ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਕਤੂਬਰ 2026 › ਅਕਤੂਬਰ 7
ਆਰਥੋਡਾਕਸ ਕੈਲੰਡਰ · 24 ਸਤੰਬਰ (ਪੁਰਾਣਾ ਕੈਲੰਡਰ)
ਆਰਥੋਡਾਕਸ ਹਰ ਦਿਨ ਦੇ ਪਾਠ — 7 ਅਕਤੂਬਰ 2026
ਬੁੱਧਵਾਰ · ਪੰਤੇਕੁਸਤ ਤੋਂ ਬਾਅਦ 19ਵਾਂ ਹਫ਼ਤਾ · ਸੁਰ 1
ਤਿਉਹਾਰ ਅਤੇ ਸੰਤ
Protomartyr and Equal-to-the-Apostles Thekla (1st C)
ਵਰਤ ਦਾ ਦਿਨ
ਵਰਤ: ਤੇਲ ਨਾਲ
ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।
ਦਿਨ ਦੇ ਪਾਠ
ਪੱਤ੍ਰੀ
12ਹੇ ਭਰਾਵੋ, ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣੋ ਕਿ ਮੇਰੇ ਉੱਤੇ ਜੋ ਬੀਤਿਆ ਸੋ ਖੁਸ਼ਖਬਰੀ ਦੇ ਪ੍ਰਸਾਰ ਕਾਰਨ ਹੀ ਹੋਇਆ। 13ਇਥੋਂ ਤੱਕ ਜੋ ਪਾਤਸ਼ਾਹ ਦੀ ਸਾਰੀ ਪਲਟਣ ਅਤੇ ਹੋਰ ਸਭਨਾਂ ਉੱਤੇ ਉਜਾਗਰ ਹੋਇਆ ਭਈ ਮੇਰੇ ਬੰਧਨ ਮਸੀਹ ਦੇ ਲਈ ਹਨ। 14ਅਤੇ ਬਹੁਤੇ ਜੋ ਪ੍ਰਭੂ ਵਿੱਚ ਭਾਈ ਹਨ ਮੇਰੇ ਬੰਧਨਾਂ ਦੇ ਕਾਰਨ ਤਕੜੇ ਹੋ ਕੇ ਪਰਮੇਸ਼ੁਰ ਦਾ ਬਚਨ ਨਿਧੜਕ ਸੁਣਾਉਣ ਲਈ ਹੋਰ ਵੀ ਦਿਲੇਰ ਹੋ ਗਏ ਹਨ। 15ਕਈ ਤਾਂ ਖਾਰ ਅਤੇ ਝਗੜੇ ਨਾਲ ਅਤੇ ਕਈ ਭਲੀ ਮਨਸ਼ਾ ਨਾਲ ਵੀ ਮਸੀਹ ਦਾ ਪਰਚਾਰ ਕਰਦੇ ਹਨ। 16ਇਹ ਤਾਂ ਪਿਆਰ ਨਾਲ ਕਰਦੇ ਹਨ ਇਹ ਜਾਣ ਕੇ ਭਈ ਮੈਂ ਖੁਸ਼ਖਬਰੀ ਲਈ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ। 17ਪਰ ਓਹ ਨਿਸ਼ਕਪਟਤਾ ਨਾਲ ਨਹੀਂ ਸਗੋਂ ਧੜੇ ਬਾਜ਼ੀ ਨਾਲ ਮਸੀਹ ਦਾ ਪਰਚਾਰ ਕਰਦੇ ਹਨ, ਇਹ ਸਮਝ ਕੇ ਭਈ ਮੇਰੀਆਂ ਬੰਧਨਾਂ ਵਿੱਚ ਮੈਨੂੰ ਹੋਰ ਵੀ ਕਲੇਸ਼ ਪੁਚਾਉਣ। 