ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਕਤੂਬਰ 2027 › ਅਕਤੂਬਰ 10
ਕੈਥੋਲਿਕ ਕੈਲੰਡਰ
ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 10 ਅਕਤੂਬਰ 2027
ਐਤਵਾਰ · ਆਮ ਸਮੇਂ ਦਾ 28ਵਾਂ ਹਫ਼ਤਾ
ਤਿਉਹਾਰ ਅਤੇ ਸੰਤ
ਆਮ ਸਮੇਂ ਦਾ 28ਵਾਂ ਐਤਵਾਰ
ਐਤਵਾਰ · ਉਪਾਸਨਾ ਦਾ ਰੰਗ: ਹਰਾ
ਦਿਨ ਦੇ ਪਾਠ
ਪਹਿਲਾ ਪਾਠ
ਇਸ ਅਨੁਵਾਦ ਵਿੱਚ ਨਹੀਂ
ਜਵਾਬੀ ਭਜਨ
12ਸਾਨੂੰ ਸਾਡੇ ਦਿਨ ਗਿਣਨਾ ਐਉਂ ਸਿਖਲਾ, ਕਿ ਅਸੀਂ ਸੇਵਾ ਵਾਲਾ ਮਨ ਪਰਾਪਤ ਕਰੀਏ। 13ਮੁੜ ਆ, ਹੇ ਯਹੋਵਾਹ, ਕਿੰਨ੍ਹਾਂ ਚਿਰ ਤੱਕ? ਅਤੇ ਆਪਣੇ ਦਾਸਾਂ ਉੱਤੇ ਤਰਸ ਖਾਹ! 14ਸਵੇਰ ਨੂੰ ਆਪਣੀ ਦਯਾ ਨਾਲ ਸਾਡੀ ਨਿਸ਼ਾ ਕਰ, ਕਿ ਅਸੀਂ ਆਪਣੇ ਸਾਰੇ ਦਿਨ ਜੈਕਾਰੇ ਗਜਾਈਏ ਅਤੇ ਅਨੰਦ ਕਰੀਏ। 15ਸਾਨੂੰ ਓਨੇ ਦਿਨ ਅਨੰਦ ਕਰਵਾ ਜਿੰਨਾਂ ਚਿਰ ਤੂੰ ਸਾਨੂੰ ਦੁਖੀ ਰੱਖਿਆ ਹੈ, ਅਤੇ ਜਿੰਨੇ ਵਰ੍ਹੇ ਅਸੀਂ ਬੁਰਿਆਈ ਵੇਖੀ ਹੈ। 16ਤੇਰੀ ਕਿਰਪਾ ਤੇਰੇ ਦਾਸਾਂ ਉੱਤੇ ਅਤੇ ਤੇਰਾ ਤੇਜ ਉਨ੍ਹਾਂ ਦੀ ਅੰਸ ਉੱਤੇ ਪਰਗਟ ਹੋਵੇ। 17ਪ੍ਰਭੂ ਸਾਡੇ ਪਰਮੇਸ਼ੁਰ ਦੀ ਪ੍ਰਸੰਨਤਾ ਸਾਡੇ ਉੱਤੇ ਹੋਵੇ, ਸਾਡੇ ਹੱਥਾਂ ਦੇ ਕੰਮ ਸਾਡੇ ਲਈ ਕਾਇਮ ਕਰ, ਹਾਂ, ਸਾਡੇ ਹੱਥਾਂ ਦੇ ਕੰਮ ਕਾਇਮ ਕਰ।
ਦੂਜਾ ਪਾਠ
12ਕਿਉਂ ਜੋ ਪਰਮੇਸ਼ੁਰ ਦਾ ਬਚਨ ਜਿਉਂਦਾ, ਗੁਣਕਾਰ ਅਤੇ ਹਰੇਕ ਦੋਧਾਰੀ ਤਲਵਾਰ ਨਾਲੋਂ ਤਿੱਖਾ ਹੈ ਜੋ ਪ੍ਰਾਣ, ਆਤਮਾ, ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਜਾਂਚ ਲੈਂਦਾ ਹੈ। 13ਅਤੇ ਸ੍ਰਿਸ਼ਟੀ ਦੀ ਕੋਈ ਰਚਨਾ ਉਸ ਕੋਲੋਂ ਲੁਕੀ ਹੋਈ ਨਹੀਂ ਪਰ ਜਿਸ ਨੂੰ ਅਸੀਂ ਲੇਖਾ ਦੇਣਾ ਹੈ, ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਪਰਗਟ ਅਤੇ ਖੁੱਲੀਆਂ ਪਈਆਂ ਹਨ।
