ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਨਵੰਬਰ 2026 › ਨਵੰਬਰ 15
ਆਰਥੋਡਾਕਸ ਕੈਲੰਡਰ · 2 ਨਵੰਬਰ (ਪੁਰਾਣਾ ਕੈਲੰਡਰ)
ਆਰਥੋਡਾਕਸ ਹਰ ਦਿਨ ਦੇ ਪਾਠ — 15 ਨਵੰਬਰ 2026
ਐਤਵਾਰ · ਸੁਰ 7
ਤਿਉਹਾਰ ਅਤੇ ਸੰਤ
ਪੰਤੇਕੁਸਤ ਤੋਂ ਬਾਅਦ 24ਵਾਂ ਐਤਵਾਰ
ਵਰਤ
ਕੋਈ ਵਰਤ ਨਹੀਂ
ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।
ਦਿਨ ਦੇ ਪਾਠ
ਸਵੇਰ ਦੀ ਪ੍ਰਾਰਥਨਾ ਦੀ ਦੂਜੀ ਇੰਜੀਲ
1ਜਦ ਸਬਤ ਦਾ ਦਿਨ ਬੀਤ ਗਿਆ ਤਾਂ ਮਰਿਯਮ ਮਗਦਲੀਨੀ ਅਤੇ ਯਾਕੂਬ ਦੀ ਮਾਤਾ ਮਰਿਯਮ ਅਤੇ ਸਲੋਮੀ ਨੇ ਸੁਗੰਧਾਂ ਮੁੱਲ ਲਈਆਂ ਕਿ ਜਾ ਕੇ ਉਸ ਉੱਤੇ ਮਲਣ। 2ਅਤੇ ਹਫ਼ਤੇ ਦੇ ਪਹਿਲੇ ਦਿਨ ਬਹੁਤ ਤੜਕੇ ਸੂਰਜ ਚੜ੍ਹਦੇ ਹੀ ਉਹ ਕਬਰ ਉੱਤੇ ਆਈਆਂ। 3ਅਤੇ ਆਪੋ ਵਿੱਚ ਕਹਿਣ ਲੱਗੀਆਂ ਜੋ ਸਾਡੇ ਲਈ ਪੱਥਰ ਨੂੰ ਕਬਰ ਦੇ ਮੂੰਹੋਂ ਕੌਣ ਰੇੜ੍ਹ ਕੇ ਪਾਸੇ ਕਰੂ? 4ਜਦ ਉਹਨਾਂ ਨੇ ਨਿਗਾਹ ਕੀਤੀ ਤਾਂ ਵੇਖਿਆ ਜੋ ਪੱਥਰ ਲਾਂਭੇ ਰਿੜ੍ਹਿਆ ਪਿਆ ਹੈ ਕਿਉਂ ਜੋ ਉਹ ਬਹੁਤ ਭਾਰਾ ਸੀ। 5ਅਤੇ ਕਬਰ ਵਿੱਚ ਜਾ ਕੇ ਉਨ੍ਹਾਂ ਇੱਕ ਜੁਆਨ ਨੂੰ ਚਿੱਟਾ ਬਸਤਰ ਪਹਿਨੀ ਸੱਜੇ ਪਾਸੇ ਬੈਠਾ ਵੇਖਿਆ ਅਤੇ ਉਹ ਹੈਰਾਨ ਹੋਈਆਂ। 6ਉਸ ਨੇ ਉਨ੍ਹਾਂ ਨੂੰ ਆਖਿਆ, ਹੈਰਾਨ ਨਾ ਹੋਵੋ, ਤੁਸੀਂ ਯਿਸੂ ਨਾਸਰੀ ਨੂੰ ਲੱਭਦੀਆ ਹੋ ਜਿਹੜਾ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉਹ ਤਾਂ ਜੀ ਉੱਠਿਆ ਹੈ, ਉਹ ਐਥੇ ਨਹੀਂ ਹੈ। ਲਉ ਇਹ ਥਾਂ ਹੈ ਜਿੱਥੇ ਉਨ੍ਹਾਂ ਉਸ ਨੂੰ ਰੱਖਿਆ ਸੀ। 7ਪਰ ਜਾਓ, ਉਸ ਦੇ ਚੇਲਿਆਂ ਅਤੇ ਪਤਰਸ ਨੂੰ ਆਖੋ ਜੋ ਉਹ ਤੁਹਾਡੇ ਤੋਂ ਅੱਗੇ ਹੀ ਗਲੀਲ ਨੂੰ ਜਾਂਦਾ ਹੈਂ। ਤੁਸੀਂ ਉਹ ਨੂੰ ਉੱਥੇ ਵੇਖੋਗੇ ਜਿਵੇਂ ਉਹ ਨੇ ਤੁਹਾਨੂੰ ਆਖਿਆ ਸੀ। 8ਅਤੇ ਉਹ ਨਿੱਕਲ ਕੇ ਕਬਰ ਪਾਸੋਂ ਨੱਸੀਆਂ ਕਿਉਂ ਜੋ ਉਹ ਕੰਬਦੀਆਂ ਅਤੇ ਘਬਰਾਉਂਦੀਆਂ ਸਨ, ਅਤੇ ਡਰ ਦੀਆਂ ਮਾਰੀਆਂ ਕਿਸੇ ਨਾਲ ਕੁਝ ਨਾ ਬੋਲੀਆਂ।
