ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਜੁਲਾਈ 2027 › ਜੁਲਾਈ 28
ਕੈਥੋਲਿਕ ਕੈਲੰਡਰ
ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 28 ਜੁਲਾਈ 2027
ਬੁੱਧਵਾਰ · ਆਮ ਸਮੇਂ ਦਾ 17ਵਾਂ ਹਫ਼ਤਾ
ਤਿਉਹਾਰ ਅਤੇ ਸੰਤ
ਆਮ ਸਮੇਂ ਦੇ 17ਵੇਂ ਹਫ਼ਤੇ ਦਾ ਬੁੱਧਵਾਰ
ਆਮ ਦਿਨ · ਉਪਾਸਨਾ ਦਾ ਰੰਗ: ਹਰਾ
ਦਿਨ ਦੇ ਪਾਠ
ਪਹਿਲਾ ਪਾਠ
29ਇਸ ਤਰ੍ਹਾਂ ਹੋਇਆ ਕਿ ਜਦ ਮੂਸਾ ਸੀਨਈ ਪਰਬਤ ਤੋਂ ਉੱਤਰਿਆ ਤਾਂ ਮੂਸਾ ਦੇ ਹੱਥ ਵਿੱਚ ਪਰਬਤ ਤੋਂ ਉਤਰਨ ਦੇ ਸਮੇਂ ਸਾਖੀ ਦੀਆਂ ਦੋ ਫੱਟੀਆਂ ਸਨ ਅਤੇ ਮੂਸਾ ਨੂੰ ਮਲੂਮ ਨਾ ਹੋਇਆ ਕਿ ਉਸ ਦਾ ਚਿਹਰਾ ਉਸ ਦੇ ਨਾਲ ਬੋਲਣ ਦੇ ਕਾਰਨ ਚਮਕਦਾ ਹੈ। 30ਜਦ ਹਾਰੂਨ ਨੇ ਅਤੇ ਇਸਰਾਏਲੀਆਂ ਨੇ ਮੂਸਾ ਨੂੰ ਵੇਖਿਆ ਤਾਂ ਉਸ ਦਾ ਚਿਹਰਾ ਚਮਕਦਾ ਸੀ ਅਤੇ ਉਹ ਉਸ ਦੇ ਨੇੜੇ ਜਾਣ ਤੋਂ ਡਰੇ। 31ਮੂਸਾ ਨੇ ਉਨ੍ਹਾਂ ਨੂੰ ਬੁਲਾਇਆ ਅਤੇ ਹਾਰੂਨ ਅਤੇ ਮੰਡਲੀ ਦੇ ਸਾਰੇ ਪ੍ਰਧਾਨ ਉਸ ਦੇ ਕੋਲ ਮੁੜ ਆਏ ਅਤੇ ਮੂਸਾ ਨੇ ਉਨ੍ਹਾਂ ਦੇ ਨਾਲ ਗੱਲਾਂ ਕੀਤੀਆਂ। 32ਫੇਰ ਸਾਰੇ ਇਸਰਾਏਲੀ ਉਸ ਦੇ ਨੇੜੇ ਆਏ ਤਾਂ ਉਸ ਨੇ ਸਾਰੇ ਹੁਕਮ ਜਿਹੜੇ ਯਹੋਵਾਹ ਨੇ ਉਸ ਨੂੰ ਸੀਨਈ ਪਰਬਤ ਉੱਤੇ ਆਖੇ ਸਨ ਉਨ੍ਹਾਂ ਨੂੰ ਦਿੱਤੇ। 33ਜਦ ਮੂਸਾ ਉਨ੍ਹਾਂ ਨਾਲ ਗੱਲਾਂ ਕਰ ਚੁੱਕਿਆ ਤਾਂ ਆਪਣੇ ਮੂੰਹ ਉੱਤੇ ਪਰਦਾ ਪਾ ਲਿਆ। 34ਜਦ ਮੂਸਾ ਯਹੋਵਾਹ ਦੇ ਸਨਮੁਖ ਗੱਲਾਂ ਕਰਨ ਲਈ ਜਾਂਦਾ ਸੀ ਤਾਂ ਪਰਦਾ ਲਾਹ ਸੁੱਟਦਾ ਸੀ ਜਦ ਤੱਕ ਉਹ ਬਾਹਰ ਨਹੀਂ ਸੀ ਆਉਂਦਾ ਅਤੇ ਬਾਹਰ ਆ ਕੇ ਉਹ ਇਸਰਾਏਲੀਆਂ ਨੂੰ ਜੋ ਉਹ ਨੂੰ ਹੁਕਮ ਹੁੰਦਾ ਸੀ ਦੱਸਦਾ ਸੀ। 35ਇਸਰਾਏਲੀ ਮੂਸਾ ਦੇ ਮੂੰਹ ਨੂੰ ਵੇਖਦੇ ਸਨ ਕਿ ਮੂਸਾ ਦਾ ਚਿਹਰਾ ਚਮਕਦਾ ਹੈ ਤਾਂ ਮੂਸਾ ਫੇਰ ਆਪਣੇ ਮੂੰਹ ਉੱਤੇ ਪਰਦਾ ਪਾ ਲੈਂਦਾ ਸੀ ਜਦ ਤੱਕ ਉਹ ਦੇ ਨਾਲ ਗੱਲਾਂ ਕਰਨ ਨੂੰ ਅੰਦਰ ਨਾ ਆਉਂਦਾ ਸੀ।
