Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਜੁਲਾਈ 2027 › ਜੁਲਾਈ 25

ਆਰਥੋਡਾਕਸ ਕੈਲੰਡਰ · 12 ਜੁਲਾਈ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 25 ਜੁਲਾਈ 2027

ਐਤਵਾਰ · ਸੁਰ 4

ਤਿਉਹਾਰ ਅਤੇ ਸੰਤ

ਪੰਤੇਕੁਸਤ ਤੋਂ ਬਾਅਦ ਪੰਜਵਾਂ ਐਤਵਾਰ

ਵਰਤ

ਕੋਈ ਵਰਤ ਨਹੀਂ

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਸਵੇਰ ਦੀ ਪ੍ਰਾਰਥਨਾ ਦੀ ਪੰਜਵੀਂ ਇੰਜੀਲ

ਲੂਕਾ 24:12–35

12ਪਰ ਪਤਰਸ ਉੱਠ ਕੇ ਕਬਰ ਵੱਲ ਭੱਜਿਆ ਅਤੇ ਝੁੱਕ ਕੇ ਕਬਰ ਦੇ ਅੰਦਰ ਵੇਖਿਆ, ਪਰ ਕੇਵਲ ਉਸ ਦੇ ਕੱਪੜੇ ਹੀ ਵੇਖੇ ਅਤੇ ਇਸ ਘਟਨਾ ਬਾਰੇ ਅਚਰਜ਼ ਮੰਨਦਾ ਹੋਇਆ ਆਪਣੇ ਘਰ ਚੱਲਿਆ ਗਿਆ। 13ਤਾਂ ਵੇਖੋ, ਉਸੇ ਦਿਨ ਉਨ੍ਹਾਂ ਵਿੱਚੋਂ ਦੋ ਜਣੇ ਇੰਮਊਸ ਨਾਮਕ ਇੱਕ ਪਿੰਡ ਨੂੰ ਜਾਂਦੇ ਸਨ, ਜਿਹੜਾ ਯਰੂਸ਼ਲਮ ਤੋਂ ਸੱਤ ਮੀਲ ਦੂਰੀ ਤੇ ਹੈ। 14ਉਹ ਉਨ੍ਹਾਂ ਸਭਨਾਂ ਗੱਲਾਂ ਦੇ ਵਿਖੇ ਜੋ ਯਰੂਸ਼ਲਮ ਵਿੱਚ ਹੋਈਆਂ ਸਨ ਆਪਸ ਵਿੱਚ ਗੱਲਬਾਤ ਕਰਦੇ ਸਨ। 15ਅਤੇ ਇਸ ਤਰ੍ਹਾਂ ਹੋਇਆ ਕਿ ਜਦ ਉਹ ਗੱਲਬਾਤ ਅਤੇ ਚਰਚਾ ਕਰਦੇ ਸਨ ਤਾਂ ਯਿਸੂ ਆਪ ਨੇੜੇ ਆਣ ਕੇ ਉਨ੍ਹਾਂ ਦੇ ਨਾਲ ਤੁਰਨ ਲੱਗਾ, 16ਪਰ ਉਨ੍ਹਾਂ ਦੀਆਂ ਅੱਖਾਂ ਬੰਦ ਕੀਤੀਆਂ ਗਈਆਂ ਸਨ ਕਿ ਉਹ ਉਸ ਨੂੰ ਪਹਿਚਾਣ ਨਾ ਸਕੇ। 17ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਆਪਸ ਵਿੱਚ ਕੀ ਗੱਲਾਂ ਕਰਦੇ ਹੋ? ਤਾਂ ਉਹ ਉਦਾਸ ਹੋ ਕੇ ਖੜ੍ਹੇ ਹੋ ਗਏ। 