ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਜੁਲਾਈ 2027 › ਜੁਲਾਈ 5
ਆਰਥੋਡਾਕਸ ਕੈਲੰਡਰ · 22 ਜੂਨ (ਪੁਰਾਣਾ ਕੈਲੰਡਰ)
ਆਰਥੋਡਾਕਸ ਹਰ ਦਿਨ ਦੇ ਪਾਠ — 5 ਜੁਲਾਈ 2027
ਸੋਮਵਾਰ · ਪੰਤੇਕੁਸਤ ਤੋਂ ਬਾਅਦ ਤੀਜਾ ਹਫ਼ਤਾ · ਸੁਰ 1
ਤਿਉਹਾਰ ਅਤੇ ਸੰਤ
Hieromartyr Eusebius, Bishop of Samosata († 380)
ਰਸੂਲਾਂ ਦਾ ਵਰਤ
ਸਖ਼ਤ ਵਰਤ (ਸੁੱਕਾ ਭੋਜਨ: ਰੋਟੀ, ਸਬਜ਼ੀਆਂ, ਫਲ)
ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।
ਦਿਨ ਦੇ ਪਾਠ
ਪੱਤ੍ਰੀ
1ਹੇ ਭਰਾਵੋ, ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ (ਕਿਉਂ ਜੋ ਮੈਂ ਉਨ੍ਹਾਂ ਨਾਲ ਬੋਲਦਾ ਹਾਂ ਜਿਹੜੇ ਬਿਵਸਥਾ ਨੂੰ ਜਾਣਦੇ ਹਨ) ਕਿ ਜਿਨ੍ਹਾਂ ਚਿਰ ਮਨੁੱਖ ਜਿਉਂਦਾ ਹੈ ਉਨ੍ਹਾਂ ਚਿਰ ਬਿਵਸਥਾ ਉਸ ਉੱਤੇ ਅਧਿਕਾਰ ਰੱਖਦੀ ਹੈ? 2ਕਿਉਂਕਿ ਸੁਹਾਗਣ ਵੀ ਜਦ ਤੱਕ ਉਸ ਦਾ ਪਤੀ ਜਿਉਂਦਾ ਹੈ, ਉਹ ਬਿਵਸਥਾ ਦੇ ਅਨੁਸਾਰ ਉਹ ਦੇ ਬੰਧਨ ਵਿੱਚ ਰਹਿੰਦੀ ਹੈ, ਪਰ ਜੇ ਪਤੀ ਮਰ ਜਾਏ ਤਾਂ ਉਹ ਪਤੀ ਦੀ ਬਿਵਸਥਾ ਤੋਂ ਛੁੱਟ ਗਈ ਹੈ। 3ਪਰ ਜੇ ਉਹ ਆਪਣੇ ਪਤੀ ਦੇ ਜਿਉਂਦੇ ਜੀ ਦੂਜੇ ਦੀ ਹੋ ਜਾਵੇ ਤਾਂ ਵਿਭਚਾਰਣ ਕਹਾਵੇਗੀ ਪਰ ਜੇ ਉਹ ਦਾ ਪਤੀ ਮਰ ਜਾਏ ਤਾਂ ਉਹ ਬਿਵਸਥਾ ਤੋਂ ਛੁੱਟ ਗਈ ਹੈ ਅਤੇ ਭਾਵੇਂ ਦੂਜੇ ਪਤੀ ਦੀ ਹੋ ਜਾਵੇ ਤਾਂ ਵੀ ਉਹ ਵਿਭਚਾਰਣ ਨਹੀਂ ਹੁੰਦੀ। 4ਸੋ ਮੇਰੇ ਭਰਾਵੋ ਤੁਸੀਂ ਵੀ ਮਸੀਹ ਦੇ ਵਸੀਲੇ ਨਾਲ ਬਿਵਸਥਾ ਦੇ ਵੱਲੋਂ ਮਰ ਗਏ ਕਿ ਤੁਸੀਂ ਦੂਏ ਦੇ ਹੋ ਜਾਓ ਅਰਥਾਤ ਉਹ ਦੇ ਜਿਹੜਾ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਤਾਂ ਜੋ ਅਸੀਂ ਪਰਮੇਸ਼ੁਰ ਦੇ ਲਈ ਫਲ ਦੇਈਏ। 5ਜਦ ਅਸੀਂ ਸਰੀਰਕ ਸੀ, ਤਦ ਪਾਪਾਂ ਦੀਆਂ ਕਾਮਨਾਵਾਂ ਜੋ ਬਿਵਸਥਾ ਦੇ ਕਾਰਨ ਸਨ ਸਾਡੇ ਅੰਗਾਂ ਵਿੱਚ ਪ੍ਰੇਰਨਾ ਕਰਦੀਆਂ ਸੀ ਕਿ ਮੌਤ ਦੇ ਲਈ ਫਲ ਦੇਣ। 