18ਤਾਂ ਕੀ ਹੋਇਆ? ਭਾਵੇਂ ਬਹਾਨੇ ਭਾਵੇਂ ਸਚਿਆਈ ਨਾਲ ਹਰ ਤਰ੍ਹਾਂ ਮਸੀਹ ਦਾ ਪਰਚਾਰ ਹੁੰਦਾ ਹੈ ਅਤੇ ਮੈਂ ਇਸ ਕਾਰਨ ਖੁਸ਼ ਹਾਂ ਅਤੇ ਰਹਾਂਗਾ ਵੀ। 19ਕਿਉਂ ਜੋ ਮੈਂ ਜਾਣਦਾ ਹਾਂ ਕਿ ਤੁਹਾਡੀ ਬੇਨਤੀ ਤੋਂ ਅਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਤੋਂ ਮੇਰਾ ਇਨਾਮ ਮੁਕਤੀ ਹੋਵੇਗਾ। 20ਮੇਰੀ ਵੱਡੀ ਤਾਂਘ ਅਤੇ ਆਸ ਦੇ ਅਨੁਸਾਰ ਕਿ ਮੈਂ ਕਿਸੇ ਗੱਲ ਵਿੱਚ ਸ਼ਰਮਿੰਦਾ ਨਹੀਂ ਹੋਵਾਂਗਾ, ਸਗੋਂ ਪੂਰੀ ਦਲੇਰੀ ਨਾਲ ਜਿਵੇਂ ਮੇਰੀ ਦੇਹ ਵਿੱਚ ਮਸੀਹ ਦੀ ਵਡਿਆਈ ਹੁੰਦੀ ਆਈ ਹੈ, ਹੁਣ ਉਵੇਂ ਹੀ ਹੁੰਦੀ ਰਹੇ, ਭਾਵੇਂ ਮੈਂ ਜਿਉਂਦਾ ਰਹਾ ਜਾਂ ਮਰ ਜਾਂਵਾਂ।
ਪੱਤ੍ਰੀ (ਵੀਰਵਾਰ ਲਈ)
20ਮੇਰੀ ਵੱਡੀ ਤਾਂਘ ਅਤੇ ਆਸ ਦੇ ਅਨੁਸਾਰ ਕਿ ਮੈਂ ਕਿਸੇ ਗੱਲ ਵਿੱਚ ਸ਼ਰਮਿੰਦਾ ਨਹੀਂ ਹੋਵਾਂਗਾ, ਸਗੋਂ ਪੂਰੀ ਦਲੇਰੀ ਨਾਲ ਜਿਵੇਂ ਮੇਰੀ ਦੇਹ ਵਿੱਚ ਮਸੀਹ ਦੀ ਵਡਿਆਈ ਹੁੰਦੀ ਆਈ ਹੈ, ਹੁਣ ਉਵੇਂ ਹੀ ਹੁੰਦੀ ਰਹੇ, ਭਾਵੇਂ ਮੈਂ ਜਿਉਂਦਾ ਰਹਾ ਜਾਂ ਮਰ ਜਾਂਵਾਂ। 21ਕਿਉਂਕਿ ਜਿਉਣਾ ਮੇਰੇ ਲਈ ਮਸੀਹ ਹੈ ਅਤੇ ਮਰਨਾ ਲਾਭ ਹੈ। 22ਪਰ ਜੇ ਸਰੀਰ ਵਿੱਚ ਜਿਉਂਦਾ ਰਹਿਣਾ, ਜੇ ਇਸ ਤੋਂ ਮੈਨੂੰ ਮਿਹਨਤ ਦਾ ਫਲ ਪ੍ਰਾਪਤ ਹੋਵੇ ਤਾਂ ਮੈਂ ਨਹੀਂ ਜਾਣਦਾ ਜੋ ਮੈਂ ਕਿਸਨੂੰ ਚੁਣਾਂ। 23ਪਰ ਮੈਂ ਦੋਹਾਂ ਦੇ ਵਿਚਾਲੇ ਫਸਿਆ ਹੋਇਆ ਹਾਂ। ਮੈਂ ਚਾਹੁੰਦਾ ਹਾਂ ਭਈ ਛੁਟਕਾਰਾ ਪਾਵਾਂ ਅਤੇ ਮਸੀਹ ਦੇ ਕੋਲ ਜਾ ਰਹਾਂ ਕਿਉਂ ਜੋ ਇਹ ਬਹੁਤ ਹੀ ਉੱਤਮ ਹੈ। 24ਪਰ ਸਰੀਰ ਵਿੱਚ ਮੇਰਾ ਰਹਿਣਾ ਤੁਹਾਡੇ ਲਈ ਵਧੇਰੇ ਜ਼ਰੂਰੀ ਹੈ। 25ਅਤੇ ਇਸ ਗੱਲ ਦੀ ਪਰਤੀਤ ਹੋਣ ਕਰਕੇ ਮੈਂ ਜਾਣਦਾ ਹਾਂ ਜੋ ਮੈਂ ਜਿਉਂਦਾ ਰਹਾਂਗਾ ਅਤੇ ਤੁਸੀਂ ਸਭਨਾਂ ਦੇ ਨਾਲ ਠਹਿਰਾਂਗਾ ਜਿਸ ਕਰਕੇ ਵਿਸ਼ਵਾਸ ਵਿੱਚ ਤੁਹਾਡੀ ਉਨੱਤੀ ਅਤੇ ਅਨੰਦ ਹੋਵੇ। 