18ਤਦ ਕਲਿਉਪਸ ਨਾਮ ਦੇ ਇੱਕ ਨੇ ਉਸ ਨੂੰ ਉੱਤਰ ਦਿੱਤਾ, ਭਲਾ, ਤੂੰ ਹੀ ਇਕੱਲਾ ਯਰੂਸ਼ਲਮ ਵਿੱਚ ਓਪਰਾ ਹੈਂ ਅਤੇ ਅੱਜ-ਕੱਲ ਜਿਹੜੀਆਂ ਘਟਨਾਵਾਂ ਉੱਥੇ ਬੀਤੀਆਂ ਹਨ ਨਹੀਂ ਜਾਣਦਾ ਹੈਂ? 19ਉਸ ਨੇ ਉਨ੍ਹਾਂ ਨੂੰ ਕਿਹਾ, ਕਿਹੜੀਆਂ ਘਟਨਾਵਾਂ? ਤਾਂ ਉਨ੍ਹਾਂ ਨੇ ਉਸ ਨੂੰ ਆਖਿਆ, ਯਿਸੂ ਨਾਸਰੀ ਦੇ ਬਾਰੇ, ਜਿਹੜਾ ਸਾਰੇ ਲੋਕਾਂ ਦੇ ਅੱਗੇ ਕਰਨੀ ਅਤੇ ਬਚਨ ਵਿੱਚ ਸਮਰੱਥੀ ਅਤੇ ਪਰਮੇਸ਼ੁਰ ਦਾ ਨਬੀ ਸੀ। 20ਅਤੇ ਕਿਸ ਤਰ੍ਹਾਂ ਮੁੱਖ ਜਾਜਕਾਂ ਅਤੇ ਸਾਡੇ ਸਰਦਾਰਾਂ ਨੇ ਉਸ ਨੂੰ ਕਤਲ ਦੇ ਲਈ ਹਵਾਲੇ ਕੀਤਾ ਅਤੇ ਉਸ ਨੂੰ ਸਲੀਬ ਉੱਤੇ ਚੜ੍ਹਾਇਆ। 21ਪਰ ਸਾਨੂੰ ਇਹ ਆਸ ਸੀ ਜੋ ਇਹ ਉਹ ਹੀ ਹੈ ਜੋ ਇਸਰਾਏਲ ਦਾ ਨਿਸਤਾਰਾ ਕਰੇਗਾ ਅਤੇ ਇਨ੍ਹਾਂ ਸਭਨਾਂ ਗੱਲਾਂ ਤੋਂ ਬਾਅਦ ਇਸ ਘਟਨਾ ਨੂੰ ਬੀਤਿਆਂ ਅੱਜ ਤਿੰਨ ਦਿਨ ਹੋ ਗਏ ਹਨ। 22ਪਰ ਸਾਡੇ ਵਿੱਚੋਂ ਕਈਆਂ ਔਰਤਾਂ ਨੇ ਵੀ ਸਾਨੂੰ ਹੈਰਾਨ ਕਰ ਛੱਡਿਆ ਹੈ ਕਿ ਉਹ ਤੜਕੇ ਕਬਰ ਤੇ ਗਈਆਂ ਸਨ, 23ਅਤੇ ਜਦ ਉਸ ਦੀ ਲੋਥ ਨਾ ਪਾਈ ਤਾਂ ਇਹ ਆਖਦੀਆਂ ਆਈਆਂ ਜੋ ਸਾਨੂੰ ਦੂਤਾਂ ਦਾ ਦਰਸ਼ਣ ਵੀ ਹੋਇਆ, ਜਿਨ੍ਹਾਂ ਨੇ ਆਖਿਆ ਕਿ ਉਹ ਜਿਉਂਦਾ ਹੈ! 24ਅਤੇ ਸਾਡੇ ਨਾਲ ਦਿਆਂ ਵਿੱਚੋਂ ਵੀ ਕਈ ਕਬਰ ਉੱਤੇ ਗਏ ਅਤੇ ਜਿਸ ਤਰ੍ਹਾਂ ਔਰਤਾਂ ਨੇ ਦੱਸਿਆ ਉਸੇ ਤਰ੍ਹਾਂ ਪਾਇਆ ਪਰ ਉਸ ਨੂੰ ਨਾ ਵੇਖਿਆ। 25ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, ਹੇ ਬੇਸਮਝੋ ਅਤੇ ਨਬੀਆਂ ਦੇ ਸਾਰੇ ਬਚਨਾਂ ਉੱਤੇ ਵਿਸ਼ਵਾਸ ਕਰਨ ਵਿੱਚ ਢਿੱਲਿਉ! 26ਕੀ ਮਸੀਹ ਦੇ ਲਈ ਇਹ ਜ਼ਰੂਰੀ ਨਾ ਸੀ ਜੋ ਉਹ ਕਸ਼ਟ ਭੋਗ ਕੇ ਆਪਣੇ ਤੇਜ ਵਿੱਚ ਪ੍ਰਵੇਸ਼ ਕਰੇ? 