Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਮਈ 2027 › ਮਈ 8

ਕੈਥੋਲਿਕ ਕੈਲੰਡਰ

ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 8 ਮਈ 2027

ਸ਼ਨੀਵਾਰ · ਪਾਸਕਾ ਸਮੇਂ ਦਾ ਛੇਵਾਂ ਹਫ਼ਤਾ

ਤਿਉਹਾਰ ਅਤੇ ਸੰਤ

ਪਾਸਕਾ ਸਮੇਂ ਦੇ ਛੇਵੇਂ ਹਫ਼ਤੇ ਦਾ ਸ਼ਨੀਵਾਰ

ਆਮ ਦਿਨ · ਉਪਾਸਨਾ ਦਾ ਰੰਗ: ਚਿੱਟਾ

ਦਿਨ ਦੇ ਪਾਠ

ਪਹਿਲਾ ਪਾਠ

ਰਸੂਲਾਂ 18:23–28

23ਉੱਥੇ ਕੁਝ ਚਿਰ ਰਹਿ ਕੇ ਉਹ ਚੱਲਿਆ ਗਿਆ, ਅਤੇ ਗਲਾਤਿਯਾ ਅਤੇ ਫ਼ਰੂਗਿਯਾ ਦੇ ਇਲਾਕੇ ਵਿੱਚ ਥਾਂ-ਥਾਂ ਫ਼ਿਰ ਕੇ ਸਾਰਿਆਂ ਚੇਲਿਆਂ ਨੂੰ ਤਕੜਾ ਕਰਦਾ ਗਿਆ। 24ਅਪੁੱਲੋਸ ਨਾਮ ਦਾ ਇੱਕ ਯਹੂਦੀ ਜਿਸ ਦਾ ਜਨਮ ਸਿਕੰਦਰਿਯਾ ਵਿੱਚ ਹੋਇਆ ਸੀ, ਵਧੀਆ ਬੋਲਣ ਵਾਲਾ ਅਤੇ ਪਵਿੱਤਰ ਗ੍ਰੰਥਾਂ ਦਾ ਮਾਹਿਰ ਸੀ ਉਹ ਅਫ਼ਸੁਸ ਵਿੱਚ ਆਇਆ। 25ਇਸ ਨੇ ਪ੍ਰਭੂ ਦੇ ਰਾਹ ਦੀ ਸਿੱਖਿਆ ਪਾਈ ਸੀ ਅਤੇ ਆਤਮਿਕ ਉਤਸ਼ਾਹ ਨਾਲ ਯਿਸੂ ਦੀਆਂ ਗੱਲਾਂ ਪੂਰੀ ਰੀਝ ਨਾਲ ਸੁਣਾਉਂਦਾ ਅਤੇ ਸਿਖਾਉਂਦਾ ਸੀ ਪਰ ਉਹ ਸਿਰਫ਼ ਯੂਹੰਨਾ ਦੇ ਬਪਤਿਸਮੇ ਬਾਰੇ ਹੀ ਜਾਣਦਾ ਸੀ। 26ਉਹ ਪ੍ਰਾਰਥਨਾ ਘਰ ਵਿੱਚ ਬੇਧੜਕ ਬੋਲਣ ਲੱਗਾ ਪਰ ਜਦੋਂ ਪ੍ਰਿਸਕਿੱਲਾ ਅਤੇ ਅਕੂਲਾ ਨੇ ਉਹ ਦੀ ਸੁਣੀ ਤਾਂ ਉਸ ਨੂੰ ਆਪਣੇ ਨਾਲ ਰਲਾ ਕੇ, ਉਸ ਨੂੰ ਪਰਮੇਸ਼ੁਰ ਦਾ ਰਾਹ ਹੋਰ ਵੀ ਠੀਕ ਤਰ੍ਹਾਂ ਨਾਲ ਦੱਸਿਆ। 27ਜਦੋਂ ਉਸ ਨੇ ਅਖਾਯਾ ਨੂੰ ਜਾਣ ਦੀ ਦਲੀਲ ਕੀਤੀ ਤਦ ਭਰਾਵਾਂ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਚੇਲਿਆਂ ਨੂੰ ਲਿਖ ਭੇਜਿਆ ਕਿ ਉਸ ਦਾ ਆਦਰ ਕਰਨ। ਸੋ ਉਸ ਨੇ ਉੱਥੇ ਪਹੁੰਚ ਕੇ ਉਨ੍ਹਾਂ ਦੀ ਵੱਡੀ ਸਹਾਇਤਾ ਕੀਤੀ, ਜਿਨ੍ਹਾਂ ਕਿਰਪਾ ਦੇ ਕਾਰਨ ਵਿਸ਼ਵਾਸ ਕੀਤਾ ਸੀ। 28ਕਿਉਂ ਜੋ ਉਸ ਨੇ ਪਵਿੱਤਰ ਗ੍ਰੰਥਾਂ ਤੋਂ ਸਬੂਤ ਦੇ ਕੇ ਜੋ ਯਿਸੂ ਉਹੀ ਮਸੀਹ ਹੈ, ਵੱਡੀ ਤਕੜਾਈ ਨਾਲ ਸਭਨਾਂ ਦੇ ਸਾਹਮਣੇ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ।

