Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਮਈ 2027 › ਮਈ 17

ਆਰਥੋਡਾਕਸ ਕੈਲੰਡਰ · 4 ਮਈ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 17 ਮਈ 2027

ਸੋਮਵਾਰ · ਪਾਸਕਾ ਦਾ ਤੀਜਾ ਹਫ਼ਤਾ · ਸੁਰ 2

ਤਿਉਹਾਰ ਅਤੇ ਸੰਤ

Virginmartyr Pelagia of Tarsus, in Asia Minor († c. 290)

ਵਰਤ

ਕੋਈ ਵਰਤ ਨਹੀਂ

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਪੱਤ੍ਰੀ

ਰਸੂਲਾਂ 6:8–7:5, 47–60

8ਇਸਤੀਫ਼ਾਨ ਕਿਰਪਾ ਅਤੇ ਸਮਰੱਥਾ ਨਾਲ ਭਰਪੂਰ ਹੋ ਕੇ ਵੱਡੇ ਅਚਰਜ਼ ਕੰਮ ਅਤੇ ਨਿਸ਼ਾਨ ਲੋਕਾਂ ਦੇ ਵਿੱਚ ਕਰਦਾ ਸੀ। 9ਪਰ ਉਸ ਪ੍ਰਾਰਥਨਾ ਘਰ ਵਿੱਚੋਂ ਜੋ ਲਿਬਰਤੀਨੀਆਂ ਦੀ ਕਹਾਉਂਦੀ ਹੈ ਅਤੇ ਕੁਰੇਨੀਆਂ ਅਤੇ ਸਿਕੰਦਰਿਯਾ ਵਿੱਚੋਂ ਅਤੇ ਉਨ੍ਹਾਂ ਵਿੱਚੋਂ ਜਿਹੜੇ ਕਿਲਕਿਯਾ ਅਤੇ ਏਸ਼ੀਆ ਤੋਂ ਆਏ ਸਨ, ਕਈ ਆਦਮੀ ਉੱਠ ਕੇ ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ। 10ਪਰ ਉਹ ਉਸ ਦੀ ਬੁੱਧ ਅਤੇ ਆਤਮਾ ਦਾ ਜਿਸ ਦੇ ਨਾਲ ਉਹ ਗੱਲਾਂ ਕਰਦਾ ਸੀ, ਸਾਹਮਣਾ ਨਾ ਕਰ ਸਕੇ। 11ਫੇਰ ਉਨ੍ਹਾਂ ਨੇ ਕੁਝ ਮਨੁੱਖਾਂ ਨੂੰ ਭਰਮਾ ਕੇ ਇਹ ਬੋਲਣ ਲਈ ਕਿਹਾ, ਕਿ ਅਸੀਂ ਇਹ ਨੂੰ ਮੂਸਾ ਅਤੇ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬੋਲਦੇ ਸੁਣਿਆ ਹੈ। 