26ਤਾਂ ਜੋ ਮਸੀਹ ਯਿਸੂ ਵਿੱਚ ਤੁਹਾਡਾ ਅਭਮਾਨ ਜੋ ਮੇਰੇ ਉੱਤੇ ਹੈ, ਉਹ ਤੁਹਾਡੇ ਕੋਲ ਮੇਰੇ ਫੇਰ ਆਉਣ ਕਰਕੇ ਵੱਧ ਜਾਵੇ। 27ਸਿਰਫ਼ ਤੁਸੀਂ ਮਸੀਹ ਦੀ ਖੁਸ਼ਖਬਰੀ ਦੇ ਯੋਗ ਚਾਲ ਚੱਲੋ ਜੋ ਮੈਂ ਭਾਵੇਂ ਆਣ ਕੇ ਤੁਹਾਨੂੰ ਵੇਖਾਂ ਭਾਵੇਂ ਤੁਹਾਡੇ ਤੋਂ ਦੂਰ ਹੋਵਾਂ, ਪਰ ਤੁਹਾਡੇ ਬਾਰੇ ਇਹ ਸੁਣਾਂ ਕਿ ਤੁਸੀਂ ਇੱਕੋ ਆਤਮਾ ਵਿੱਚ ਦ੍ਰਿੜ੍ਹ ਅਤੇ ਇੱਕੋ ਮਨ ਹੋ ਕੇ ਖੁਸ਼ਖਬਰੀ ਦੇ ਵਿਸ਼ਵਾਸ ਲਈ ਮਿਹਨਤ ਕਰਦੇ ਹੋ।
ਇੰਜੀਲ
1ਤਦ ਯਿਸੂ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ, ਯਰਦਨ ਨਦੀ ਤੋਂ ਮੁੜਿਆ ਅਤੇ ਆਤਮਾ ਦੀ ਅਗਵਾਈ ਨਾਲ 2ਚਾਲ੍ਹੀ ਦਿਨਾਂ ਤੱਕ ਉਜਾੜ ਵਿੱਚ ਫਿਰਦਾ ਰਿਹਾ ਅਤੇ ਸ਼ੈਤਾਨ ਉਸ ਨੂੰ ਪਰਤਾਉਂਦਾ ਸੀ ਅਤੇ ਉਨ੍ਹਾਂ ਦਿਨਾਂ ਵਿੱਚ ਉਸ ਨੇ ਵਰਤ ਰੱਖਿਆ ਅਤੇ ਜਦ ਉਹ ਦਿਨ ਪੂਰੇ ਹੋ ਗਏ ਤਾਂ ਉਸ ਨੂੰ ਭੁੱਖ ਲੱਗੀ। 3ਤਦ ਸ਼ੈਤਾਨ ਨੇ ਉਸ ਨੂੰ ਆਖਿਆ, ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਇਸ ਪੱਥਰ ਨੂੰ ਆਖ ਕਿ ਰੋਟੀ ਬਣ ਜਾਏ। 4ਯਿਸੂ ਨੇ ਉਸ ਨੂੰ ਉੱਤਰ ਦਿੱਤਾ ਕਿ ਲਿਖਿਆ ਹੈ ਕਿ ਮਨੁੱਖ ਸਿਰਫ਼ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ। 5ਤਾਂ ਸ਼ੈਤਾਨ ਉਸ ਨੂੰ ਪਹਾੜ ਦੀ ਚੋਟੀ ਉੱਤੇ ਲੈ ਗਿਆ ਅਤੇ ਉਸ ਨੂੰ ਸੰਸਾਰ ਦੀਆਂ ਸਾਰੀਆਂ ਪਾਤਸ਼ਾਹੀਆਂ ਇੱਕ ਪੱਲ ਵਿੱਚ ਵਿਖਾ ਕੇ, 6ਉਸ ਨੂੰ ਆਖਿਆ, ਮੈਂ ਇਹ ਸਾਰਾ ਅਧਿਕਾਰ ਅਤੇ ਉਨ੍ਹਾਂ ਦਾ ਪ੍ਰਤਾਪ ਤੈਨੂੰ ਦਿਆਂਗਾ ਕਿਉਂ ਜੋ ਇਹ ਮੇਰੇ ਵੱਸ ਵਿੱਚ ਕੀਤਾ ਹੋਇਆ ਹੈ ਅਤੇ ਜਿਸ ਨੂੰ ਚਾਹੁੰਦਾ, ਉਸ ਨੂੰ ਦਿੰਦਾ ਹਾਂ। 