6ਪਰ ਅਸੀਂ ਉਹ ਦੀ ਵੱਲੋਂ ਮਰ ਕੇ ਜਿਹ ਦੇ ਵਿੱਚ ਬੱਧੇ ਹੋਏ ਸੀ, ਬਿਵਸਥਾ ਤੋਂ ਹੁਣ ਛੁੱਟ ਗਏ ਹਾਂ, ਜਿਸ ਕਰਕੇ ਅਸੀਂ ਆਤਮਾ ਦੀ ਨਵੀਂ ਰੀਤ ਉੱਤੇ ਸੇਵਾ ਕਰਦੇ ਹਾਂ, ਨਾ ਕਿ ਲਿਖਤ ਦੀ ਪੁਰਾਣੀ ਰੀਤ ਉੱਤੇ। 7ਹੁਣ, ਅਸੀਂ ਕੀ ਆਖੀਏ? ਕੀ ਬਿਵਸਥਾ ਪਾਪ ਹੈ? ਕਦੇ ਨਹੀਂ! ਸਗੋਂ ਬਿਵਸਥਾ ਤੋਂ ਬਿਨ੍ਹਾਂ ਮੈਂ ਪਾਪ ਨੂੰ ਨਾ ਪਛਾਣਦਾ ਕਿਉਂਕਿ ਜੇ ਬਿਵਸਥਾ ਨਾ ਕਹਿੰਦੀ ਕਿ ਲਾਲਚ ਨਾ ਕਰ ਤਾਂ ਮੈਂ ਲਾਲਚ ਨੂੰ ਨਾ ਜਾਣਦਾ। 8ਪਰ ਪਾਪ ਨੇ ਮੌਕਾ ਪਾ ਕੇ ਹੁਕਮਨਾਮੇ ਦੇ ਕਾਰਨ ਮੇਰੇ ਵਿੱਚ ਹਰ ਪ੍ਰਕਾਰ ਦਾ ਲੋਭ ਪੈਦਾ ਕੀਤਾ ਕਿਉਂ ਜੋ ਬਿਵਸਥਾ ਦੇ ਬਿਨ੍ਹਾਂ ਪਾਪ ਮੁਰਦਾ ਹੈ। 9ਅਤੇ ਮੈਂ ਪਹਿਲਾਂ ਬਿਵਸਥਾ ਦੇ ਬਿਨ੍ਹਾਂ ਜਿਉਂਦਾ ਸੀ ਪਰ ਜਦ ਹੁਕਮਨਾਮਾ ਆਇਆ ਤਦ ਪਾਪ ਜੀ ਪਿਆ ਅਤੇ ਮੈਂ ਮਰ ਗਿਆ। 10ਅਤੇ ਉਹ ਹੁਕਮਨਾਮਾ ਜਿਹੜਾ ਜੀਵਨ ਦੇ ਲਈ ਸੀ ਉਹੋ ਮੇਰੇ ਲਈ ਮੌਤ ਦਾ ਕਾਰਨ ਵਿਖਾਈ ਦਿੱਤਾ। 11ਕਿਉਂ ਜੋ ਪਾਪ ਨੇ ਮੌਕਾ ਪਾ ਕੇ ਹੁਕਮਨਾਮੇ ਦੇ ਰਾਹੀਂ ਮੈਨੂੰ ਧੋਖਾ ਦਿੱਤਾ ਅਤੇ ਉਹ ਦੇ ਵਸੀਲੇ ਨਾਲ ਮੈਨੂੰ ਮਾਰ ਸੁੱਟਿਆ। 12ਸੋ ਬਿਵਸਥਾ ਪਵਿੱਤਰ ਹੈ, ਹੁਕਮਨਾਮਾ ਪਵਿੱਤਰ ਅਤੇ ਠੀਕ ਅਤੇ ਚੰਗਾ ਹੈ। 13ਹੁਣ ਉਹ ਜੋ ਚੰਗਾ ਹੈ, ਕੀ ਮੇਰੇ ਲਈ ਮੌਤ ਬਣਿਆ? ਕਦੇ ਨਹੀਂ! ਪਰ ਪਾਪ ਨੇ ਕਿ ਪਾਪ ਪਰਗਟ ਹੋਵੇ ਮੇਰੇ ਲਈ ਚੰਗੀ ਗੱਲ ਦੇ ਵਸੀਲੇ ਨਾਲ ਮੌਤ ਨੂੰ ਪੈਦਾ ਕੀਤਾ ਤਾਂ ਜੋ ਹੁਕਮਨਾਮੇ ਦੇ ਕਾਰਨ ਪਾਪ ਅੱਤ ਬੁਰਾ ਠਹਿਰੇ।
ਇੰਜੀਲ
36ਅਤੇ ਜਦੋਂ ਉਸ ਨੇ ਵੱਡੀ ਭੀੜ ਵੇਖੀ ਤਾਂ ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ, ਕਿਉਂ ਜੋ ਉਨ੍ਹਾਂ ਭੇਡਾਂ ਵਾਂਗੂੰ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ, ਉਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ। 