ਇੰਜੀਲ
17ਜਦ ਪ੍ਰਭੂ ਯਿਸੂ ਬਾਹਰ ਨਿੱਕਲ ਕੇ ਰਾਹ ਵੱਲ ਚਲੇ ਜਾਂਦੇ ਸਨ, ਤਾਂ ਇੱਕ ਮਨੁੱਖ ਉਹ ਦੇ ਕੋਲ ਦੌੜਿਆ ਆਇਆ ਅਤੇ ਉਹ ਦੇ ਅੱਗੇ ਗੋਡੇ ਟੇਕ ਕੇ ਉਹ ਨੂੰ ਪੁੱਛਿਆ, ਹੇ ਉੱਤਮ ਗੁਰੂ, ਮੈਂ ਅਜਿਹਾ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? 18ਯਿਸੂ ਨੇ ਉਹ ਨੂੰ ਆਖਿਆ, ਤੂੰ ਮੈਨੂੰ ਉੱਤਮ ਕਿਉਂ ਕਹਿੰਦਾ ਹੈਂ? ਉੱਤਮ ਕੋਈ ਨਹੀਂ, ਪਰ ਕੇਵਲ ਇੱਕੋ ਪਰਮੇਸ਼ੁਰ। 19ਤੂੰ ਹੁਕਮਾਂ ਨੂੰ ਜਾਣਦਾ ਹੈਂ ਕਿ ਖੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਠੱਗੀ ਨਾ ਕਰ, ਆਪਣੇ ਮਾਤਾ-ਪਿਤਾ ਦਾ ਆਦਰ ਕਰ। 20ਉਸ ਨੇ ਉਹ ਨੂੰ ਕਿਹਾ, ਗੁਰੂ ਜੀ, ਮੈਂ ਆਪਣੇ ਬਚਪਨ ਤੋਂ ਇਨ੍ਹਾਂ ਸਭਨਾਂ ਨੂੰ ਮੰਨਦਾ ਆਇਆ ਹਾਂ। 21ਯਿਸੂ ਨੇ ਉਹ ਦੀ ਵੱਲ ਵੇਖ ਕੇ ਉਹ ਨੂੰ ਪਿਆਰ ਕੀਤਾ ਅਤੇ ਉਹ ਨੂੰ ਕਿਹਾ, ਤੇਰੇ ਵਿੱਚ ਇੱਕ ਗੱਲ ਦੀ ਕਮੀ ਹੈ। ਜਾ ਅਤੇ ਜੋ ਕੁਝ ਤੇਰਾ ਹੈ, ਸੋ ਵੇਚ ਅਤੇ ਕੰਗਾਲਾਂ ਨੂੰ ਵੰਡ ਦੇ ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਆ, ਮੇਰੇ ਪਿੱਛੇ ਹੋ ਤੁਰ। 22ਪਰ ਇਸ ਗੱਲ ਤੋਂ ਉਸ ਦੇ ਚਿਹਰੇ ਤੇ ਉਦਾਸੀ ਛਾ ਗਈ ਅਤੇ ਉਹ ਉਦਾਸ ਹੋ ਕੇ ਚੱਲਿਆ ਗਿਆ ਕਿਉਂ ਜੋ ਉਹ ਵੱਡਾ ਧਨਵਾਨ ਸੀ। 23ਤਦ ਯਿਸੂ ਨੇ ਚੁਫ਼ੇਰੇ ਨਿਗਾਹ ਕਰ ਕੇ ਆਪਣੇ ਚੇਲਿਆਂ ਨੂੰ ਕਿਹਾ, ਅਮੀਰਾਂ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਕਿੰਨ੍ਹਾਂ ਹੀ ਔਖਾ ਹੋਵੇਗਾ! 