7ਇਸ ਲਈ ਜੇ ਤੂੰ ਝੁੱਕ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸਭ ਕੁਝ ਤੇਰਾ ਹੋਵੇਗਾ। 8ਯਿਸੂ ਨੇ ਉਸ ਨੂੰ ਉੱਤਰ ਦਿੱਤਾ ਇਹ ਲਿਖਿਆ ਹੈ ਕਿ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਦੀ ਬੰਦਗੀ ਕਰ ਅਤੇ ਉਸ ਇਕੱਲੇ ਦੀ ਸੇਵਾ ਹੀ ਕਰ। 9ਤਦ ਸ਼ੈਤਾਨ ਨੇ ਉਸ ਨੂੰ ਯਰੂਸ਼ਲਮ ਵਿੱਚ ਲੈ ਜਾ ਕੇ ਹੈਕਲ ਦੇ ਸ਼ਿਖਰ ਉੱਤੇ ਖੜ੍ਹਾ ਕੀਤਾ ਅਤੇ ਉਸ ਨੂੰ ਆਖਿਆ, “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਆਪਣੇ ਆਪ ਨੂੰ ਐਥੋਂ ਹੇਠਾਂ ਡੇਗ ਦੇ”। 10ਕਿਉਂਕਿ ਇਹ ਲਿਖਿਆ ਹੈ, ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਜੋ ਤੇਰੀ ਰੱਖਿਆ ਕਰਨ, 11ਅਤੇ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਤਾਂ ਜੋ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਨਾ ਲੱਗੇ। 12ਯਿਸੂ ਨੇ ਉਸ ਨੂੰ ਉੱਤਰ ਦਿੱਤਾ ਕਿ ਇਹ ਵੀ ਆਖਿਆ ਗਿਆ ਹੈ ਜੋ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਦੀ ਪ੍ਰੀਖਿਆ ਨਾ ਲੈ। 13ਜਦੋਂ ਸ਼ੈਤਾਨ ਉਸ ਨੂੰ ਪਰਖ ਚੁੱਕਿਆ ਤਾਂ ਕੁਝ ਸਮੇਂ ਤੱਕ ਉਸ ਕੋਲੋਂ ਦੂਰ ਰਿਹਾ। 14ਫਿਰ ਯਿਸੂ ਆਤਮਾ ਦੀ ਸਮਰੱਥਾ ਵਿੱਚ ਗਲੀਲ ਨੂੰ ਮੁੜਿਆ ਅਤੇ ਉਹ ਸਾਰੇ ਇਲਾਕੇ ਵਿੱਚ ਪ੍ਰਸਿੱਧ ਹੋ ਗਿਆ। 15ਅਤੇ ਉਹ ਉਨ੍ਹਾਂ ਦੇ ਪ੍ਰਾਰਥਨਾ ਘਰਾਂ ਵਿੱਚ ਉਪਦੇਸ਼ ਦਿੰਦਾ ਰਿਹਾ ਅਤੇ ਸਾਰੇ ਉਸ ਦੀ ਵਡਿਆਈ ਕਰਦੇ ਸਨ।
ਇੰਜੀਲ (ਵੀਰਵਾਰ ਲਈ)
