ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਜਨਵਰੀ 2027 › ਜਨਵਰੀ 11
ਕੈਥੋਲਿਕ ਕੈਲੰਡਰ
ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 11 ਜਨਵਰੀ 2027
ਸੋਮਵਾਰ · ਆਮ ਸਮੇਂ ਦਾ ਪਹਿਲਾ ਹਫ਼ਤਾ
ਤਿਉਹਾਰ ਅਤੇ ਸੰਤ
ਆਮ ਸਮੇਂ ਦੇ ਪਹਿਲੇ ਹਫ਼ਤੇ ਦਾ ਸੋਮਵਾਰ
ਆਮ ਦਿਨ · ਉਪਾਸਨਾ ਦਾ ਰੰਗ: ਹਰਾ
ਦਿਨ ਦੇ ਪਾਠ
ਪਹਿਲਾ ਪਾਠ
1ਪਰਮੇਸ਼ੁਰ ਨੇ ਬੀਤੇ ਹੋਏ ਸਮਿਆਂ ਵਿੱਚ ਨਬੀਆਂ ਦੇ ਦੁਆਰਾ ਸਾਡੇ ਬਜ਼ੁਰਗਾਂ ਨਾਲ ਕਈ ਵਾਰੀ ਅਤੇ ਕਈ ਤਰੀਕਿਆਂ ਨਾਲ ਗੱਲ ਕੀਤੀ। 2ਇਨ੍ਹਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤਰ ਦੇ ਦੁਆਰਾ ਗੱਲ ਕੀਤੀ, ਜਿਸ ਨੂੰ ਉਹ ਨੇ ਸਭਨਾਂ ਵਸਤਾਂ ਦਾ ਵਾਰਿਸ ਬਣਾਇਆ ਅਤੇ ਉਸੇ ਦੇ ਦੁਆਰਾ ਉਹ ਨੇ ਸੰਸਾਰ ਨੂੰ ਵੀ ਰਚਿਆ। 3ਉਹ ਉਸ ਮਹਿਮਾ ਦਾ ਪ੍ਰਕਾਸ਼ ਅਤੇ ਉਸ ਦੀ ਸਖਸ਼ੀਅਤ ਦਾ ਨਕਸ਼ ਹੋ ਕੇ, ਆਪਣੇ ਸਮਰੱਥਾ ਦੇ ਬਚਨ ਨਾਲ ਸਭਨਾਂ ਵਸਤਾਂ ਨੂੰ ਸੰਭਾਲ ਕੇ ਅਤੇ ਪਾਪਾਂ ਨੂੰ ਸਾਫ਼ ਕਰ ਕੇ, ਸਰਬ ਉੱਚ ਸਥਾਨ ਵਿੱਚ ਅੱਤ ਮਹਾਨ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ। 4ਉਹ ਦੂਤਾਂ ਨਾਲੋਂ ਐਨਾ ਉੱਤਮ ਹੋਇਆ, ਜਿੰਨਾਂ ਉਹ ਨੇ ਉਨ੍ਹਾਂ ਨਾਲੋਂ ਵਿਰਸੇ ਵਿੱਚ ਉੱਤਮ ਨਾਮ ਪਾਇਆ। 5ਕਿਉਂ ਜੋ ਦੂਤਾਂ ਵਿੱਚੋਂ ਪਰਮੇਸ਼ੁਰ ਨੇ ਕਿਸਨੂੰ ਕਦੇ ਆਖਿਆ ਕਿ ਤੂੰ ਮੇਰਾ ਪੁੱਤਰ ਹੈਂ, ਮੈਂ ਅੱਜ ਤੈਨੂੰ ਜਨਮ ਦਿੱਤਾ ਹੈ?। ਅਤੇ ਫੇਰ, ਮੈਂ ਉਹ ਦਾ ਪਿਤਾ ਹੋਵਾਂਗਾ, ਅਤੇ ਉਹ ਮੇਰਾ ਪੁੱਤਰ ਹੋਵੇਗਾ। 6ਅਤੇ ਜਦੋਂ ਉਸ ਪਹਿਲੇ ਨੂੰ ਸੰਸਾਰ ਵਿੱਚ ਫਿਰ ਲਿਆਉਂਦਾ ਹੈ ਤਾਂ ਉਹ ਕਹਿੰਦਾ ਹੈ - “ਪਰਮੇਸ਼ੁਰ ਦੇ ਸੱਭੇ ਦੂਤ ਉਹ ਨੂੰ ਮੱਥਾ ਟੇਕਣ।”
ਜਵਾਬੀ ਭਜਨ