24ਚੇਲੇ ਉਹ ਦੀਆਂ ਗੱਲਾਂ ਤੋਂ ਹੈਰਾਨ ਹੋਏ, ਪਰ ਯਿਸੂ ਨੇ ਉਨ੍ਹਾਂ ਨੂੰ ਫੇਰ ਕਿਹਾ, ਹੇ ਬਾਲਕੋ, ਜਿਹੜੇ ਧਨ ਉੱਤੇ ਭਰੋਸਾ ਰੱਖਦੇ ਹਨ ਉਨ੍ਹਾਂ ਲਈ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਕਿੰਨ੍ਹਾਂ ਹੀ ਔਖਾ ਹੈ! 25ਪਰਮੇਸ਼ੁਰ ਦੇ ਰਾਜ ਵਿੱਚ ਧਨਵਾਨ ਦੇ ਵੜਨ ਨਾਲੋਂ ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਲੰਘਣਾ ਸੌਖਾ ਹੈ। 26ਉਹ ਬਹੁਤ ਹੀ ਹੈਰਾਨ ਹੋ ਕੇ ਆਪੋ ਵਿੱਚ ਕਹਿਣ ਲੱਗੇ, ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ? 27ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਆਖਿਆ, ਮਨੁੱਖਾਂ ਤੋਂ ਇਹ ਅਣਹੋਣਾ ਹੈ ਪਰ ਪਰਮੇਸ਼ੁਰ ਤੋਂ ਨਹੀਂ ਕਿਉਂਕਿ ਪਰਮੇਸ਼ੁਰ ਤੋਂ ਸਭ ਕੁਝ ਹੋ ਸਕਦਾ ਹੈ। 28ਤਦ ਪਤਰਸ ਨੇ ਪ੍ਰਭੂ ਯਿਸੂ ਨੂੰ ਆਖਿਆ, ਵੇਖੋ ਅਸੀਂ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ। 29ਯਿਸੂ ਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਅਜਿਹਾ ਕੋਈ ਨਹੀਂ ਜਿਸ ਨੇ ਘਰ, ਭਾਈਆਂ, ਭੈਣਾਂ, ਮਾਤਾ, ਪਿਤਾ, ਬਾਲ ਬੱਚਿਆਂ ਜਾਂ ਜ਼ਮੀਨਾਂ ਨੂੰ ਮੇਰੇ ਅਤੇ ਮੇਰੀ ਖੁਸ਼ਖਬਰੀ ਦੇ ਲਈ ਛੱਡਿਆ ਹੋਵੇ। 30ਅਤੇ ਹੁਣ ਇਸ ਸਮੇਂ ਵਿੱਚ ਸੌ ਗੁਣਾ ਨਾ ਪਾਵੇ, ਘਰ ਅਤੇ ਭਾਈ ਭੈਣਾਂ ਅਤੇ ਮਾਵਾਂ ਅਤੇ ਬਾਲ ਬੱਚੇ ਅਤੇ ਜ਼ਮੀਨਾਂ ਨੂੰ ਪਰ ਦੁੱਖਾਂ ਨਾਲ ਅਤੇ ਅਗਲੇ ਯੁੱਗ ਵਿੱਚ ਸਦੀਪਕ ਜੀਵਨ।
ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