ਪੱਤ੍ਰੀ
14ਕਿਉਂ ਜੋ ਉਹ ਸਾਡਾ ਮਿਲਾਪ ਹੈ, ਜਿਸ ਨੇ ਯਹੂਦੀ ਅਤੇ ਪਰਾਈਆਂ ਕੌਮਾਂ ਨੂੰ ਇੱਕ ਕੀਤਾ ਅਤੇ ਸਰੀਰ ਵਿੱਚ ਵੈਰ-ਵਿਰੋਧ ਵਾਲੀ ਜੁਦਾਈ ਦੀ ਕੰਧ ਨੂੰ ਢਾਹ ਦਿੱਤਾ! 15ਅਤੇ ਬਿਵਸਥਾ ਨੂੰ ਬਿਧੀਆਂ ਅਤੇ ਕਨੂੰਨਾਂ ਸਮੇਤ ਮਿਟਾ ਦਿੱਤਾ ਤਾਂ ਜੋ ਦੋਹਾਂ ਤੋਂ ਆਪਣੇ ਵਿੱਚ ਇੱਕ ਨਵੇਂ ਮਨੁੱਖ ਦੀ ਰਚਨਾ ਕਰਕੇ ਮੇਲ-ਮਿਲਾਪ ਕਰਾਇਆ! 16ਅਤੇ ਸਲੀਬ ਦੇ ਰਾਹੀਂ ਵੈਰ-ਵਿਰੋਧ ਦਾ ਨਾਸ ਕਰਕੇ ਉਸੇ ਰਾਹੀਂ ਦੋਹਾਂ ਨੂੰ ਇੱਕ ਸਰੀਰ ਬਣਾ ਕੇ ਪਰਮੇਸ਼ੁਰ ਨਾਲ ਮੇਲ ਕਰਾਵੇ! 17ਅਤੇ ਉਸ ਨੇ ਆਣ ਕੇ ਤੁਹਾਨੂੰ ਜਿਹੜੇ ਦੂਰ ਸਨ, ਉਨ੍ਹਾਂ ਨੂੰ ਜਿਹੜੇ ਨੇੜੇ ਸਨ ਦੋਵਾਂ ਨੂੰ ਮੇਲ-ਮਿਲਾਪ ਦੀ ਖੁਸ਼ਖਬਰੀ ਸੁਣਾਈ! 18ਕਿਉਂ ਜੋ ਉਸੇ ਦੇ ਦੁਆਰਾ ਇੱਕੋ ਆਤਮਾ ਵਿੱਚ ਪਿਤਾ ਵੱਲ ਸਾਡੇ ਦੋਵਾਂ ਦੀ ਪਹੁੰਚ ਹੁੰਦੀ ਹੈ! 19ਸੋ ਹੁਣ ਤੋਂ ਤੁਸੀਂ ਪਰਾਏ ਅਤੇ ਪਰਦੇਸੀ ਨਹੀਂ ਸਗੋਂ ਸੰਤਾਂ ਦੇ ਵਤਨੀ ਅਤੇ ਪਰਮੇਸ਼ੁਰ ਦੇ ਘਰਾਣੇ ਦੇ ਹੋ! 20ਅਤੇ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣਾਏ ਗਏ ਹੋ ਜਿਹ ਦੇ ਖੂੰਜੇ ਦਾ ਪੱਥਰ ਆਪ ਮਸੀਹ ਯਿਸੂ ਹੈ! 21ਜਿਹ ਦੇ ਵਿੱਚ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਪ੍ਰਭੂ ਵਿੱਚ ਪਵਿੱਤਰ ਹੈਕਲ ਬਣਦੀ ਜਾਂਦੀ ਹੈ। 22ਜਿਸ ਵਿੱਚ ਤੁਸੀਂ ਵੀ ਆਤਮਾ ਰਾਹੀਂ ਪਰਮੇਸ਼ੁਰ ਦਾ ਭਵਨ ਹੋਣ ਲਈ ਇੱਕ ਸੰਗ ਬਣਾਏ ਜਾਂਦੇ ਹੋ।
ਇੰਜੀਲ
