Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਗਸਤ 2027 › ਅਗਸਤ 5

ਆਰਥੋਡਾਕਸ ਕੈਲੰਡਰ · 23 ਜੁਲਾਈ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 5 ਅਗਸਤ 2027

ਵੀਰਵਾਰ · ਪੰਤੇਕੁਸਤ ਤੋਂ ਬਾਅਦ ਸੱਤਵਾਂ ਹਫ਼ਤਾ · ਸੁਰ 5

ਤਿਉਹਾਰ ਅਤੇ ਸੰਤ

Martyrs Trophymos, Theophilos and 13 others in Lycia (4th C)

ਵਰਤ

ਕੋਈ ਵਰਤ ਨਹੀਂ

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਪੱਤ੍ਰੀ

1 ਕੁਰਿੰਥੀ 7:24–35

24ਹੇ ਭਰਾਵੋ, ਹਰ ਕੋਈ ਜਿਸ ਹਾਲ ਵਿੱਚ ਸੱਦਿਆ ਗਿਆ ਉਸੇ ਵਿੱਚ ਪਰਮੇਸ਼ੁਰ ਦੇ ਅੱਗੇ ਠਹਿਰਿਆ ਰਹੇ। 25ਪਰ ਕੁਆਰੀਆਂ ਦੇ ਵਿਖੇ ਪ੍ਰਭੂ ਦੀ ਮੈਨੂੰ ਕੋਈ ਆਗਿਆ ਨਹੀਂ ਪਰ ਜਿਵੇਂ ਮੈਨੂੰ ਵਿਸ਼ਵਾਸਯੋਗ ਹੋਣ ਦੇ ਕਾਰਨ ਪ੍ਰਭੂ ਦੀ ਵੱਲੋਂ ਦਯਾ ਮਿਲੀ ਤਿਵੇਂ ਹੀ ਮੈਂ ਸਲਾਹ ਦਿੰਦਾ ਹਾਂ। 26ਸੋ ਮੈਨੂੰ ਇਹ ਚੰਗਾ ਲੱਗਦਾ ਹੈ ਕਿ ਵਰਤਮਾਨ ਕਸ਼ਟ ਦੇ ਕਾਰਨ ਮਨੁੱਖ ਲਈ ਇਹ ਭਲਾ ਹੈ ਭਈ ਉਹ ਉਵੇਂ ਹੀ ਰਹੇ। 27ਕੀ ਤੂੰ ਪਤਨੀ ਨਾਲ ਬੰਨ੍ਹਿਆ ਹੋਇਆ ਹੈਂ? ਤਾਂ ਛੁਟਕਾਰਾ ਨਾ ਲੱਭ। ਕੀ ਤੂੰ ਪਤਨੀ ਤੋਂ ਛੁੱਟਿਆ ਹੋਇਆ ਹੈਂ? ਤਾਂ ਪਤਨੀ ਦੀ ਭਾਲ ਨਾ ਕਰ। 28ਪਰ ਜੇ ਤੂੰ ਵਿਆਹ ਕਰ ਲਵੇਂ ਤਾਂ ਪਾਪ ਨਹੀਂ ਕਰਦਾ ਅਤੇ ਜੇ ਕੁਆਰੀ ਵਿਆਹੀ ਜਾਵੇ ਤਾਂ ਉਹ ਪਾਪ ਨਹੀਂ ਕਰਦੀ, ਪਰ ਅਜਿਹੇ ਲੋਕ ਸਰੀਰ ਵਿੱਚ ਦੁੱਖ ਭੋਗਣਗੇ ਅਤੇ ਮੈਂ ਤੁਹਾਨੂੰ ਬਚਾਉਣਾ ਚਾਹੁੰਦਾ ਹਾਂ। 29ਹੇ ਭਰਾਵੋ, ਮੈਂ ਇਹ ਆਖਦਾ ਹਾਂ ਜੋ ਸਮਾਂ ਘਟਾਇਆ ਗਿਆ ਹੈ, ਇਸ ਤੋਂ ਅੱਗੇ ਪਤਨੀ ਵਾਲੇ ਅਜਿਹੇ ਹੋਣ ਕਿ ਜਿਵੇਂ ਉਨ੍ਹਾਂ ਦੀਆਂ ਪਤਨੀਆਂ ਨਹੀਂ ਹਨ। 30ਅਤੇ ਰੋਣ ਵਾਲੇ ਅਜਿਹੇ ਹੋਣ ਕਿ ਉਹ ਨਹੀਂ ਰੋਂਦੇ ਅਤੇ ਅਨੰਦ ਕਰਨ ਵਾਲੇ ਅਜਿਹੇ ਕਿ ਉਹ ਅਨੰਦ ਨਹੀਂ ਕਰਦੇ ਅਤੇ ਮੁੱਲ ਲੈਣ ਵਾਲੇ ਕਿ ਉਨ੍ਹਾਂ ਦੇ ਕੋਲ ਮਾਲ ਨਹੀਂ ਹੈ। 31ਅਤੇ ਸੰਸਾਰ ਨੂੰ ਵਰਤਣ ਵਾਲੇ ਕਿ ਹੱਦੋਂ ਵੱਧਕੇ ਨਹੀਂ ਵਰਤਦੇ ਕਿਉਂ ਜੋ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ। 32ਪਰ ਮੈਂ ਇਹ ਚਾਹੁੰਦਾ ਹਾਂ ਜੋ ਤੁਸੀਂ ਬੇਫ਼ਿਕਰ ਰਹੋ। ਅਣਵਿਆਹਿਆਂ ਆਦਮੀ ਪ੍ਰਭੂ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਕਿ ਉਹ ਪ੍ਰਭੂ ਨੂੰ ਕਿਵੇਂ ਪਰਸੰਨ ਕਰੇ। 33ਪਰ ਵਿਆਹਿਆ ਹੋਇਆ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ, ਜੋ ਆਪਣੀ ਪਤਨੀ ਨੂੰ ਕਿਵੇਂ ਪਰਸੰਨ ਕਰੇ। 34ਅਤੇ ਉਹ ਦੁਬਧਾ ਵਿੱਚ ਪਿਆ ਰਹਿੰਦਾ ਹੈ। ਅਣਵਿਆਹੀ ਔਰਤ ਜਾਂ ਕੁਆਰੀ ਪ੍ਰਭੂ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਭਈ ਉਹ ਦੇਹ ਅਤੇ ਆਤਮਾ ਵਿੱਚ ਪਵਿੱਤਰ ਹੋਵੇ, ਪਰ ਜਿਹੜੀ ਵਿਆਹੀ ਹੈ ਉਹ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਜੋ ਆਪਣੇ ਪਤੀ ਨੂੰ ਕਿਵੇਂ ਪਰਸੰਨ ਕਰੇ। 35ਅਤੇ ਮੈਂ ਤੁਹਾਡੇ ਆਪਣੇ ਹੀ ਭਲੇ ਲਈ ਇਹ ਆਖਦਾ ਹਾਂ, ਨਾ ਇਸ ਲਈ ਜੋ ਤੁਹਾਡੇ ਉੱਤੇ ਬੰਦਿਸ਼ ਪਾਵਾਂ ਸਗੋਂ ਇਸ ਲਈ ਜੋ ਯੋਗ ਕੰਮ ਕੀਤਾ ਜਾਵੇ, ਨਾਲੇ ਤੁਸੀਂ ਬਿਨ੍ਹਾਂ ਘਬਰਾਏ ਪ੍ਰਭੂ ਦੀ ਸੇਵਾ ਵਿੱਚ ਲੱਗੇ ਰਹੋ।

