ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਕਤੂਬਰ 2027 › ਅਕਤੂਬਰ 13
ਕੈਥੋਲਿਕ ਕੈਲੰਡਰ
ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 13 ਅਕਤੂਬਰ 2027
ਬੁੱਧਵਾਰ · ਆਮ ਸਮੇਂ ਦਾ 28ਵਾਂ ਹਫ਼ਤਾ
ਤਿਉਹਾਰ ਅਤੇ ਸੰਤ
ਆਮ ਸਮੇਂ ਦੇ 28ਵੇਂ ਹਫ਼ਤੇ ਦਾ ਬੁੱਧਵਾਰ
ਆਮ ਦਿਨ · ਉਪਾਸਨਾ ਦਾ ਰੰਗ: ਹਰਾ
ਦਿਨ ਦੇ ਪਾਠ
ਪਹਿਲਾ ਪਾਠ
1ਸੋ ਹੇ ਦੋਸ਼ ਲਾਉਣ ਵਾਲੇ ਮਨੁੱਖ, ਤੂੰ ਭਾਵੇਂ ਕੋਈ ਵੀ ਹੋਵੇਂ ਤੇਰੇ ਕੋਲ ਕੋਈ ਉੱਤਰ ਨਹੀਂ, ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਜੇ ਉੱਤੇ ਦੋਸ਼ ਲਾਉਂਦਾ ਹੈਂ ਉਸੇ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈਂ, ਇਸ ਲਈ ਕਿ ਤੂੰ ਜਿਹੜਾ ਦੋਸ਼ ਲਾਉਂਦਾ ਹੈ ਆਪ ਵੀ ਉਹ ਹੀ ਕੰਮ ਕਰਦਾ ਹੈਂ। 2ਅਸੀਂ ਜਾਣਦੇ ਹਾਂ ਜੋ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਪਰਮੇਸ਼ੁਰ ਵੱਲੋਂ ਸਜ਼ਾ ਦਾ ਹੁਕਮ ਅਟੱਲ ਹੈ। 3ਫੇਰ ਹੇ ਮਨੁੱਖ, ਤੂੰ ਜੋ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਅਤੇ ਆਪ ਉਹੀ ਕੰਮ ਕਰਦਾ ਹੈਂ, ਭਲਾ, ਤੂੰ ਇਹ ਸਮਝਦਾ ਹੈਂ ਜੋ ਪਰਮੇਸ਼ੁਰ ਦੀ ਸਜ਼ਾ ਤੋਂ ਬਚ ਨਿੱਕਲੇਗਾ? 4ਕੀ ਤੂੰ ਉਹ ਦੀ ਕਿਰਪਾ ਅਤੇ ਮਾਫ਼ੀ ਅਤੇ ਸਬਰ ਦੀ ਦੌਲਤ ਨੂੰ ਤੁੱਛ ਸਮਝਦਾ ਹੈਂ ਅਤੇ ਇਹ ਨਹੀਂ ਜਾਣਦਾ ਜੋ ਪਰਮੇਸ਼ੁਰ ਦੀ ਕਿਰਪਾ ਤੈਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ। 