ਜਵਾਬੀ ਭਜਨ

ਜ਼ਬੂ 47:1–2, 7–9

1ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਇੱਕ ਭਜਨ। ਹੇ ਸਭ ਲੋਕੋ, ਤਾੜੀਆਂ ਵਜਾਓ, ਜੈ-ਜੈਕਾਰ ਦੇ ਸ਼ਬਦ ਨਾਲ ਪਰਮੇਸ਼ੁਰ ਲਈ ਲਲਕਾਰੋ, 2ਕਿਉਂ ਜੋ ਯਹੋਵਾਹ ਅੱਤ ਮਹਾਨ ਤੇ ਭਿਆਨਕ ਹੈ, ਉਹ ਸਾਰੇ ਜਗਤ ਦਾ ਮਹਾਰਾਜਾ ਹੈ! 7ਪਰਮੇਸ਼ੁਰ ਸਾਰੇ ਜਗਤ ਦਾ ਪਾਤਸ਼ਾਹ ਜੋ ਹੈ, ਸੁਰ ਤਾਲ ਨਾਲ ਅਰਾਧਨਾ ਕਰੋ! 8ਪਰਮੇਸ਼ੁਰ ਪਰਾਈਆਂ ਕੌਮਾਂ ਉੱਤੇ ਰਾਜ ਕਰਦਾ ਹੈ, ਪਰਮੇਸ਼ੁਰ ਆਪਣੇ ਪਵਿੱਤਰ ਸਿੰਘਾਸਣ ਉੱਤੇ ਬੈਠਾ ਹੈ। 9ਕੌਮਾਂ ਦੇ ਪਤਵੰਤ ਇਕੱਠੇ ਹੋਏ ਹਨ, ਕਿ ਉਹ ਅਬਰਾਹਾਮ ਦੇ ਪਰਮੇਸ਼ੁਰ ਦੀ ਪਰਜਾ ਹੋਣ। ਧਰਤੀ ਦੀਆਂ ਢਾਲਾਂ ਪਰਮੇਸ਼ੁਰ ਦੀਆਂ ਹਨ, ਉਹ ਅੱਤ ਮਹਾਨ ਹੈ!

ਇੰਜੀਲ

ਯੂਹ 16:23–28

23ਅਤੇ ਉਸ ਦਿਨ ਤੁਸੀਂ ਮੈਨੂੰ ਕੋਈ ਸਵਾਲ ਨਹੀਂ ਕਰੋਗੇ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜੋ ਕੁਝ ਵੀ ਤੁਸੀਂ ਪਿਤਾ ਤੋਂ ਮੇਰੇ ਨਾਮ ਤੇ ਮੰਗੋਂਗੇ ਉਹ ਤੁਹਾਨੂੰ ਦੇਵੇਗਾ। 24ਅਜੇ ਤੱਕ ਤੁਸੀਂ ਮੇਰੇ ਨਾਮ ਵਿੱਚ ਕੁਝ ਨਹੀਂ ਮੰਗਿਆ, ਮੰਗੋ ਤਾਂ ਤੁਹਾਨੂੰ ਮਿਲੇਗਾ ਅਤੇ ਤੁਹਾਡੀ ਖੁਸ਼ੀ ਪੂਰੀ ਹੋਵੇਗੀ। 25“ਮੈਂ ਤੁਹਾਨੂੰ ਇਹ ਗੱਲਾਂ ਬੁਝਾਰਤਾਂ ਵਿੱਚ ਕੀਤੀਆਂ ਹਨ। ਪਰ ਉਹ ਸਮਾਂ ਆਵੇਗਾ ਜਦ ਮੈਂ ਤੁਹਾਨੂੰ ਕੁਝ ਵੀ ਦੱਸਣ ਲਈ ਬੁਝਾਰਤਾਂ ਨਹੀਂ ਆਖਾਂਗਾ। ਸਗੋਂ ਮੈਂ ਤੁਹਾਨੂੰ ਆਪਣੇ ਪਿਤਾ ਬਾਰੇ ਬਹੁਤ ਸਪੱਸ਼ਟ ਸ਼ਬਦਾਂ ਵਿੱਚ ਦੱਸਾਂਗਾ। 26ਉਸ ਦਿਨ ਤੁਸੀਂ ਮੇਰੇ ਨਾਮ ਵਿੱਚ ਮੰਗੋਂਗੇ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਤੁਹਾਡੇ ਲਈ ਪਿਤਾ ਕੋਲੋਂ ਨਹੀਂ ਮੰਗਾਂਗਾ। 27ਪਿਤਾ ਆਪ ਹੀ ਤੁਹਾਨੂੰ ਪਿਆਰ ਕਰਦਾ ਹੈ, ਕਿਉਂਕਿ ਤੁਸੀਂ ਮੈਨੂੰ ਪਿਆਰ ਕੀਤਾ ਹੈ। ਉਹ ਤੁਹਾਨੂੰ ਵੀ ਪਿਆਰ ਕਰਦਾ ਹੈ ਕਿਉਂਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਪਰਮੇਸ਼ੁਰ ਕੋਲੋਂ ਆਇਆ ਹਾਂ। 28ਮੈਂ ਪਿਤਾ ਵੱਲੋਂ ਇਸ ਸੰਸਾਰ ਵਿੱਚ ਆਇਆ ਹਾਂ ਅਤੇ ਹੁਣ ਮੈਂ ਇਹ ਦੁਨੀਆਂ ਨੂੰ ਛੱਡ ਕੇ ਆਪਣੇ ਪਿਤਾ ਕੋਲ ਵਾਪਸ ਜਾਂਦਾ ਹਾਂ।”

ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