Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਪ੍ਰੈਲ 2027 › ਅਪ੍ਰੈਲ 8

ਆਰਥੋਡਾਕਸ ਕੈਲੰਡਰ · 26 ਮਾਰਚ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 8 ਅਪ੍ਰੈਲ 2027

ਵੀਰਵਾਰ · ਵੱਡੇ ਚਾਲੀਸੇ ਦਾ ਚੌਥਾ ਹਫ਼ਤਾ · ਸੁਰ 3

ਤਿਉਹਾਰ ਅਤੇ ਸੰਤ

Synaxis of the Archangel Gabriel

ਵੱਡਾ ਚਾਲੀਸਾ

ਸਖ਼ਤ ਵਰਤ (ਸੁੱਕਾ ਭੋਜਨ: ਰੋਟੀ, ਸਬਜ਼ੀਆਂ, ਫਲ)

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਛੇਵਾਂ ਘੰਟਾ

ਯਸਾ 28:14–22

14ਇਸ ਲਈ, ਹੇ ਠੱਠਾ ਕਰਨ ਵਾਲਿਓ, ਯਹੋਵਾਹ ਦੀ ਗੱਲ ਸੁਣੋ, ਤੁਸੀਂ ਜਿਹੜੇ ਇਸ ਪਰਜਾ ਉੱਤੇ ਹਕੂਮਤ ਕਰਦੇ ਹੋ, ਜਿਹੜੀ ਯਰੂਸ਼ਲਮ ਵਿੱਚ ਹੈ, 15ਤੁਸੀਂ ਤਾਂ ਕਹਿੰਦੇ ਹੋ ਕਿ ਅਸੀਂ ਮੌਤ ਨਾਲ ਨੇਮ ਬੰਨ੍ਹਿਆ ਅਤੇ ਪਤਾਲ ਨਾਲ ਇਕਰਾਰ ਕੀਤਾ ਹੈ, ਜਦ ਬਿਪਤਾ ਦਾ ਹੜ੍ਹ ਆ ਝੁੱਲੇਗਾ, ਤਾਂ ਉਹ ਸਾਡੇ ਨੇੜੇ ਨਾ ਆਵੇਗਾ, ਕਿਉਂ ਜੋ ਅਸੀਂ ਝੂਠ ਨੂੰ ਆਪਣੀ ਪਨਾਹ ਬਣਾਇਆ, ਅਤੇ ਧੋਖੇ ਵਿੱਚ ਅਸੀਂ ਆਪ ਨੂੰ ਲੁਕਾਇਆ ਹੈ, 16ਇਸ ਲਈ ਪ੍ਰਭੂ ਯਹੋਵਾਹ ਫ਼ਰਮਾਉਂਦਾ ਹੈ, ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ, ਇੱਕ ਪਰਖਿਆ ਹੋਇਆ ਪੱਥਰ, ਇੱਕ ਅਮੋਲਕ ਖੂੰਜੇ ਦਾ ਪੱਥਰ ਪੱਕੀ ਨੀਂਹ ਦਾ ਧਰਦਾ ਹਾਂ, ਜਿਹੜਾ ਪਰਤੀਤ ਕਰਦਾ ਹੈ, ਉਹ ਘਬਰਾ ਕੇ ਕਾਹਲੀ ਨਹੀਂ ਕਰੇਗਾ। 