧਾਰਮਿਕਤਾ ਲਈ ਆਗਿਆਕਾਰੀ ਦੇ। 17ਪਰ ਧੰਨਵਾਦ ਹੈ ਪਰਮੇਸ਼ੁਰ ਦਾ ਕਿ ਭਾਵੇਂ ਤੁਸੀਂ ਪਾਪ ਦੇ ਦਾਸ ਸੀ, ਪਰ ਜਿਸ ਸਿੱਖਿਆ ਦੇ ਸਾਂਚੇ ਵਿੱਚ ਢਾਲ਼ੇ ਗਏ ਤੁਸੀਂ ਮਨ ਤੋਂ ਉਹ ਦੇ ਆਗਿਆਕਾਰ ਹੋ ਗਏ। 18ਅਤੇ ਪਾਪ ਤੋਂ ਛੁੱਟ ਕੇ ਤੁਸੀਂ ਧਾਰਮਿਕਤਾ ਦੇ ਦਾਸ ਬਣ ਗਏ।

ਜਵਾਬੀ ਭਜਨ

ਜ਼ਬੂ 124:1–8

1ਦਾਊਦ ਦਾ ਯਾਤਰਾ ਦਾ ਗੀਤ ਜੇ ਯਹੋਵਾਹ ਸਾਡੀ ਵੱਲ ਨਾ ਹੁੰਦਾ, ਇਸਰਾਏਲ ਇਹ ਆਖੇ, 2ਜੇ ਯਹੋਵਾਹ ਉਸ ਵੇਲੇ ਸਾਡੇ ਵੱਲ ਨਾ ਹੁੰਦਾ, ਜਦ ਮਨੁੱਖ ਸਾਡੇ ਵਿਰੁੱਧ ਉੱਠੇ, 3ਤਾਂ ਓਹ ਸਾਨੂੰ ਜਿਉਂਦਿਆਂ ਨੂੰ ਨਿਗਲ ਲੈਂਦੇ, ਜਦੋਂ ਉਨ੍ਹਾਂ ਦਾ ਕ੍ਰੋਧ ਸਾਡੇ ਉੱਤੇ ਭੜਕ ਉੱਠਿਆ, 4ਤਾਂ ਸਾਨੂੰ ਪਾਣੀ ਰੋੜ੍ਹ ਲੈ ਜਾਂਦੇ, ਅਤੇ ਨਾਲਾ ਸਾਡੀ ਜਾਨ ਦੇ ਉੱਤੋਂ ਦੀ ਵਗ ਜਾਂਦਾ, 5ਤਾਂ ਠਾਠਾਂ ਮਾਰਦਾ ਪਾਣੀ ਸਾਡੀ ਜਾਨ ਦੇ ਉੱਤੋਂ ਦੀ ਲੰਘ ਜਾਂਦਾ! 6ਯਹੋਵਾਹ ਮੁਬਾਰਕ ਹੋਵੇ, ਜਿਸ ਨੇ ਸਾਨੂੰ ਉਨ੍ਹਾਂ ਦੇ ਦੰਦਾਂ ਦਾ ਸ਼ਿਕਾਰ ਨਾ ਹੋਣ ਦਿੱਤਾ! 7ਸਾਡੀ ਜਾਨ ਚਿੜ੍ਹੀ ਵਾਂਗੂੰ ਚਿੜ੍ਹੀਮਾਰ ਦੀ ਫਾਹੀ ਤੋਂ ਛੁਡਾਈ ਗਈ, ਫਾਹੀ ਟੁੱਟੀ, ਸਾਡੀ ਜਾਨ ਛੁੱਟੀ। 8ਸਾਡੀ ਸਹਾਇਤਾ ਯਹੋਵਾਹ ਦੇ ਨਾਮ ਵਿੱਚ ਹੈ, ਜਿਹੜਾ ਅਕਾਸ਼ ਅਤੇ ਧਰਤੀ ਦਾ ਕਰਤਾ ਹੈ।