12ਤਦ ਉਨ੍ਹਾਂ ਨੇ ਲੋਕਾਂ, ਬਜ਼ੁਰਗਾਂ ਅਤੇ ਉਪਦੇਸ਼ਕਾਂ ਨੂੰ ਭੜਕਾਇਆ ਅਤੇ ਉਹ ਉਸ ਉੱਤੇ ਚੜ੍ਹ ਆਏ ਅਤੇ ਫੜ੍ਹ ਕੇ ਮਹਾਂ ਸਭਾ ਵਿੱਚ ਲੈ ਗਏ। 13ਉਨ੍ਹਾਂ ਨੇ ਝੂਠੇ ਗਵਾਹਾਂ ਨੂੰ ਖੜੇ ਕੀਤਾ ਜੋ ਬੋਲੇ ਕਿ ਇਹ ਮਨੁੱਖ ਇਸ ਪਵਿੱਤਰ ਸਥਾਨ ਅਤੇ ਬਿਵਸਥਾ ਦੇ ਵਿਰੁੱਧ ਬੋਲਣ ਤੋਂ ਨਹੀਂ ਹਟਦਾ ਹੈ। 14ਅਸੀਂ ਤਾਂ ਇਸ ਨੂੰ ਇਹ ਆਖਦੇ ਸੁਣਿਆ ਹੈ ਕਿ ਯਿਸੂ ਨਾਸਰੀ ਇਸ ਸਥਾਨ ਨੂੰ ਢਾਹ ਦੇਵੇਗਾ ਅਤੇ ਜਿਹੜੀਆਂ ਰੀਤਾਂ ਮੂਸਾ ਨੇ ਸਾਨੂੰ ਦਿੱਤੀਆਂ ਹਨ, ਉਨ੍ਹਾਂ ਨੂੰ ਬਦਲ ਦੇਵੇਗਾ। 15ਜਦੋਂ ਉਨ੍ਹਾਂ ਸਭ ਲੋਕਾਂ ਨੇ ਜਿਹੜੇ ਮਹਾਂ ਸਭਾ ਵਿੱਚ ਬੈਠੇ ਸਨ, ਉਹ ਦੀ ਵੱਲ ਧਿਆਨ ਕੀਤਾ ਤਾਂ ਉਹ ਦਾ ਚਿਹਰਾ ਸਵਰਗ ਦੂਤ ਦੇ ਰੂਪ ਵਰਗਾ ਚਮਕਦਾ ਦੇਖਿਆ। 7:1ਪ੍ਰਧਾਨ ਜਾਜਕ ਨੇ ਪੁੱਛਿਆ, ਕੀ ਇਹ ਗੱਲਾਂ ਇਸ ਤਰ੍ਹਾਂ ਹੀ ਹਨ? 2ਤਾਂ ਉਹ ਬੋਲਿਆ, ਹੇ ਭਰਾਵੋ ਅਤੇ ਬਜ਼ੁਰਗੋ, ਸੁਣੋ। ਸਾਡੇ ਪਿਤਾ ਅਬਰਾਹਾਮ ਨੂੰ ਹਾਰਾਨ ਵਿੱਚ ਵੱਸਣ ਤੋਂ ਪਹਿਲਾਂ ਜਦੋਂ ਉਹ ਮੈਸੋਪਟਾਮਿਆ ਵਿੱਚ ਸੀ, ਉਸ ਨੂੰ ਤੇਜ ਰੂਪ ਵਿੱਚ ਪਰਮੇਸ਼ੁਰ ਨੇ ਦਰਸ਼ਣ ਦਿੱਤਾ। 3ਅਤੇ ਉਹ ਨੂੰ ਆਖਿਆ, ਤੂੰ ਆਪਣੇ ਦੇਸ਼ ਅਤੇ ਆਪਣੇ ਰਿਸ਼ਤੇਦਾਰਾਂ ਵਿੱਚੋਂ ਨਿੱਕਲ ਕੇ ਉਸ ਦੇਸ਼ ਵਿੱਚ ਜਿਹੜਾ ਮੈਂ ਤੈਨੂੰ ਵਿਖਾਵਾਂਗਾ ਚੱਲਿਆ ਜਾ। 4ਤਦ ਉਹ ਕਸਦੀਆਂ ਦੇ ਦੇਸ ਤੋਂ ਨਿੱਕਲ ਕੇ ਹਾਰਾਨ ਵਿੱਚ ਜਾ ਵੱਸਿਆ ਅਤੇ ਉਹ ਦੇ ਪਿਤਾ ਦੇ ਮਰਨ ਪਿੱਛੋਂ ਪਰਮੇਸ਼ੁਰ ਨੇ ਉਹ ਨੂੰ ਉੱਥੋਂ ਲਿਆ ਕੇ ਇਸ ਦੇਸ ਵਿੱਚ ਵਸਾਇਆ, ਜਿੱਥੇ ਹੁਣ ਤੁਸੀਂ ਰਹਿੰਦੇ ਹੋ। 