27ਯਿਸੂ ਨੇ ਮੂਸਾ ਅਤੇ ਸਭਨਾਂ ਨਬੀਆਂ ਤੋਂ ਸ਼ੁਰੂ ਕਰ ਕੇ ਉਹਨਾਂ ਨੂੰ ਉਨ੍ਹਾਂ ਗੱਲਾਂ ਦਾ ਅਰਥ ਦੱਸਿਆ, ਜਿਹੜੀਆਂ ਪਵਿੱਤਰ ਗ੍ਰੰਥਾਂ ਵਿੱਚ ਉਸ ਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ। 28ਉਹ ਉਸ ਪਿੰਡ ਨੇੜੇ ਆਇਆ, ਜਿੱਥੇ ਉਹ ਜਾਂਦੇ ਸਨ ਅਤੇ ਉਸ ਨੇ ਅੱਗੇ ਵਧਣ ਨੂੰ ਕੀਤਾ। 29ਤਾਂ ਉਨ੍ਹਾਂ ਨੇ ਉਸ ਨੂੰ ਰੋਕ ਕੇ ਆਖਿਆ ਕਿ ਸਾਡੇ ਨਾਲ ਰਹੋ ਕਿਉਂ ਜੋ ਸ਼ਾਮ ਪੈ ਗਈ ਹੈ ਅਤੇ ਹੁਣ ਦਿਨ ਢੱਲ਼ ਚੱਲਿਆ ਹੈ। ਤਦ ਉਹ ਉਨ੍ਹਾਂ ਨਾਲ ਰਹਿਣ ਲਈ ਅੰਦਰ ਗਿਆ। 30ਇਸ ਤਰ੍ਹਾਂ ਹੋਇਆ ਕਿ ਜਦ ਉਹ ਉਨ੍ਹਾਂ ਦੇ ਨਾਲ ਭੋਜਨ ਖਾਣ ਨੂੰ ਬੈਠਾ ਤਾਂ ਉਸ ਨੇ ਰੋਟੀ ਲੈ ਕੇ ਬਰਕਤ ਦਿੱਤੀ ਅਤੇ ਤੋੜ ਕੇ ਉਨ੍ਹਾਂ ਨੂੰ ਫੜ੍ਹਾਈ। 31ਤਦ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਨ੍ਹਾਂ ਉਸ ਨੂੰ ਪਹਿਚਾਣ ਲਿਆ ਅਤੇ ਉਹ ਉਨ੍ਹਾਂ ਤੋਂ ਅਲੋਪ ਹੋ ਗਿਆ। 32ਤਦ ਉਹ ਇੱਕ ਦੂਜੇ ਨੂੰ ਆਖਣ ਲੱਗੇ ਕਿ ਜਦ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪਵਿੱਤਰ ਗ੍ਰੰਥਾਂ ਦਾ ਅਰਥ ਖੋਲ੍ਹਦਾ ਸੀ ਤਾਂ ਕੀ ਸਾਡਾ ਦਿਲ ਸਾਡੇ ਅੰਦਰ ਉਬਾਲੇ ਨਹੀਂ ਖਾ ਰਿਹਾ ਸੀ? 33ਉਹ ਉਸੇ ਸਮੇਂ ਉੱਠ ਕੇ ਯਰੂਸ਼ਲਮ ਨੂੰ ਮੁੜੇ ਅਤੇ ਗਿਆਰ੍ਹਾਂ ਚੇਲਿਆਂ ਅਤੇ ਉਨ੍ਹਾਂ ਦੇ ਨਾਲ ਦਿਆਂ ਨੂੰ ਇਕੱਠੇ ਪਾਇਆ, 34ਜਿਹੜੇ ਕਹਿੰਦੇ ਸਨ ਕਿ ਪ੍ਰਭੂ ਸੱਚ-ਮੁੱਚ ਜੀ ਉੱਠਿਆ ਹੈ ਅਤੇ ਸ਼ਮਊਨ ਨੂੰ ਵਿਖਾਈ ਦਿੱਤਾ! 35ਤਾਂ ਉਨ੍ਹਾਂ ਨੇ ਸੁਣਾਇਆ ਕਿ ਰਾਹ ਵਿੱਚ ਕੀ ਕੁਝ ਹੋਇਆ ਅਤੇ ਰੋਟੀ ਤੋੜਨ ਵੇਲੇ ਅਸੀਂ ਉਸ ਨੂੰ ਕਿਸ ਤਰ੍ਹਾਂ ਪਛਾਣਿਆਂ।