37ਤਦ ਉਹ ਨੇ ਆਪਣੇ ਚੇਲਿਆਂ ਨੂੰ ਆਖਿਆ, ਫ਼ਸਲ ਪੱਕੀ ਹੋਈ ਤਾਂ ਬਹੁਤ ਹੈ ਪਰ ਮਜ਼ਦੂਰ ਥੋੜ੍ਹੇ ਹਨ। 38ਇਸ ਲਈ ਤੁਸੀਂ ਖੇਤ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫ਼ਸਲ ਵੱਢਣ ਲਈ ਮਜ਼ਦੂਰ ਭੇਜੇ। 10:1ਉਸ ਨੇ ਆਪਣੇ ਬਾਰਾਂ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦਿੱਤਾ, ਕਿ ਉਹਨਾਂ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਦੂਰ ਕਰਨ। 2ਬਾਰਾਂ ਰਸੂਲਾਂ ਦੇ ਇਹ ਨਾਮ ਹਨ, ਪਹਿਲਾ ਸ਼ਮਊਨ ਜਿਹੜਾ ਪਤਰਸ ਅਖਵਾਉਂਦਾ ਹੈ ਅਤੇ ਉਸ ਦਾ ਭਰਾ ਅੰਦ੍ਰਿਯਾਸ, ਜ਼ਬਦੀ ਦਾ ਪੁੱਤਰ ਯਾਕੂਬ ਅਤੇ ਉਸ ਦਾ ਭਰਾ ਯੂਹੰਨਾ, 3ਫ਼ਿਲਿਪੁੱਸ, ਬਰਥੁਲਮਈ, ਥੋਮਾ ਅਤੇ ਮੱਤੀ ਚੂੰਗੀ ਲੈਣ ਵਾਲਾ, ਹਲਫ਼ਈ ਦਾ ਪੁੱਤਰ ਯਾਕੂਬ ਅਤੇ ਥੱਦਈ, 4ਸ਼ਮਊਨ ਕਨਾਨੀ ਅਤੇ ਯਹੂਦਾ ਇਸਕਰਿਯੋਤੀ, ਜਿਸ ਨੇ ਉਹ ਨੂੰ ਫੜਵਾ ਵੀ ਦਿੱਤਾ। 5ਇਨ੍ਹਾਂ ਬਾਰਾਂ ਨੂੰ ਯਿਸੂ ਨੇ ਭੇਜਿਆ ਅਤੇ ਉਨ੍ਹਾਂ ਨੂੰ ਇਹ ਆਗਿਆ ਦਿੱਤੀ: “ਤੁਸੀਂ ਪਰਾਈਆਂ ਕੌਮਾਂ ਦੇ ਰਾਹ ਨਾ ਜਾਣਾ ਅਤੇ ਸਾਮਰਿਯਾ ਦੇ ਕਿਸੇ ਨਗਰ ਵਿੱਚ ਨਾ ਵੜਨਾ”। 6ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ। 7ਅਤੇ ਜਾਂਦਿਆਂ ਹੋਇਆਂ ਇਹ ਪਰਚਾਰ ਕਰ ਕੇ ਆਖੋ, ਕਿ ਸਵਰਗ ਰਾਜ ਨੇੜੇ ਆਇਆ ਹੈ। 8ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਉਂਦੇ ਕਰੋ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ। ਤੁਸੀਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ।
ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਜੂਨ 22 ਸਿਵਲ ਕੈਲੰਡਰ ਦਾ ਜੁਲਾਈ 5 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