5ਪਰਮੇਸ਼ੁਰ ਨੇ ਉਸ ਨੂੰ ਕੋਈ ਅਧਿਕਾਰ ਨਹੀਂ ਦਿੱਤਾ ਸਗੋਂ ਪੈਰ ਰੱਖਣ ਦੀ ਥਾਂ ਵੀ ਨਾ ਦਿੱਤੀ, ਪਰ ਉਸ ਨੇ ਵਾਇਦਾ ਕੀਤਾ ਜੋ ਮੈਂ ਇਹ ਧਰਤੀ ਤੈਨੂੰ ਅਤੇ ਤੇਰੇ ਪਿੱਛੋਂ ਤੇਰੀ ਅੰਸ ਨੂੰ ਦਿਆਂਗਾ ਭਾਵੇਂ ਉਸ ਦੇ ਕੋਲ ਅਜੇ ਕੋਈ ਪੁੱਤਰ ਨਹੀਂ ਸੀ। 47ਪਰ ਸੁਲੇਮਾਨ ਨੇ ਹੀ ਉਹ ਦੇ ਲਈ ਇੱਕ ਭਵਨ ਬਣਾਇਆ। 48ਪਰ ਅੱਤ ਮਹਾਨ ਹੱਥਾਂ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦਾ, ਜਿਸ ਤਰ੍ਹਾਂ ਨਬੀ ਕਹਿੰਦਾ ਹੈ, 49ਸਵਰਗ ਮੇਰਾ ਸਿੰਘਾਸਣ, ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ, ਤੁਸੀਂ ਮੇਰੇ ਲਈ ਕਿਹੋ ਜਿਹਾ ਭਵਨ ਬਣਾਓਗੇ? ਪ੍ਰਭੂ ਆਖਦਾ ਹੈ, ਅਤੇ ਮੇਰੀ ਅਰਾਮਗਾਹ ਕਿੱਥੇ ਹੋਵੇਗੀ? 50ਕੀ ਮੇਰੇ ਹੀ ਹੱਥਾਂ ਨੇ ਇਹ ਸਭ ਵਸਤਾਂ ਨਹੀਂ ਬਣਾਈਆਂ? 51ਹੇ ਹਠੀਲੇ ਲੋਕੋ, ਤੁਹਾਡੇ ਮਨ ਅਤੇ ਕੰਨ ਬੇਸੁੰਨਤ ਹਨ, ਤੁਸੀਂ ਸਦਾ ਪਵਿੱਤਰ ਆਤਮਾ ਦਾ ਵਿਰੋਧ ਕਰਦੇ ਆਏ ਹੋ! ਤੁਸੀਂ ਵੀ ਉਸ ਤਰ੍ਹਾਂ ਕਰਦੇ ਹੋ ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਕੀਤਾ। 52ਨਬੀਆਂ ਵਿੱਚੋਂ ਕਿਸਨੂੰ ਤੁਹਾਡੇ ਪਿਉ-ਦਾਦਿਆਂ ਨੇ ਨਹੀਂ ਸਤਾਇਆ? ਸਗੋਂ ਉਨ੍ਹਾਂ ਨੇ ਉਸ ਧਰਮੀ ਦੇ ਆਉਣ ਦੀ ਖ਼ਬਰ ਦੇਣ ਵਾਲਿਆਂ ਨੂੰ ਵੱਢ ਸੁੱਟਿਆ ਜਿਸ ਦੇ ਹੁਣ ਤੁਸੀਂ ਫੜਵਾਉਣ ਵਾਲੇ ਅਤੇ ਖੂਨੀ ਹੋਏ। 