1ਯਹੋਵਾਹ ਰਾਜ ਕਰਦਾ ਹੈ, ਧਰਤੀ ਖੁਸ਼ ਹੋਵੇ, ਟਾਪੂ ਜਿਹੜੇ ਬਹੁਤ ਸਾਰੇ ਹਨ ਅਨੰਦ ਹੋਣ! 2ਬੱਦਲ ਅਤੇ ਅਨ੍ਹੇਰਾ ਉਹ ਦੇ ਆਲੇ-ਦੁਆਲੇ ਹਨ, ਧਰਮ ਅਤੇ ਨਿਆਂ ਉਹ ਦੀ ਰਾਜ ਗੱਦੀ ਦੀ ਨੀਂਹ ਹਨ। 6ਅਕਾਸ਼ ਉਹ ਦੇ ਧਰਮ ਦਾ ਨਿਰਣਾ ਕਰਦੇ ਹਨ, ਅਤੇ ਸਾਰੇ ਲੋਕ ਉਹ ਦਾ ਪਰਤਾਪ ਵੇਖਦੇ ਹਨ। 7ਉੱਕਰੀਆਂ ਹੋਈਆਂ ਮੂਰਤਾਂ ਦੇ ਸਾਰੇ ਪੁਜਾਰੀ, ਜਿਹੜੇ ਬੁੱਤਾਂ ਉੱਤੇ ਫੁੱਲਦੇ ਹਨ ਸ਼ਰਮਿੰਦੇ ਹੋਣ, ਸਾਰੇ ਦੇਵਤੇ ਉਹ ਨੂੰ ਮੱਥਾ ਟੇਕਣ! 9ਸਾਰੀ ਧਰਤੀ ਉੱਤੇ, ਹੇ ਯਹੋਵਾਹ, ਤੂੰ ਤਾਂ ਅੱਤ ਮਹਾਨ ਹੈਂ, ਤੂੰ ਸਾਰਿਆਂ ਦੇਵਤਿਆਂ ਨਾਲੋਂ ਬਹੁਤ ਮਹਾਨ ਹੈਂ!
ਇੰਜੀਲ
14ਉਪਰੰਤ ਯੂਹੰਨਾ ਦੇ ਫੜਵਾਏ ਜਾਣ ਦੇ ਪਿੱਛੋਂ ਯਿਸੂ ਗਲੀਲ ਵਿੱਚ ਆਇਆ ਅਤੇ ਉਸ ਨੇ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਦਾ ਪਰਚਾਰ ਕਰ ਕੇ ਆਖਿਆ, 15ਸਮਾਂ ਪੂਰਾ ਹੋਇਆ ਅਤੇ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੋਬਾ ਕਰੋ ਅਤੇ ਖੁਸ਼ਖਬਰੀ ਉੱਤੇ ਵਿਸ਼ਵਾਸ ਕਰੋ। 16ਗਲੀਲ ਦੀ ਝੀਲ ਦੇ ਕੰਢੇ ਉੱਤੇ ਫਿਰਦਿਆਂ ਉਸ ਨੇ ਸ਼ਮਊਨ ਅਤੇ ਉਸ ਦੇ ਭਰਾ ਅੰਦ੍ਰਿਯਾਸ ਨੂੰ ਝੀਲ ਵਿੱਚ ਜਾਲ਼ ਪਾਉਂਦਿਆਂ ਵੇਖਿਆ, ਕਿਉਂ ਜੋ ਉਹ ਮਛਵਾਰੇ ਸਨ। 17ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੇਰੇ ਪਿੱਛੇ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਮਛਵਾਰੇ ਬਣਾਵਾਂਗਾ। 18ਅਤੇ ਉਹ ਉਸੇ ਵੇਲੇ ਆਪਣੇ ਜਾਲ਼ਾਂ ਨੂੰ ਛੱਡ ਕੇ ਉਸ ਦੇ ਮਗਰ ਹੋ ਤੁਰੇ। 19ਅਤੇ ਥੋੜੀ ਦੂਰ ਅੱਗੇ ਵੱਧ ਕੇ ਉਹ ਨੇ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਵੇਖਿਆ ਜੋ ਬੇੜੀ ਉੱਤੇ ਆਪਣੇ ਜਾਲ਼ਾਂ ਨੂੰ ਸਾਫ਼ ਕਰਦੇ ਸਨ। 20ਅਤੇ ਉਸ ਨੇ ਤੁਰੰਤ ਉਨ੍ਹਾਂ ਨੂੰ ਸੱਦਿਆ ਅਤੇ ਉਹ ਆਪਣੇ ਪਿਤਾ ਜ਼ਬਦੀ ਨੂੰ ਮਜ਼ਦੂਰਾਂ ਨਾਲ ਬੇੜੀ ਵਿੱਚ ਛੱਡ ਕੇ ਉਸ ਦੇ ਮਗਰ ਤੁਰ ਪਏ।
ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