16ਫੇਰ ਉਹ ਨਾਸਰਤ ਨੂੰ ਆਇਆ ਜਿੱਥੇ ਉਸਦਾ ਪਾਲਣ ਪੋਸ਼ਣ ਹੋਇਆ ਸੀ ਅਤੇ ਆਪਣੇ ਨੇਮ ਅਨੁਸਾਰ ਸਬਤ ਦੇ ਦਿਨ ਪ੍ਰਾਰਥਨਾ ਘਰ ਵਿੱਚ ਪੜ੍ਹਨ ਲਈ ਖੜ੍ਹਾ ਹੋਇਆ। 17ਅਤੇ ਯਸਾਯਾਹ ਨਬੀ ਦੀ ਪੁਸਤਕ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਪੁਸਤਕ ਖੋਲ੍ਹ ਕੇ ਉਸ ਪਾਠ ਤੋਂ ਪੜ੍ਹਿਆ ਜਿੱਥੇ ਇਹ ਲਿਖਿਆ ਹੋਇਆ ਸੀ - 18ਪ੍ਰਭੂ ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ, ਕਿਉਂ ਜੋ ਉਸ ਨੇ ਮੈਨੂੰ ਮਸਹ ਕੀਤਾ ਤਾਂ ਜੋ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। ਉਸ ਨੇ ਮੈਨੂੰ ਇਸ ਲਈ ਭੇਜਿਆ ਹੈ ਕਿ ਬੰਦੀਆਂ ਨੂੰ ਛੁਟਕਾਰੇ ਦਾ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪਰਚਾਰ ਕਰਾਂ ਅਤੇ ਦੱਬੇ-ਕੁਚਲੇ ਹੋਇਆਂ ਨੂੰ ਛੁਡਾਵਾਂ। 19ਅਤੇ ਪ੍ਰਭੂ ਦੇ ਮਨਭਾਉਂਦੇ ਸਾਲ ਦਾ ਪਰਚਾਰ ਕਰਾਂ। 20ਉਸ ਨੇ ਪੁਸਤਕ ਬੰਦ ਕਰ ਕੇ ਸੇਵਕ ਨੂੰ ਦਿੱਤੀ ਅਤੇ ਬੈਠ ਗਿਆ ਅਤੇ ਪ੍ਰਾਰਥਨਾ ਘਰ ਵਿੱਚ ਹਾਜ਼ਰ ਲੋਕਾਂ ਦੀਆਂ ਅੱਖਾਂ ਉਸ ਤੇ ਲੱਗੀਆਂ ਹੋਈਆਂ ਸਨ। 21ਤਦ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਇਹ ਲਿਖਤ ਅੱਜ ਤੁਹਾਡੇ ਸਾਹਮਣੇ ਪੂਰੀ ਹੋਈ ਹੈ। 22ਅਤੇ ਸਭ ਲੋਕਾਂ ਨੇ ਉਸ ਬਾਰੇ ਗਵਾਹੀ ਦਿੱਤੀ ਅਤੇ ਕਿਰਪਾ ਦੀਆਂ ਉਹਨਾਂ ਗੱਲਾਂ ਤੋਂ ਜੋ ਉਸ ਦੇ ਮੂੰਹੋਂ ਨਿੱਕਲਦੀਆਂ ਸਨ ਹੈਰਾਨ ਹੋ ਕੇ ਆਖਿਆ, ਕੀ ਇਹ ਯੂਸੁਫ਼ ਦਾ ਪੁੱਤਰ ਨਹੀਂ?
ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਸਤੰਬਰ 24 ਸਿਵਲ ਕੈਲੰਡਰ ਦਾ ਅਕਤੂਬਰ 7 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