Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਮਾਰਚ 2027 › ਮਾਰਚ 28

ਕੈਥੋਲਿਕ ਕੈਲੰਡਰ

ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 28 ਮਾਰਚ 2027

ਐਤਵਾਰ · ਪਾਸਕਾ ਦਾ ਅੱਠਵਾਰਾ

ਤਿਉਹਾਰ ਅਤੇ ਸੰਤ

ਪਾਸਕਾ (ਈਸਟਰ) ਐਤਵਾਰ — ਪ੍ਰਭੂ ਦਾ ਜੀ ਉੱਠਣਾ

ਮਹਾਂ-ਤਿਉਹਾਰ · ਉਪਾਸਨਾ ਦਾ ਰੰਗ: ਚਿੱਟਾ

ਦਿਨ ਦੇ ਪਾਠ

ਪਹਿਲਾ ਪਾਠ

ਰਸੂਲਾਂ 10:34, 37–43

34ਤਦ ਪਤਰਸ ਨੇ ਆਖਿਆ, ਮੈਂ ਸੱਚ-ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। 37ਤੁਸੀਂ ਆਪ ਹੀ ਉਸ ਬਚਨ ਨੂੰ ਜਾਣਦੇ ਹੋ ਜਿਹੜਾ ਯੂਹੰਨਾ ਦੇ ਬਪਤਿਸਮੇ ਦੇ ਪਰਚਾਰ ਤੋਂ ਬਾਅਦ, ਗਲੀਲ ਤੋਂ ਸਾਰੇ ਯਹੂਦਿਯਾ ਵਿੱਚ ਫੈਲ ਗਿਆ। 38ਤੁਸੀਂ ਯਿਸੂ ਮਸੀਹ ਨਾਸਰੀ ਨੂੰ ਜਾਣਦੇ ਹੋ, ਕਿਵੇਂ ਪਰਮੇਸ਼ੁਰ ਨੇ ਉਹ ਨੂੰ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ, ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ੈਤਾਨ ਦੇ ਜਕੜੇ ਹੋਏ ਸਨ, ਚੰਗਾ ਕਰਦਾ ਫਿਰਿਆ ਕਿਉਂ ਜੋ ਪਰਮੇਸ਼ੁਰ ਉਹ ਦੇ ਨਾਲ ਸੀ। 39ਅਸੀਂ ਉਨ੍ਹਾਂ ਸਭਨਾਂ ਕੰਮਾਂ ਦੇ ਗਵਾਹ ਹਾਂ ਜਿਹੜੇ ਉਹ ਨੇ ਯਹੂਦੀਆਂ ਦੇ ਦੇਸ ਅਤੇ ਯਰੂਸ਼ਲਮ ਵਿੱਚ ਕੀਤੇ ਅਤੇ ਉਨ੍ਹਾਂ ਨੇ ਉਹ ਨੂੰ ਰੁੱਖ ਉੱਤੇ ਲਟਕਾ ਕੇ ਮਾਰ ਸੁੱਟਿਆ। 40ਉਹ ਨੂੰ ਪਰਮੇਸ਼ੁਰ ਨੇ ਤੀਜੇ ਦਿਨ ਮੁਰਦਿਆਂ ਵਿੱਚੋਂ ਜਿਉਂਦਾ ਕਰ ਕੇ ਉਹਨਾਂ ਤੇ ਪਰਗਟ ਕੀਤਾ। 41ਸਭਨਾਂ ਲੋਕਾਂ ਉੱਤੇ ਨਹੀਂ, ਪਰ ਉਨ੍ਹਾਂ ਗਵਾਹਾਂ ਉੱਤੇ ਜਿਹੜੇ ਪਹਿਲਾਂ ਤੋਂ ਹੀ ਪਰਮੇਸ਼ੁਰ ਦੇ ਚੁਣੇ ਹੋਏ ਸਨ ਅਰਥਾਤ ਸਾਡੇ ਉੱਤੇ ਜਿਨ੍ਹਾਂ ਉਹ ਨੂੰ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਿੱਛੋਂ, ਉਸ ਦੇ ਨਾਲ ਖਾਧਾ ਪੀਤਾ। 42ਅਤੇ ਉਹ ਨੇ ਸਾਨੂੰ ਆਗਿਆ ਦਿੱਤੀ ਕਿ ਲੋਕਾਂ ਦੇ ਅੱਗੇ ਪਰਚਾਰ ਕਰੋ ਅਤੇ ਗਵਾਹੀ ਦਿਓ ਜੋ ਇਹ ਉਹੋ ਹੈ, ਜਿਹੜਾ ਪਰਮੇਸ਼ੁਰ ਦੀ ਵੱਲੋਂ ਠਹਿਰਾਇਆ ਹੋਇਆ ਹੈ ਭਈ ਜਿਉਂਦਿਆਂ ਅਤੇ ਮਰਿਆਂ ਦਾ ਨਿਆਂ ਕਰੇ। 43ਉਹ ਦੇ ਬਾਰੇ ਸਭ ਨਬੀ ਗਵਾਹੀ ਦਿੰਦੇ ਹਨ ਕਿ ਜੋ ਕੋਈ ਉਹ ਦੇ ਉੱਤੇ ਵਿਸ਼ਵਾਸ ਕਰੇ ਸੋ ਉਹ ਦੇ ਨਾਮ ਕਰਕੇ ਪਾਪਾਂ ਦੀ ਮਾਫ਼ੀ ਪਾਵੇਗਾ।