53ਤੁਸੀਂ ਬਿਵਸਥਾ ਨੂੰ ਜਿਹੜੀ ਦੂਤਾਂ ਦੇ ਰਾਹੀਂ ਠਹਿਰਾਈ ਗਈ ਸੀ ਪਾਇਆ ਪਰ ਉਹ ਦੀ ਪਾਲਨਾ ਨਾ ਕੀਤੀ। 54ਇਹ ਗੱਲਾਂ ਸੁਣਦੇ ਹੀ ਉਹ ਗੁੱਸੇ ਨਾਲ ਭਰ ਗਏ ਅਤੇ ਉਸ ਉੱਤੇ ਦੰਦ ਪੀਹਣ ਲੱਗੇ। 55ਪਰ ਉਹ ਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਅਕਾਸ਼ ਦੀ ਵੱਲ ਦੇਖਿਆ, ਪਰਮੇਸ਼ੁਰ ਦਾ ਤੇਜ ਅਤੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜ੍ਹਾ ਵੇਖਿਆ। 56ਅਤੇ ਕਿਹਾ, ਵੇਖੋ ਮੈਂ ਅਕਾਸ਼ ਨੂੰ ਖੁੱਲ੍ਹਾ ਅਤੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜ੍ਹਾ ਵੇਖਦਾ ਹਾਂ! 57ਪਰ ਉਨ੍ਹਾਂ ਨੇ ਉੱਚੀ ਅਵਾਜ਼ ਨਾਲ ਡੰਡ ਪਾ ਕੇ ਆਪਣੇ ਕੰਨ ਬੰਦ ਕਰ ਲਏ ਅਤੇ ਇੱਕ ਮਨ ਹੋ ਕੇ ਉਹ ਦੇ ਉੱਤੇ ਟੁੱਟ ਪਏ। 58ਅਤੇ ਉਸ ਨੂੰ ਸ਼ਹਿਰ ਵਿੱਚੋਂ ਬਾਹਰ ਕੱਢ ਕੇ ਉਸ ਉੱਤੇ ਪਥਰਾਹ ਕੀਤਾ ਅਤੇ ਗਵਾਹਾਂ ਨੇ ਆਪਣੇ ਕੱਪੜੇ ਸੌਲੁਸ ਨਾਮ ਦੇ ਇੱਕ ਜਵਾਨ ਦੇ ਪੈਰਾਂ ਕੋਲ ਲਾਹ ਕੇ ਰੱਖ ਦਿੱਤੇ। 59ਉਨ੍ਹਾਂ ਨੇ ਇਸਤੀਫ਼ਾਨ ਉੱਤੇ ਪਥਰਾਹ ਕੀਤਾ ਜਦੋਂ ਉਹ ਬੇਨਤੀ ਕਰਦਾ ਹੋਇਆ ਇਹ ਆਖਦਾ ਸੀ ਕਿ ਹੇ ਪ੍ਰਭੂ ਯਿਸੂ, ਮੇਰੇ ਆਤਮਾ ਨੂੰ ਆਪਣੇ ਕੋਲ ਲੈ ਲੈ! 60ਫਿਰ ਉਹ ਗੋਡਿਆਂ ਤੇ ਆ ਕੇ ਉੱਚੀ ਆਵਾਜ਼ ਨਾਲ ਬੋਲਿਆ ਕਿ, ਹੇ ਪ੍ਰਭੂ ਇਹ ਪਾਪ ਉਨ੍ਹਾਂ ਦੇ ਉੱਪਰ ਨਾ ਆਵੇ, ਅਤੇ ਇਹ ਕਹਿ ਕੇ ਉਹ ਸੌਂ ਗਿਆ।