ਇੰਜੀਲ

ਮੱਤੀ 15:12–21

12ਤਦ ਚੇਲਿਆਂ ਨੇ ਕੋਲ ਆ ਕੇ ਉਸ ਨੂੰ ਆਖਿਆ, ਕੀ, ਤੁਸੀਂ ਜਾਣਦੇ ਹੋ ਕਿ ਫ਼ਰੀਸੀਆਂ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ ਹੈ? 13ਉਸ ਨੇ ਉੱਤਰ ਦਿੱਤਾ ਕਿ ਹਰੇਕ ਬੂਟਾ ਜੋ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ, ਸੋ ਜੜ੍ਹੋਂ ਪੁੱਟਿਆ ਜਾਵੇਗਾ। 14ਉਨ੍ਹਾਂ ਨੂੰ ਜਾਣ ਦਿਓ, ਉਹ ਅੰਨ੍ਹੇ ਆਗੂ ਹਨ ਅਤੇ ਜੇ ਅੰਨ੍ਹਾ ਅੰਨ੍ਹੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ। 15ਤਦ ਪਤਰਸ ਨੇ ਉਸ ਨੂੰ ਆਖਿਆ ਕਿ ਇਸ ਦ੍ਰਿਸ਼ਟਾਂਤ ਦਾ ਅਰਥ ਸਾਨੂੰ ਦੱਸ। 16ਉਸ ਨੇ ਕਿਹਾ, ਭਲਾ, ਤੁਸੀਂ ਵੀ ਅਜੇ ਨਿਰਬੁੱਧ ਹੋ? 17ਕੀ ਤੁਸੀਂ ਨਹੀਂ ਸਮਝਦੇ, ਕਿ ਸਭ ਕੁਝ ਜੋ ਮੂੰਹ ਵਿੱਚ ਜਾਂਦਾ ਹੈ ਸੋ ਪੇਟ ਵਿੱਚ ਪੈਂਦਾ ਅਤੇ ਬਾਹਰ ਕੱਢਿਆ ਜਾਂਦਾ ਹੈ? 18ਪਰ ਜਿਹੜੀਆਂ ਗੱਲਾਂ ਮੂੰਹ ਵਿੱਚੋਂ ਨਿੱਕਲਦੀਆਂ ਹਨ ਉਹ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਉਹੀ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ। 19ਕਿਉਂਕਿ ਬੁਰੇ ਖ਼ਿਆਲ, ਖੂਨ, ਹਰਾਮਕਾਰੀ, ਵਿਭਚਾਰ, ਚੋਰੀਆਂ, ਝੂਠੀਆਂ ਗਵਾਹੀਆਂ ਅਤੇ ਨਿੰਦਿਆ ਦਿਲ ਵਿੱਚੋਂ ਨਿੱਕਲਦੇ ਹਨ। 20ਇਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ, ਪਰ ਹੱਥ ਧੋਤੇ ਬਿਨ੍ਹਾਂ ਰੋਟੀ ਖਾਣੀ ਮਨੁੱਖ ਨੂੰ ਅਸ਼ੁੱਧ ਨਹੀਂ ਕਰਦੀ। 21ਯਿਸੂ ਉੱਥੋਂ ਚੱਲ ਕੇ ਸੂਰ ਅਤੇ ਸੈਦਾ ਦੇ ਇਲਾਕੇ ਵਿੱਚ ਗਿਆ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਜੁਲਾਈ 23 ਸਿਵਲ ਕੈਲੰਡਰ ਦਾ ਅਗਸਤ 5 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