5ਸਗੋਂ ਆਪਣੀ ਕਠੋਰਤਾਈ ਅਤੇ ਪਛਤਾਵੇ ਤੋਂ ਰਹਿਤ ਮਨ ਦੇ ਅਨੁਸਾਰ ਉਸ ਦਿਨ ਵਿੱਚ ਜਦੋਂ ਪਰਮੇਸ਼ੁਰ ਦਾ ਕ੍ਰੋਧ ਅਤੇ ਸੱਚਾ ਨਿਆਂ ਪਰਗਟ ਹੋਵੇਗਾ, ਤੂੰ ਆਪਣੇ ਆਪ ਲਈ ਕ੍ਰੋਧ ਕਮਾ ਰਿਹਾ ਹੈਂ। 6ਉਹ ਹਰੇਕ ਨੂੰ ਉਹ ਦੇ ਕੰਮਾਂ ਦੇ ਅਨੁਸਾਰ ਫਲ ਦੇਵੇਗਾ। 7ਜਿਹੜੇ ਭਲੇ ਕੰਮਾਂ ਵਿੱਚ ਦ੍ਰਿੜ੍ਹ ਹੋ ਕੇ ਮਹਿਮਾ, ਆਦਰ ਅਤੇ ਅਮਰਤਾ ਦੀ ਖੋਜ ਵਿੱਚ ਹਨ, ਉਹ ਉਨ੍ਹਾਂ ਨੂੰ ਸਦੀਪਕ ਜੀਵਨ ਦੇਵੇਗਾ। 8ਪਰ ਜਿਹੜੇ ਵਿਦ੍ਰੋਹੀ ਹਨ ਅਤੇ ਸੱਚ ਨੂੰ ਨਹੀਂ ਮੰਨਦੇ ਸਗੋਂ ਝੂਠ ਨੂੰ ਮੰਨਦੇ ਹਨ, ਉਨ੍ਹਾਂ ਉੱਤੇ ਗੁੱਸਾ ਅਤੇ ਕ੍ਰੋਧ ਹੋਵੇਗਾ। 9ਬਿਪਤਾ ਅਤੇ ਕਸ਼ਟ ਹਰੇਕ ਮਨੁੱਖ ਦੀ ਜਾਨ ਉੱਤੇ ਹੋਵੇਗਾ, ਜਿਹੜਾ ਬੁਰਿਆਈ ਕਰਦਾ ਹੈ, ਪਹਿਲਾਂ ਯਹੂਦੀ ਅਤੇ ਫੇਰ ਯੂਨਾਨੀ ਉੱਤੇ। 10ਪਰ ਹਰੇਕ ਨੂੰ ਜਿਹੜਾ ਭਲਿਆਈ ਕਰਦਾ ਹੈ ਮਹਿਮਾ, ਆਦਰ ਅਤੇ ਸ਼ਾਂਤੀ ਪ੍ਰਾਪਤ ਹੋਵੇਗੀ, ਪਹਿਲਾਂ ਯਹੂਦੀ ਅਤੇ ਫੇਰ ਯੂਨਾਨੀ ਨੂੰ। 11ਪਰਮੇਸ਼ੁਰ ਦੀ ਹਜ਼ੂਰੀ ਵਿੱਚ ਕਿਸੇ ਦਾ ਪੱਖਪਾਤ ਨਹੀਂ ਹੁੰਦਾ।
ਜਵਾਬੀ ਭਜਨ
1ਪ੍ਰਧਾਨ ਵਜਾਉਣ ਵਾਲੇ ਦੇ ਲਈ: ਦਾਊਦ ਦਾ ਭਜਨ। ਯਦੂਥੂਨ ਦੀ ਰਾਗ ਉੱਤੇ। ਮੇਰੀ ਜਾਨ ਪਰਮੇਸ਼ੁਰ ਦੇ ਹੀ ਅੱਗੇ ਚੁੱਪ-ਚਾਪ ਹੈ, ਮੇਰਾ ਬਚਾਓ ਉਸੇ ਵੱਲੋਂ ਹੈ। 2ਉਹੋ ਮੇਰੀ ਚੱਟਾਨ ਅਤੇ ਮੇਰਾ ਬਚਾਓ ਹੈ, ਉਹ ਮੇਰਾ ਉੱਚਾ ਗੜ੍ਹ ਹੈ, ਮੈਂ ਬਹੁਤਾ ਨਾ ਡੋਲਾਂਗਾ। 5ਹੇ ਮੇਰੀ ਜਾਨ, ਤੂੰ ਪਰਮੇਸ਼ੁਰ ਹੀ ਦੇ ਅੱਗੇ ਚੁੱਪ-ਚਾਪ ਰਹਿ, ਕਿਉਂ ਜੋ ਮੇਰੀ ਤਾਂਘ ਉਸੇ ਵੱਲੋਂ ਹੈ। 