ਜਵਾਬੀ ਭਜਨ
5ਤੁਸੀਂ ਯਹੋਵਾਹ ਸਾਡੇ ਪਰਮੇਸ਼ੁਰ ਦੀ ਬਜ਼ੁਰਗੀ ਕਰੋ, ਅਤੇ ਉਹ ਦਿਆਂ ਚਰਨਾਂ ਦੀ ਚੌਂਕੀ ਉੱਤੇ ਮੱਥਾ ਟੇਕੋ, ਉਹ ਪਵਿੱਤਰ ਹੈ। 6ਮੂਸਾ ਅਤੇ ਹਾਰੂਨ ਉਹ ਦੇ ਜਾਜਕਾਂ ਵਿੱਚੋਂ ਸਨ, ਅਤੇ ਸਮੂਏਲ ਉਹ ਦਾ ਨਾਮ ਲੈਣ ਵਾਲਿਆਂ ਵਿੱਚੋਂ, ਓਹ ਯਹੋਵਾਹ ਨੂੰ ਪੁਕਾਰਦੇ ਸਨ ਅਤੇ ਉਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ। 7ਉਹ ਬੱਦਲ ਦੇ ਥੰਮ੍ਹ ਵਿੱਚ ਦੀ ਉਨ੍ਹਾਂ ਨਾਲ ਗੱਲਾਂ ਕਰਦਾ ਸੀ, ਉਹ ਦੀਆਂ ਸਾਖੀਆਂ ਅਤੇ ਬਿਧੀਆਂ ਨੂੰ, ਜੋ ਉਹ ਨੇ ਉਨ੍ਹਾਂ ਨੂੰ ਦਿੱਤੀਆਂ ਉਨ੍ਹਾਂ ਨੇ ਮੰਨਿਆ। 9ਯਹੋਵਾਹ ਸਾਡੇ ਪਰਮੇਸ਼ੁਰ ਦੀ ਬਜ਼ੁਰਗੀ ਕਰੋ, ਅਤੇ ਉਹ ਦੇ ਪਵਿੱਤਰ ਪਰਬਤ ਉੱਤੇ ਮੱਥਾ ਟੇਕੋ, ਕਿਉਂ ਜੋ ਯਹੋਵਾਹ ਸਾਡਾ ਪਰਮੇਸ਼ੁਰ ਪਵਿੱਤਰ ਹੈ।
ਇੰਜੀਲ
44ਸਵਰਗ ਰਾਜ ਖੇਤ ਵਿੱਚ ਲੁਕੇ ਹੋਏ ਧਨ ਵਰਗਾ ਹੈ, ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਫਿਰ ਲੁਕਾ ਦਿੱਤਾ ਅਤੇ ਖੁਸ਼ੀ ਦੇ ਕਾਰਨ ਉਹ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਖ਼ਰੀਦ ਲਿਆ। 45ਫੇਰ ਸਵਰਗ ਰਾਜ ਇੱਕ ਚੰਗੇ ਮੋਤੀਆਂ ਨੂੰ ਲੱਭਣ ਵਾਲੇ ਵਪਾਰੀ ਵਰਗਾ ਹੈ। 46ਜਦੋਂ ਉਸ ਨੂੰ ਇੱਕ ਮੋਤੀ ਬਹੁਤ ਮਹਿੰਗੇ ਮੁੱਲ ਦਾ ਮਿਲਿਆ, ਤਾਂ ਉਸ ਨੇ ਆਪਣਾ ਸਭ ਕੁਝ ਵੇਚ ਕੇ ਉਸ ਨੂੰ ਖਰੀਦ ਲਿਆ।
ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