ਪੱਤ੍ਰੀ

ਰੋਮ 10:1–10

1ਹੇ ਭਰਾਵੋ, ਮੇਰੇ ਮਨ ਦੀ ਇੱਛਾ ਅਤੇ ਮੇਰੀ ਬੇਨਤੀ ਪਰਮੇਸ਼ੁਰ ਦੇ ਅੱਗੇ ਉਹਨਾਂ ਦੀ ਮੁਕਤੀ ਲਈ ਹੈ। 2ਮੈਂ ਉਹਨਾਂ ਦੀ ਗਵਾਹੀ ਵੀ ਭਰਦਾ ਹਾਂ ਕਿ ਉਹਨਾਂ ਨੂੰ ਪਰਮੇਸ਼ੁਰ ਲਈ ਅਣਖ ਤਾਂ ਹੈ, ਪਰ ਸਮਝ ਨਾਲ ਨਹੀਂ। 3ਕਿਉਂ ਜੋ ਪਰਮੇਸ਼ੁਰ ਦੀ ਧਾਰਮਿਕਤਾ ਤੋਂ ਅਣਜਾਣ ਹੋ ਕੇ ਅਤੇ ਆਪਣੇ ਹੀ ਧਾਰਮਿਕਤਾ ਨੂੰ ਦ੍ਰਿੜ੍ਹ ਕਰਨ ਦਾ ਜਤਨ ਕਰਕੇ ਉਹ ਪਰਮੇਸ਼ੁਰ ਦੀ ਧਾਰਮਿਕਤਾ ਦੇ ਅਧੀਨ ਨਾ ਹੋਏ। 4ਕਿਉਂ ਜੋ ਧਾਰਮਿਕਤਾ ਲਈ ਮਸੀਹ ਹਰੇਕ ਵਿਸ਼ਵਾਸ ਕਰਨ ਵਾਲੇ ਦੇ ਲਈ ਬਿਵਸਥਾ ਦਾ ਅੰਤ ਹੈ। 5ਮੂਸਾ ਲਿਖਦਾ ਹੈ, ਕਿ ਜਿਹੜਾ ਮਨੁੱਖ ਉਸ ਬਿਵਸਥਾ ਅਨੁਸਾਰ ਧਾਰਮਿਕਤਾ ਨੂੰ ਪੂਰਾ ਕਰਦਾ ਹੈ, ਉਹ ਉਸੇ ਧਾਰਮਿਕਤਾ ਨਾਲ ਜੀਉਂਦਾ ਰਹੇਗਾ। 6ਪਰ ਉਹ ਧਾਰਮਿਕਤਾ ਜੋ ਵਿਸ਼ਵਾਸ ਤੋਂ ਹੈ ਇਸ ਤਰ੍ਹਾਂ ਕਹਿੰਦਾ ਹੈ, ਜੋ ਆਪਣੇ ਮਨ ਵਿੱਚ ਇਹ ਨਾ ਆਖ ਕਿ ਅਕਾਸ਼ ਉੱਤੇ ਕੌਣ ਚੜ੍ਹੇਗਾ ਅਰਥਾਤ ਮਸੀਹ ਨੂੰ ਹੇਠਾਂ ਉਤਾਰਨ ਲਈ? 7ਜਾਂ ਪਤਾਲ ਵਿੱਚ ਕੌਣ ਉਤਰੇਗਾ ਅਰਥਾਤ ਮਸੀਹ ਨੂੰ ਮੁਰਦਿਆਂ ਵਿੱਚੋਂ ਉੱਠਾ ਲਿਆਉਣ ਲਈ? 8ਪਰ ਕੀ ਆਖਦਾ ਹੈ? ਬਚਨ ਤੇਰੇ ਕੋਲ ਅਤੇ ਤੇਰੇ ਮੂੰਹ ਵਿੱਚ ਅਤੇ ਤੇਰੇ ਮਨ ਵਿੱਚ ਹੈ, ਇਹ ਤਾਂ ਉਸ ਵਿਸ਼ਵਾਸ ਦਾ ਬਚਨ ਹੈ, ਜਿਹ ਦਾ ਅਸੀਂ ਪਰਚਾਰ ਕਰਦੇ ਹਾਂ। 9ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇਂ ਅਤੇ ਆਪਣੇ ਦਿਲ ਨਾਲ ਮੰਨ ਲਵੇਂ ਜੋ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਹੈ, ਤਾਂ ਤੂੰ ਜ਼ਰੂਰ ਬਚਾਇਆ ਜਾਵੇਂਗਾ। 10ਧਾਰਮਿਕਤਾ ਦੇ ਲਈ ਤਾਂ ਦਿਲ ਨਾਲ ਵਿਸ਼ਵਾਸ ਕੀਤਾ ਜਾਂਦਾ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕੀਤਾ ਜਾਂਦਾ ਹੈ।