6ਉਹੋ ਮੇਰੀ ਚੱਟਾਨ ਅਤੇ ਮੇਰਾ ਬਚਾਓ ਹੈ, ਉਹੋ ਮੇਰਾ ਉੱਚਾ ਗੜ੍ਹ ਹੈ, ਮੈਂ ਨਾ ਡੋਲਾਂਗਾ। 8ਹੇ ਪਰਜਾ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ, ਆਪਣਾ ਮਨ ਉਹ ਦੇ ਅੱਗੇ ਖੋਲ੍ਹ ਦਿਓ, ਪਰਮੇਸ਼ੁਰ ਸਾਡੀ ਪਨਾਹ ਹੈ। ਸਲਹ।
ਇੰਜੀਲ
42ਪਰ ਹੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਪੂਦੀਨੇ ਅਤੇ ਹਰਮਲ ਅਤੇ ਹਰੇਕ ਸਾਗ ਪਾਤ ਦਾ ਦਸਵਾਂ ਹਿੱਸਾ ਪਰਮੇਸ਼ੁਰ ਨੂੰ ਦਿੰਦੇ ਹੋ ਪਰ ਪਰਮੇਸ਼ੁਰ ਦੇ ਪਿਆਰ ਅਤੇ ਨਿਆਂ ਦੀ ਉਲੰਘਣਾ ਕਰਦੇ ਹੋ ਪਰ ਚੰਗਾ ਹੁੰਦਾ ਕਿ ਇਨ੍ਹਾਂ ਗੱਲਾਂ ਨੂੰ ਵੀ ਮੰਨਦੇ। 43ਤੁਸੀਂ ਫ਼ਰੀਸੀਆਂ ਉੱਤੇ ਹਾਏ! ਕਿਉਂ ਜੋ ਤੁਸੀਂ ਪ੍ਰਾਰਥਨਾ ਘਰ ਵਿੱਚ ਮੁੱਖ ਥਾਵਾਂ ਉੱਤੇ ਬੈਠਣਾ ਪਸੰਦ ਕਰਦੇ ਹੋ ਅਤੇ ਬਜ਼ਾਰਾਂ ਵਿੱਚ ਸਲਾਮ ਲੈਣ ਦੇ ਭੁੱਖੇ ਹੋ। 44ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਉਨ੍ਹਾਂ ਕਬਰਾਂ ਵਰਗੇ ਹੋ ਜੋ ਦਿਖਾਈ ਨਹੀਂ ਦਿੰਦੀਆਂ ਅਤੇ ਲੋਕੀ ਉਨ੍ਹਾਂ ਉੱਤੋਂ ਅਣਜਾਣੇ ਚੱਲਦੇ ਫਿਰਦੇ ਹਨ। 45ਉਪਦੇਸ਼ਕਾਂ ਵਿੱਚੋਂ ਇੱਕ ਨੇ ਉਸ ਨੂੰ ਉੱਤਰ ਦਿੱਤਾ, ਗੁਰੂ ਜੀ ਇਹ ਬੋਲ ਕੇ ਤੁਸੀਂ ਸਾਡੀ ਨਿੰਦਿਆ ਕਰਦੇ ਹੋ। 46ਪਰ ਉਸ ਨੇ ਆਖਿਆ, ਉਪਦੇਸ਼ਕਾਂ ਉੱਤੇ ਵੀ ਹਾਏ! ਕਿਉਂ ਜੋ ਤੁਸੀਂ ਮਨੁੱਖਾਂ ਉੱਤੇ ਅਜਿਹੇ ਭਾਰ ਰੱਖਦੇ ਹੋ ਜਿਨ੍ਹਾਂ ਦਾ ਚੁੱਕਣਾ ਔਖਾ ਹੈ ਪਰ ਤੁਸੀਂ ਆਪ ਆਪਣੀ ਇੱਕ ਉਂਗਲ ਵੀ ਉਸ ਭਾਰ ਨੂੰ ਚੁੱਕਣ ਵਾਸਤੇ ਨਹੀਂ ਲਾਉਂਦੇ ਹੋ।
ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