26ਉਹ ਗਿਰਸੇਨੀਆਂ ਦੇ ਦੇਸ ਵਿੱਚ ਪਹੁੰਚੇ ਜੋ ਗਲੀਲ ਦੇ ਸਾਹਮਣੇ ਉਸ ਪਾਰ ਹੈ। 27ਅਤੇ ਜਦ ਉਹ ਕੰਢੇ ਤੇ ਉੱਤਰਿਆ ਤਾਂ ਉਸ ਨਗਰ ਵਿੱਚੋਂ ਇੱਕ ਆਦਮੀ ਉਸ ਨੂੰ ਮਿਲਿਆ ਜਿਸ ਵਿੱਚ ਦੁਸ਼ਟ ਆਤਮਾਵਾਂ ਸਨ ਅਤੇ ਉਹ ਬਹੁਤ ਸਮੇਂ ਤੋਂ ਕੱਪੜੇ ਨਹੀਂ ਪਹਿਨਦਾ ਸੀ ਅਤੇ ਘਰ ਨਹੀਂ ਸਗੋਂ ਕਬਰਾਂ ਵਿੱਚ ਰਹਿੰਦਾ ਸੀ। 28ਅਤੇ ਉਹ ਯਿਸੂ ਨੂੰ ਵੇਖਦਿਆਂ ਹੀ ਚੀਕ ਉੱਠਿਆ ਅਤੇ ਉਸ ਦੇ ਅੱਗੇ ਡਿੱਗ ਪਿਆ ਅਤੇ ਉੱਚੀ ਅਵਾਜ਼ ਨਾਲ ਬੋਲਿਆ, ਹੇ ਮਹਾਂ ਪਰਮੇਸ਼ੁਰ ਦੇ ਪੁੱਤਰ ਯਿਸੂ, ਤੁਹਾਡਾ ਮੇਰੇ ਨਾਲ ਕੀ ਕੰਮ? ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਦੁੱਖ ਨਾ ਦਿਓ! 29ਕਿਉਂਕਿ ਉਹ ਅਸ਼ੁੱਧ ਆਤਮਾ ਨੂੰ ਉਸ ਆਦਮੀ ਵਿੱਚੋਂ ਨਿੱਕਲਣ ਦਾ ਹੁਕਮ ਦੇ ਰਿਹਾ ਸੀ, ਇਸ ਲਈ ਜੋ ਦੁਸ਼ਟ-ਆਤਮਾ ਬਾਰ-ਬਾਰ ਉਸ ਵਿੱਚ ਆਉਂਦਾ ਸੀ। ਬਹੁਤ ਵਾਰ ਲੋਕ ਉਸ ਨੂੰ ਸੰਗਲਾਂ ਅਤੇ ਬੇੜੀਆਂ ਨਾਲ ਜਕੜ ਕੇ ਪਹਿਰੇ ਵਿੱਚ ਰੱਖਦੇ ਸਨ ਪਰ ਉਹ ਬੰਧਨਾਂ ਨੂੰ ਤੋੜ ਦਿੰਦਾ ਸੀ। ਦੁਸ਼ਟ-ਆਤਮਾ ਉਸ ਨੂੰ ਉਜਾੜਾਂ ਵਿੱਚ ਭਜਾਈ ਫਿਰਦਾ ਸੀ। 30ਫਿਰ ਯਿਸੂ ਨੇ ਉਸ ਨੂੰ ਪੁੱਛਿਆ, ਤੇਰਾ ਕੀ ਨਾਮ ਹੈ? ਉਹ ਬੋਲਿਆ, ਲਸ਼ਕਰ, ਕਿਉਂ ਜੋ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਉਸ ਵਿੱਚ ਸਨ। 31ਅਤੇ ਉਨ੍ਹਾਂ ਯਿਸੂ ਦੀ ਮਿੰਨਤ ਕੀਤੀ ਕਿ ਸਾਨੂੰ ਅਥਾਹ ਕੁੰਡ ਵਿੱਚ ਜਾਣ ਦਾ ਹੁਕਮ ਨਾ ਕਰ! 32ਨੇੜੇ ਪਹਾੜ ਉੱਤੇ ਸੂਰਾਂ ਦਾ ਇੱਕ ਵੱਡਾ ਇੱਜੜ ਚੁਗਦਾ ਸੀ ਅਤੇ ਉਨ੍ਹਾਂ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਆਗਿਆ ਦਿਓ ਜੋ ਅਸੀਂ ਉਨ੍ਹਾਂ ਸੂਰਾਂ ਵਿੱਚ ਜਾ ਵੜੀਏ ਤਾਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ। 