17ਮੈਂ ਇਨਸਾਫ਼ ਨੂੰ ਸੂਤਰ, ਅਤੇ ਧਰਮ ਨੂੰ ਸਾਹਲ ਬਣਾਵਾਂਗਾ, ਅਤੇ ਗੜੇ ਝੂਠ ਦੀ ਪਨਾਹ ਨੂੰ ਹੂੰਝ ਲੈ ਜਾਣਗੇ, ਅਤੇ ਹੜ੍ਹ ਤੁਹਾਡੀ ਓਟ ਨੂੰ ਰੋੜ੍ਹ ਕੇ ਲੈ ਜਾਣਗੇ। 18ਤਦ ਤੁਹਾਡਾ ਮੌਤ ਨਾਲ ਬੰਨ੍ਹਿਆ ਹੋਇਆ ਨੇਮ ਟੁੱਟ ਜਾਵੇਗਾ, ਅਤੇ ਪਤਾਲ ਨਾਲ ਕੀਤਾ ਇਕਰਾਰ ਕਾਇਮ ਨਾ ਰਹੇਗਾ, ਜਦ ਬਿਪਤਾ ਦਾ ਹੜ੍ਹ ਆ ਝੁੱਲੇ, ਤੁਸੀਂ ਉਸ ਤੋਂ ਲਤਾੜੇ ਜਾਓਗੇ। 19ਜਦ ਕਦੀ ਹੜ੍ਹ ਲੰਘੇਗਾ ਉਹ ਤੁਹਾਨੂੰ ਫੜ੍ਹੇਗਾ, ਕਿਉਂ ਜੋ ਉਹ ਹਰ ਸਵੇਰੇ ਤੇ ਦਿਨੇ ਰਾਤੀਂ ਲੰਘੇਗਾ, ਅਤੇ ਇਸ ਖ਼ਬਰ ਨੂੰ ਸੁਣਨਾ ਨਿਰੀ ਘਬਰਾਹਟ ਹੀ ਹੋਵੇਗਾ! 20ਪਲੰਘ ਲੰਮੇ ਪੈਣ ਲਈ ਛੋਟਾ ਹੈ, ਅਤੇ ਓੜ੍ਹਨਾ ਓੜ੍ਹਨ ਲਈ ਤੰਗ ਹੈ। 21ਜਿਵੇਂ ਫਰਾਸੀਮ ਪਰਬਤ ਉੱਤੇ ਹੋਇਆ, ਯਹੋਵਾਹ ਉੱਠ ਖੜ੍ਹਾ ਹੋਵੇਗਾ, ਜਿਵੇਂ ਗਿਬਓਨ ਦੀ ਘਾਟੀ ਵਿੱਚ ਹੋਇਆ, ਉਹ ਕੋਪਵਾਨ ਹੋਵੇਗਾ, ਉਹ ਹੁਣ ਫੇਰ ਕ੍ਰੋਧ ਵਿਖਾਵੇਗਾ ਤਾਂ ਜੋ ਉਹ ਆਪਣਾ ਕੰਮ, ਆਪਣਾ ਅਚਰਜ਼ ਕਰੇ, ਅਤੇ ਆਪਣਾ ਕਾਰਜ, ਆਪਣਾ ਅਨੋਖਾ ਕਾਰਜ ਕਰੇ। 22ਹੁਣ ਤੁਸੀਂ ਠੱਠੇ ਨਾ ਕਰੋ ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਬੰਧਨ ਪੱਕੇ ਹੋ ਜਾਣ, ਕਿਉਂ ਜੋ ਮੈਂ ਪ੍ਰਭੂ ਸੈਨਾਂ ਦੇ ਯਹੋਵਾਹ ਤੋਂ ਸਾਰੀ ਧਰਤੀ ਉੱਤੇ ਬਰਬਾਦੀ ਦਾ ਫ਼ੈਸਲਾ ਸੁਣਿਆ ਹੈ।