ਇੰਜੀਲ

ਲੂਕਾ 12:39–48

39ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਖ਼ਬਰ ਹੁੰਦੀ ਜੋ ਚੋਰ ਕਿਸ ਵੇਲੇ ਆਵੇਗਾ ਤਾਂ ਉਹ ਜਾਗਦਾ ਰਹਿੰਦਾ ਅਤੇ ਆਪਣੇ ਘਰ ਚੋਰੀ ਨਾ ਹੋਣ ਦਿੰਦਾ। 40ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਸਮੇਂ ਤੁਹਾਨੂੰ ਖਿਆਲ ਵੀ ਨਾ ਹੋਵੇ ਉਸੇ ਸਮੇਂ ਮਨੁੱਖ ਦਾ ਪੁੱਤਰ ਆ ਜਾਵੇਗਾ। 41ਤਦ ਪਤਰਸ ਨੇ ਕਿਹਾ, ਪ੍ਰਭੂ ਜੀ ਕਿ ਤੁਸੀਂ ਇਹ ਦ੍ਰਿਸ਼ਟਾਂਤ ਸਾਨੂੰ ਹੀ ਆਖਦੇ ਹੋ ਜਾਂ ਸਾਰਿਆਂ ਨੂੰ? 42ਪ੍ਰਭੂ ਨੇ ਉੱਤਰ ਦਿੱਤਾ ਕਿ ਉਹ ਵਿਸ਼ਵਾਸਯੋਗ ਅਤੇ ਬੁੱਧਵਾਨ ਮੁਖ਼ਤਿਆਰ ਕੌਣ ਹੈ ਜਿਸ ਨੂੰ ਮਾਲਕ ਆਪਣੇ ਨੌਕਰਾਂ-ਚਾਕਰਾਂ ਉੱਤੇ ਠਹਿਰਾਵੇ ਜੋ ਸਮੇਂ ਸਿਰ ਉਨ੍ਹਾਂ ਨੂੰ ਭੋਜਣ ਦੇਵੇ? 43ਧੰਨ ਹੈ ਉਹ ਨੌਕਰ ਜਿਸ ਨੂੰ ਉਸ ਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆਂ ਵੇਖੇ। 44ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਉੱਤੇ ਅਧਿਕਾਰੀ ਠਹਿਰਾਵੇਗਾ। 45ਪਰ ਜੇ ਉਹ ਨੌਕਰ ਆਪਣੇ ਮਨ ਵਿੱਚ ਆਖੇ ਜੋ ਮੇਰਾ ਮਾਲਕ ਆਉਣ ਵਿੱਚ ਦੇਰ ਲਾਉਂਦਾ ਹੈ ਅਤੇ ਦਾਸ-ਦਾਸੀਆਂ ਨੂੰ ਮਾਰੇ ਅਤੇ ਖਾਣ-ਪੀਣ ਅਤੇ ਮਤਵਾਲਾ ਹੋਣ ਲੱਗੇ। 46ਤਾਂ ਉਸ ਨੌਕਰ ਦਾ ਮਾਲਕ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਸਮੇਂ ਉਹ ਨਹੀਂ ਜਾਣਦਾ ਆਵੇਗਾ ਅਤੇ ਉਸ ਨੂੰ ਟੁੱਕੜੇ-ਟੁੱਕੜੇ ਕਰ ਕੇ ਬੇਈਮਾਨਾਂ ਨਾਲ ਉਸ ਦਾ ਹਿੱਸਾ ਠਹਿਰਾਵੇਗਾ। 47ਉਹ ਨੌਕਰ ਜਿਹੜਾ ਆਪਣੇ ਮਾਲਕ ਦੀ ਮਰਜ਼ੀ ਜਾਣਦਾ ਸੀ ਪਰ ਤਿਆਰੀ ਨਾ ਕੀਤੀ ਅਤੇ ਉਸ ਦੀ ਮਰਜ਼ੀ ਅਨੁਸਾਰ ਕੰਮ ਨਾ ਕੀਤਾ ਬਹੁਤ ਮਾਰ ਖਾਵੇਗਾ। 48ਪਰ ਜਿਹੜਾ ਨਹੀਂ ਸੀ ਜਾਣਦਾ ਅਤੇ ਮਾਰ ਖਾਣ ਦੇ ਯੋਗ ਕੰਮ ਕੀਤਾ ਉਹ ਥੋੜੀ ਮਾਰ ਖਾਵੇਗਾ ਅਤੇ ਜਿਸ ਕਿਸੇ ਨੂੰ ਬਹੁਤਾ ਦਿੱਤਾ ਗਿਆ ਹੈ ਉਸ ਤੋਂ ਬਹੁਤੇ ਦਾ ਹਿਸਾਬ ਲਿਆ ਜਾਵੇਗਾ ਅਤੇ ਜਿਸ ਨੂੰ ਲੋਕਾਂ ਨੇ ਬਹੁਤ ਸੌਂਪਿਆ ਹੈ ਉਸ ਤੋਂ ਜ਼ਿਆਦਾ ਮੰਗਣਗੇ।

ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