33ਅਤੇ ਦੁਸ਼ਟ ਆਤਮਾਵਾਂ ਉਸ ਮਨੁੱਖ ਵਿੱਚੋਂ ਨਿੱਕਲ ਕੇ ਸੂਰਾਂ ਵਿੱਚ ਜਾ ਵੜੀਆਂ ਅਤੇ ਸਾਰਾ ਇੱਜੜ ਪਹਾੜ ਦੀ ਢਲਾਣ ਤੋਂ ਤੇਜ ਭੱਜ ਕੇ ਝੀਲ ਵਿੱਚ ਡੁੱਬ ਕੇ ਮਰ ਗਿਆ। 34ਤਦ ਉਹਨਾਂ ਦੇ ਚੁਗਾਉਣ ਵਾਲੇ ਇਹ ਸਭ ਵੇਖ ਕੇ ਭੱਜੇ ਅਤੇ ਨਗਰ ਅਤੇ ਪਿੰਡਾਂ ਵਿੱਚ ਇਸ ਦੀ ਖ਼ਬਰ ਪਹੁੰਚਾਈ। 35ਤਾਂ ਲੋਕ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਇਹ ਸਭ ਜੋ ਵਾਪਰਿਆ ਸੀ, ਵੇਖਣ ਨੂੰ ਨਿੱਕਲੇ ਅਤੇ ਯਿਸੂ ਦੇ ਕੋਲ ਆ ਕੇ ਉਸ ਆਦਮੀ ਨੂੰ ਜਿਸ ਵਿੱਚੋਂ ਦੁਸ਼ਟ ਆਤਮਾਵਾਂ ਨਿੱਕਲੀਆਂ ਸਨ ਕੱਪੜੇ ਪਹਿਨੀ ਅਤੇ ਸੁਰਤ ਸੰਭਾਲੀ ਯਿਸੂ ਦੇ ਚਰਨਾਂ ਲਾਗੇ ਬੈਠਾ ਵੇਖਿਆ ਅਤੇ ਉਹ ਡਰ ਗਏ। 36ਵੇਖਣ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਜਿਸ ਦੇ ਵਿੱਚ ਦੁਸ਼ਟ ਆਤਮਾਵਾਂ ਸਨ ਕਿਸ ਪ੍ਰਕਾਰ ਚੰਗਾ ਹੋ ਗਿਆ। 37ਤਦ ਗਿਰਸੇਨੀਆਂ ਦੇ ਇਲਾਕੇ ਦੇ ਸਾਰੇ ਲੋਕਾਂ ਨੇ ਯਿਸੂ ਦੇ ਅੱਗੇ ਬੇਨਤੀ ਕੀਤੀ ਜੋ ਸਾਡੇ ਕੋਲੋਂ ਚਲੇ ਜਾਓ ਕਿਉਂ ਜੋ ਉਹ ਬਹੁਤ ਹੀ ਡਰ ਗਏ ਸਨ। ਸੋ ਉਹ ਬੇੜੀ ਉੱਤੇ ਚੜ੍ਹ ਕੇ ਵਾਪਸ ਚੱਲਿਆ ਗਿਆ। 38ਅਤੇ ਉਸ ਆਦਮੀ ਨੇ ਜਿਸ ਦੇ ਵਿੱਚੋਂ ਭੂਤਾਂ ਨਿੱਕਲੀਆਂ ਸਨ, ਉਸ ਦੇ ਨਾਲ ਰਹਿਣ ਲਈ ਬੇਨਤੀ ਕੀਤੀ ਪਰ ਯਿਸੂ ਨੇ ਇਹ ਕਹਿ ਕੇ ਉਸ ਨੂੰ ਵਿਦਿਆ ਕੀਤਾ 39ਜੋ ਆਪਣੇ ਘਰ ਨੂੰ ਮੁੜ ਜਾ ਅਤੇ ਉਨ੍ਹਾਂ ਨੂੰ ਦੱਸ ਜੋ ਪਰਮੇਸ਼ੁਰ ਨੇ ਤੇਰੇ ਲਈ ਕਿੰਨੇ ਵੱਡੇ ਕੰਮ ਕੀਤੇ ਹਨ। ਤਾਂ ਉਹ ਸਾਰੇ ਨਗਰ ਵਿੱਚ ਲੋਕਾਂ ਨੂੰ ਦੱਸਣ ਲੱਗਾ ਜੋ ਯਿਸੂ ਨੇ ਉਸ ਦੇ ਲਈ ਕਿੰਨੇ ਵੱਡੇ ਕੰਮ ਕੀਤੇ।
ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਨਵੰਬਰ 2 ਸਿਵਲ ਕੈਲੰਡਰ ਦਾ ਨਵੰਬਰ 15 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