ਜਵਾਬੀ ਭਜਨ

ਜ਼ਬੂ 118:1–2, 16–17, 22–23

1ਯਹੋਵਾਹ ਦਾ ਧੰਨਵਾਦ ਕਰੋ ਕਿ ਉਹ ਭਲਾ ਹੈ, ਉਹ ਦੀ ਦਯਾ ਤਾਂ ਸਦੀਪਕ ਹੈ! 2ਇਸਰਾਏਲ ਵੀ ਆਖੇ, ਕਿ ਉਹ ਦੀ ਦਯਾ ਸਦੀਪਕ ਹੈ। 16ਯਹੋਵਾਹ ਦਾ ਸੱਜਾ ਹੱਥ ਉੱਚਾ ਹੋਇਆ ਹੈ, ਯਹੋਵਾਹ ਦਾ ਸੱਜਾ ਹੱਥ ਸੂਰਮਗਤੀ ਕਰਦਾ ਹੈ। 17ਮੈਂ ਮਰਾਂਗਾ ਨਹੀਂ ਸਗੋਂ ਮੈਂ ਜੀਆਂਗਾ, ਅਤੇ ਯਹੋਵਾਹ ਦੇ ਕੰਮਾਂ ਦਾ ਵਰਣਨ ਕਰਾਂਗਾ। 22ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ। 23ਇਹ ਯਹੋਵਾਹ ਦੀ ਵੱਲੋਂ ਹੈ, ਅਤੇ ਸਾਡੀ ਨਜ਼ਰ ਵਿੱਚ ਅਚਰਜ਼ ਹੈ।

ਦੂਜਾ ਪਾਠ

ਕੁਲੁੱ 3:1–4

ਜਾਂ: 1 ਕੁਰਿੰਥੀ 5:6–8

1ਸੋ ਜੇ ਤੁਸੀਂ ਮਸੀਹ ਦੇ ਨਾਲ ਜਿਉਂਦੇ ਕੀਤੇ ਗਏ ਤਾਂ ਉਤਾਹਾਂ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ ਜਿੱਥੇ ਮਸੀਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੈ। 2ਉਤਾਹਾਂ ਦੀਆਂ ਗੱਲਾਂ ਉੱਤੇ ਮਨ ਲਾਓ, ਨਾ ਉਨ੍ਹਾਂ ਉੱਤੇ ਜਿਹੜੀਆਂ ਧਰਤੀ ਤੇ ਹਨ। 3ਕਿਉਂ ਜੋ ਤੁਸੀਂ ਮਰ ਗਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ੁਰ ਵਿੱਚ ਗੁਪਤ ਹੋਇਆ ਹੈ। 4ਜਿਸ ਵੇਲੇ ਮਸੀਹ ਜੋ ਸਾਡਾ ਜੀਵਨ ਹੈ ਪਰਗਟ ਕੀਤਾ ਜਾਵੇਗਾ ਉਸ ਵੇਲੇ ਤੁਸੀਂ ਵੀ ਉਹ ਦੇ ਨਾਲ ਮਹਿਮਾ ਵਿੱਚ ਪਰਗਟ ਕੀਤੇ ਜਾਓਗੇ।