ਇੰਜੀਲ

ਮੱਤੀ 8:28–9:1

28ਜਦੋਂ ਉਹ ਪਾਰ ਗਦਰੀਨੀਆਂ ਦੇ ਦੇਸ ਵਿੱਚ ਪਹੁੰਚਿਆ, ਤਾਂ ਦੋ ਮਨੁੱਖ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਕਬਰਾਂ ਵਿੱਚੋਂ ਨਿੱਕਲ ਕੇ ਉਸ ਕੋਲ ਆਏ ਅਤੇ ਉਹ ਇੰਨ੍ਹੇ ਖ਼ਤਰਨਾਕ ਸਨ ਜੋ ਉਸ ਰਸਤੇ ਤੋਂ ਕੋਈ ਲੰਘ ਨਹੀਂ ਸਕਦਾ ਸੀ। 29ਅਤੇ ਵੇਖੋ, ਉਨ੍ਹਾਂ ਨੇ ਪੁਕਾਰ ਕੇ ਆਖਿਆ, ਹੇ ਪਰਮੇਸ਼ੁਰ ਦੇ ਪੁੱਤਰ ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਸਮੇਂ ਤੋਂ ਪਹਿਲਾਂ ਸਾਨੂੰ ਦੁੱਖ ਦੇਣ ਆਇਆ ਹੈਂ? 30ਉਨ੍ਹਾਂ ਤੋਂ ਕੁਝ ਦੂਰ ਸੂਰਾਂ ਦਾ ਇੱਜੜ ਚੁਗਦਾ ਸੀ। 31ਅਤੇ ਭੂਤਾਂ ਨੇ ਉਹ ਦੀਆਂ ਮਿੰਨਤਾਂ ਕਰ ਕੇ ਆਖਿਆ ਕਿ ਜੇ ਤੂੰ ਸਾਨੂੰ ਕੱਢਦਾ ਹੈਂ ਤਾਂ ਸਾਨੂੰ ਸੂਰਾਂ ਦੇ ਇੱਜੜ ਵਿੱਚ ਭੇਜ ਦੇ। 32ਉਸ ਨੇ ਉਨ੍ਹਾਂ ਨੂੰ ਆਖਿਆ, ਜਾਓ! ਤਾਂ ਉਹ ਨਿੱਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਵੇਖੋ ਕਿ ਸਾਰਾ ਇੱਜੜ ਭੱਜ ਕੇ ਝੀਲ ਵਿੱਚ ਜਾ ਪਿਆ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ। 33ਤਦ ਚੁਗਾਉਣ ਵਾਲਿਆਂ ਨੇ ਭੱਜ ਕੇ ਨਗਰ ਵਿੱਚ ਜਾ ਕੇ ਸਾਰੀ ਘਟਨਾ ਅਤੇ ਭੂਤਾਂ ਵਾਲਿਆਂ ਦੀ ਵਿਥਿਆ ਸੁਣਾ ਦਿੱਤੀ। 34ਅਤੇ ਵੇਖੋ ਸਾਰਾ ਨਗਰ ਯਿਸੂ ਦੇ ਮਿਲਣ ਨੂੰ ਬਾਹਰ ਨਿੱਕਲਿਆ ਅਤੇ ਜਦੋਂ ਉਹ ਨੂੰ ਵੇਖਿਆ ਤਾਂ ਉਹ ਦੀਆਂ ਮਿੰਨਤਾਂ ਕੀਤੀਆਂ ਜੋ ਸਾਡੀ ਹੱਦੋਂ ਬਾਹਰ ਨਿੱਕਲ ਜਾਓ। 9:1ਉਹ ਬੇੜੀ ਉੱਤੇ ਚੜ੍ਹ ਕੇ ਪਾਰ ਲੰਘਿਆ ਅਤੇ ਆਪਣੇ ਨਗਰ ਵੱਲ ਆਇਆ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਜੁਲਾਈ 12 ਸਿਵਲ ਕੈਲੰਡਰ ਦਾ ਜੁਲਾਈ 25 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