ਸ਼ਾਮ ਦੀ ਪ੍ਰਾਰਥਨਾ: ਪਾਠ

ਉਤ 10:32–11:9

32ਨੂਹ ਦੇ ਪੁੱਤਰਾਂ ਦੇ ਘਰਾਣੇ ਇਹ ਹੀ ਹਨ: ਉਨ੍ਹਾਂ ਦੀਆਂ ਕੌਮਾਂ ਦੇ ਅਨੁਸਾਰ ਉਨ੍ਹਾਂ ਦੀਆਂ ਵੰਸ਼ਾਵਲੀਆਂ ਇਹ ਹੀ ਹਨ। ਜਲ ਪਰਲੋ ਤੋਂ ਬਾਅਦ ਧਰਤੀ ਉੱਤੇ ਸਾਰੀਆਂ ਕੌਮਾਂ ਇਨ੍ਹਾਂ ਵਿੱਚੋਂ ਹੀ ਫੈਲ ਗਈਆਂ। 11:1ਸਾਰੀ ਧਰਤੀ ਉੱਤੇ ਇੱਕੋ ਹੀ ਬੋਲੀ ਅਤੇ ਇੱਕੋ ਹੀ ਭਾਸ਼ਾ ਸੀ। 2ਉਸ ਵੇਲੇ ਲੋਕਾਂ ਨੂੰ ਪੂਰਬ ਵੱਲ ਜਾਂਦੇ ਹੋਏ, ਇੱਕ ਮੈਦਾਨ ਸ਼ਿਨਾਰ ਦੇਸ਼ ਵਿੱਚ ਲੱਭਿਆ ਅਤੇ ਉੱਥੇ ਉਹ ਵੱਸ ਗਏ। 3ਤਦ ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ ਕਿ ਆਓ ਅਸੀਂ ਇੱਟਾਂ ਬਣਾਈਏ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਕਾਈਏ, ਉਨ੍ਹਾਂ ਕੋਲ ਪੱਥਰਾਂ ਦੀ ਥਾਂ ਇੱਟਾਂ ਅਤੇ ਚੂਨੇ ਦੀ ਥਾਂ ਗਾਰਾ ਸੀ। 4ਫਿਰ ਉਨ੍ਹਾਂ ਨੇ ਆਖਿਆ ਕਿ ਆਉ ਅਸੀਂ ਆਪਣੇ ਲਈ ਇੱਕ ਸ਼ਹਿਰ ਅਤੇ ਇੱਕ ਬੁਰਜ ਬਣਾਈਏ ਜਿਸ ਦੀ ਚੋਟੀ ਅਕਾਸ਼ ਤੱਕ ਹੋਵੇ ਅਤੇ ਅਜਿਹਾ ਕਰਕੇ ਅਸੀਂ ਨਾਮ ਕਮਾਈਏ ਅਜਿਹਾ ਨਾ ਹੋਵੇ ਜੋ ਅਸੀਂ ਸਾਰੀ ਧਰਤੀ ਉੱਤੇ ਖਿੰਡ ਜਾਈਏ। 5ਜਦ ਲੋਕ ਉਸ ਸ਼ਹਿਰ ਅਤੇ ਬੁਰਜ ਨੂੰ ਬਣਾ ਰਹੇ ਸਨ ਤਦ ਯਹੋਵਾਹ ਉਸ ਨੂੰ ਵੇਖਣ ਲਈ ਉਤਰਿਆ। 6ਯਹੋਵਾਹ ਨੇ ਆਖਿਆ, ਵੇਖੋ, ਇਹ ਲੋਕ ਇੱਕ ਹਨ, ਇਹਨਾਂ ਸਾਰਿਆਂ ਦੀ ਬੋਲੀ ਵੀ ਇੱਕ ਹੈ ਅਤੇ ਇਹਨਾਂ ਨੇ ਇਸ ਕੰਮ ਨੂੰ ਅਰੰਭ ਕੀਤਾ ਹੈ, ਜੋ ਕੁਝ ਵੀ ਉਹ ਕਰਨ ਦਾ ਯਤਨ ਕਰਨਗੇ ਹੁਣ ਉਨ੍ਹਾਂ ਲਈ ਕੁਝ ਵੀ ਰੁਕਾਵਟ ਨਾ ਹੋਵੇਗੀ। 7ਇਸ ਲਈ ਆਓ ਅਸੀਂ ਉਤਰੀਏ, ਉਨ੍ਹਾਂ ਦੀ ਭਾਸ਼ਾ ਨੂੰ ਉਲਟ-ਪੁਲਟ ਕਰ ਦੇਈਏ ਤਾਂ ਜੋ ਉਹ ਇੱਕ ਦੂਜੇ ਦੀ ਭਾਸ਼ਾ ਨਾ ਸਮਝ ਸਕਣ। 8ਇਸ ਤਰ੍ਹਾਂ ਯਹੋਵਾਹ ਨੇ ਉਨ੍ਹਾਂ ਨੂੰ ਉੱਥੋਂ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ। ਇਸ ਲਈ ਉਹਨਾਂ ਨੇ ਉਸ ਸ਼ਹਿਰ ਦਾ ਨਿਰਮਾਣ ਕਰਨਾ ਬੰਦ ਕਰ ਦਿੱਤਾ। 9ਇਸ ਕਾਰਨ ਉਨ੍ਹਾਂ ਨੇ ਉਸ ਨਗਰ ਦਾ ਨਾਮ ਬਾਬਲ ਰੱਖਿਆ ਕਿਉਂਕਿ ਉੱਥੇ ਯਹੋਵਾਹ ਨੇ ਸਾਰੀ ਧਰਤੀ ਦੀ ਭਾਸ਼ਾ ਉਲਟ-ਪੁਲਟ ਕਰ ਦਿੱਤੀ ਅਤੇ ਉੱਥੋਂ ਯਹੋਵਾਹ ਨੇ ਉਨ੍ਹਾਂ ਨੂੰ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ।