ਇੰਜੀਲ

ਯੂਹ 4:46–54

46ਇੱਕ ਵਾਰ ਫੇਰ ਯਿਸੂ ਗਲੀਲ ਵਿੱਚ ਕਾਨਾ ਨੂੰ ਗਿਆ। ਕਾਨਾ ਉਹ ਥਾਂ ਹੈ ਜਿੱਥੇ ਯਿਸੂ ਨੇ ਪਾਣੀ ਨੂੰ ਅੰਗੂਰਾਂ ਦੇ ਰਸ ਵਿੱਚ ਤਬਦੀਲ ਕੀਤਾ, ਇੱਕ ਅਧਿਕਾਰੀ ਕਫ਼ਰਨਾਹੂਮ ਵਿੱਚ ਰਹਿੰਦਾ ਸੀ, ਉਸਦਾ ਪੁੱਤਰ ਬਿਮਾਰ ਸੀ। 47ਉਸ ਨੇ ਸੁਣਿਆ ਕਿ ਯਿਸੂ ਯਹੂਦਿਯਾ ਤੋਂ ਆਇਆ ਹੈ ਅਤੇ ਹੁਣ ਗਲੀਲ ਵਿੱਚ ਸੀ ਤਾਂ ਉਹ ਆਦਮੀ ਕਾਨਾ ਵਿੱਚ ਯਿਸੂ ਕੋਲ ਗਿਆ ਅਤੇ ਉਸ ਨੇ ਯਿਸੂ ਨੂੰ ਕਫ਼ਰਨਾਹੂਮ ਵਿੱਚ ਦਰਸ਼ਣ ਦੇਣ ਅਤੇ ਉਸ ਦੇ ਪੁੱਤਰ ਨੂੰ ਤੰਦਰੁਸਤ ਕਰਨ ਦੀ ਬੇਨਤੀ ਕੀਤੀ। ਉਸਦਾ ਪੁੱਤਰ ਮਰਨ ਵਾਲਾ ਸੀ। 48ਯਿਸੂ ਨੇ ਉਸ ਨੂੰ ਆਖਿਆ, “ਜਦੋਂ ਤੱਕ ਤੁਸੀਂ ਅਚਰਜ਼ ਅਤੇ ਨਿਸ਼ਾਨ ਨਹੀਂ ਵੇਖੋਂਗੇ ਤੁਸੀਂ ਮੇਰੇ ਉੱਤੇ ਵਿਸ਼ਵਾਸ ਨਹੀਂ ਕਰੋਂਗੇ।” 49ਬਾਦਸ਼ਾਹ ਦੇ ਅਧਿਕਾਰੀ ਨੇ ਆਖਿਆ, “ਸ਼੍ਰੀ ਮਾਨ ਜੀ, ਮੇਰੇ ਪੁੱਤਰ ਦੇ ਮਰਨ ਤੋਂ ਪਹਿਲਾਂ ਮੇਰੇ ਘਰ ਚੱਲੋ।” 50ਯਿਸੂ ਨੇ ਉੱਤਰ ਦਿੱਤਾ, “ਜਾ, ਤੇਰਾ ਪੁੱਤਰ ਜਿਉਂਦਾ ਹੈ।” ਉਸ ਆਦਮੀ ਨੇ ਯਿਸੂ ਦੇ ਸ਼ਬਦਾਂ ਵਿੱਚ ਵਿਸ਼ਵਾਸ ਕੀਤਾ ਅਤੇ ਘਰ ਚਲਾ ਗਿਆ। 51ਜਦੋਂ ਉਹ ਘਰ ਜਾ ਰਿਹਾ ਸੀ ਤਾਂ ਰਾਹ ਵਿੱਚ ਉਸ ਦੇ ਨੌਕਰ ਉਸ ਨੂੰ ਮਿਲੇ। ਅਤੇ ਉਨ੍ਹਾਂ ਨੇ ਉਸ ਨੂੰ ਆਖਿਆ, “ਤੇਰਾ ਪੁੱਤਰ ਚੰਗਾ ਹੋ ਗਿਆ ਹੈ।” 52ਉਸ ਆਦਮੀ ਨੇ ਪੁੱਛਿਆ, “ਮੇਰਾ ਪੁੱਤਰ ਕਿਸ ਵਕਤ ਠੀਕ ਹੋਣਾ ਸ਼ੁਰੂ ਹੋਇਆ ਸੀ?” ਨੌਕਰ ਨੇ ਜ਼ਵਾਬ ਦਿੱਤਾ, “ਇਹ ਕੱਲ ਇੱਕ ਵਜੇ ਦੇ ਆਸ-ਪਾਸ ਦਾ ਸਮਾਂ ਸੀ, ਜਦੋਂ ਉਸਦਾ ਬੁਖਾਰ ਉਤਰ ਗਿਆ।” 53ਉਸ ਆਦਮੀ ਨੂੰ ਪਤਾ ਸੀ ਕਿ ਪੂਰਾ ਇੱਕ ਵਜੇ ਦਾ ਹੀ ਸਮਾਂ ਸੀ ਜਦੋਂ ਯਿਸੂ ਨੇ ਆਖਿਆ ਸੀ, “ਤੇਰਾ ਪੁੱਤਰ ਜਿਉਂਦਾ ਹੈ।” ਇਉਂ ਉਹ ਅਤੇ ਉਸ ਦੇ ਘਰ ਵਿੱਚ ਰਹਿੰਦੇ ਸਭ ਲੋਕਾਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ। 54ਇਹ ਦੂਜਾ ਚਮਤਕਾਰ ਸੀ ਜੋ ਯਿਸੂ ਨੇ ਯਹੂਦਿਯਾ ਤੋਂ ਗਲੀਲ ਆਉਣ ਤੋਂ ਬਾਅਦ ਕੀਤਾ ਸੀ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਮਈ 4 ਸਿਵਲ ਕੈਲੰਡਰ ਦਾ ਮਈ 17 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