ਸ਼ਾਮ ਦੀ ਪ੍ਰਾਰਥਨਾ: ਪਾਠ

ਕਹਾ 13:19–14:6

19ਜਦ ਇੱਛਿਆ ਪੂਰੀ ਹੁੰਦੀ ਹੈ ਤਾਂ ਜੀਅ ਨੂੰ ਮਿੱਠਾ ਲੱਗਦਾ ਹੈ, ਪਰ ਬੁਰਿਆਈ ਨੂੰ ਛੱਡਣਾ ਮੂਰਖ ਨੂੰ ਬੁਰਾ ਲੱਗਦਾ ਹੈ। 20ਬੁੱਧਵਾਨਾਂ ਦਾ ਸਾਥੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀਆਂ ਨੂੰ ਦੁੱਖ ਹੋਵੇਗਾ। 21ਬਿਪਤਾ ਪਾਪੀਆਂ ਦੇ ਪਿੱਛੇ ਪੈਂਦੀ ਹੈ, ਪਰ ਧਰਮੀਆਂ ਨੂੰ ਚੰਗਾ ਫਲ ਮਿਲੇਗਾ। 22ਭਲਾ ਮਨੁੱਖ ਆਪਣੇ ਪੋਤਰਿਆਂ ਲਈ ਵੀ ਮਿਰਾਸ ਛੱਡ ਜਾਂਦਾ ਹੈ, ਪਰ ਪਾਪੀ ਦਾ ਮਾਲ ਧੰਨ ਧਰਮੀ ਲਈ ਜੁੜਦਾ ਹੈ। 23ਗਰੀਬ ਦੀ ਪੈਲੀ ਵਿੱਚ ਢੇਰ ਸਾਰਾ ਅਹਾਰ ਪੈਦਾ ਹੁੰਦਾ ਹੈ, ਪਰ ਅਜਿਹਾ ਵੀ ਹੈ ਜੋ ਕੁਨਿਆਂ ਦੇ ਕਾਰਨ ਉੱਜੜ ਜਾਂਦਾ ਹੈ। 24ਜਿਹੜਾ ਪੁੱਤਰ ਉੱਤੇ ਸੋਟੀ ਨਹੀਂ ਚਲਾਉਂਦਾ ਉਹ ਉਸ ਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ। 25ਧਰਮੀ ਤਾਂ ਰੱਜ ਕੇ ਖਾਂਦਾ ਹੈ, ਪਰ ਦੁਸ਼ਟਾਂ ਦਾ ਢਿੱਡ ਨਹੀਂ ਭਰਦਾ। 14:1ਬੁੱਧਵਾਨ ਇਸਤਰੀ ਤਾਂ ਆਪਣਾ ਘਰ ਬਣਾਉਂਦੀ ਹੈ, ਪਰ ਮੂਰਖ ਆਪਣੇ ਹੱਥੀਂ ਹੀ ਉਹ ਨੂੰ ਢਾਹ ਦਿੰਦੀ ਹੈ। 2ਜਿਹੜਾ ਸਿੱਧੀ ਚਾਲ ਚੱਲਦਾ ਹੈ ਉਹ ਯਹੋਵਾਹ ਦਾ ਭੈਅ ਮੰਨਦਾ ਹੈ, ਪਰ ਜਿਹੜਾ ਟੇਢੀ ਚਾਲ ਚੱਲਦਾ ਹੈ, ਉਹ ਉਸ ਨੂੰ ਤੁੱਛ ਜਾਣਦਾ ਹੈ। 3ਮੂਰਖ ਦੇ ਮੂੰਹ ਵਿੱਚ ਹੰਕਾਰ ਦੀ ਲਾਠੀ ਹੈ, ਪਰ ਬੁੱਧਵਾਨਾਂ ਦੇ ਬੋਲ ਉਹਨਾਂ ਦੀ ਰੱਖਿਆ ਕਰਦੇ ਹਨ। 4ਜਿੱਥੇ ਬਲ਼ਦ ਨਹੀਂ ਉੱਥੇ ਖੁਰਲੀ ਸੁਥਰੀ ਰਹਿੰਦੀ ਹੈ, ਪਰ ਬਲ਼ਦ ਦੇ ਜ਼ੋਰ ਨਾਲ ਬਹੁਤਾ ਅਨਾਜ ਪੈਦਾ ਹੁੰਦਾ ਹੈ। 5ਵਫ਼ਾਦਾਰ ਗਵਾਹ ਝੂਠ ਨਹੀਂ ਬੋਲਦਾ, ਪਰ ਝੂਠਾ ਗਵਾਹ ਝੂਠ ਹੀ ਮਾਰਦਾ ਹੈ। 6ਠੱਠਾ ਕਰਨ ਵਾਲਾ ਬੁੱਧ ਨੂੰ ਭਾਲਦਾ ਹੈ ਪਰ ਉਹ ਉਸ ਨੂੰ ਨਹੀਂ ਲੱਭਦੀ, ਪਰੰਤੂ ਸਮਝ ਵਾਲੇ ਨੂੰ ਗਿਆਨ ਸਹਿਜ ਨਾਲ ਹੀ ਮਿਲ ਜਾਂਦਾ ਹੈ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਮਾਰਚ 26 ਸਿਵਲ ਕੈਲੰਡਰ ਦਾ ਅਪ੍ਰੈਲ 8 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