ਇੰਜੀਲ

ਯੂਹ 20:1–9

1ਹਫ਼ਤੇ ਦੇ ਪਹਿਲੇ ਦਿਨ, ਤੜਕੇ ਮਰਿਯਮ ਮਗਦਲੀਨੀ ਕਬਰ ਕੋਲ ਗਈ, ਜਿੱਥੇ ਯਿਸੂ ਦਾ ਸਰੀਰ ਪਿਆ ਹੋਇਆ ਸੀ। ਅਜੇ ਹਨ੍ਹੇਰਾ ਹੀ ਸੀ। ਉਸ ਨੇ ਵੇਖਿਆ ਜਿਸ ਪੱਥਰ ਨਾਲ ਕਬਰ ਬੰਦ ਸੀ ਉਹ ਪਰੇ ਕੀਤਾ ਹੋਇਆ ਸੀ। 2ਤਾਂ ਮਰਿਯਮ ਭੱਜਦੀ ਹੋਈ ਸ਼ਮਊਨ ਪਤਰਸ ਅਤੇ ਦੂਜੇ ਚੇਲੇ ਨੂੰ ਜਿਸ ਨੂੰ ਯਿਸੂ ਪਿਆਰ ਕਰਦਾ ਸੀ, ਕੋਲ ਗਈ। ਉਸ ਨੇ ਉਨ੍ਹਾਂ ਨੂੰ ਆਖਿਆ, “ਉਨ੍ਹਾਂ ਨੇ ਪ੍ਰਭੂ ਨੂੰ ਕਬਰ ਵਿੱਚੋਂ ਕੱਢ ਲਿਆ ਹੈ ਅਤੇ ਅਸੀਂ ਨਹੀਂ ਜਾਣਦੇ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ?” 3ਤਾਂ ਪਤਰਸ ਅਤੇ ਦੂਜਾ ਚੇਲਾ ਕਬਰ ਵੱਲ ਗਏ। 4ਉਹ ਦੋਵੇਂ ਭੱਜ ਰਹੇ ਸਨ ਪਰ ਦੂਜਾ ਚੇਲਾ ਪਤਰਸ ਨਾਲੋਂ ਤੇਜ ਭੱਜ ਰਿਹਾ ਸੀ ਅਤੇ ਕਬਰ ਕੋਲ ਪਹਿਲਾਂ ਪਹੁੰਚ ਗਿਆ। 5ਇਸ ਨੇ ਥੱਲੇ ਝੁੱਕ ਕੇ ਅੰਦਰ ਵੇਖਿਆ ਤਾਂ ਉਸ ਨੇ ਉਹਦਾ ਕਫ਼ਨ ਪਿਆ ਵੇਖਿਆ, ਪਰ ਉਹ ਅੰਦਰ ਨਾ ਗਿਆ। 6ਤਦ ਸ਼ਮਊਨ ਪਤਰਸ ਵੀ ਉਸ ਦੇ ਮਗਰ ਆ ਪਹੁੰਚਾ ਅਤੇ ਉਹ ਕਬਰ ਦੇ ਅੰਦਰ ਵੜ ਗਿਆ ਉਸ ਨੇ ਵੀ ਉੱਥੇ ਕਫ਼ਨ ਪਿਆ ਵੇਖਿਆ। 7ਉਸ ਨੇ ਉਹ ਕੱਪੜਾ ਵੀ ਵੇਖਿਆ ਜਿਹੜਾ ਯਿਸੂ ਦੇ ਸਿਰ ਤੇ ਲਪੇਟਿਆ ਹੋਇਆ ਸੀ। ਅਤੇ ਉਹ ਕੱਪੜਾ ਤਹਿ ਕਰਕੇ ਉਸ ਕਫ਼ਨ ਤੋਂ ਹੱਟ ਕੇ ਇੱਕ ਪਾਸੇ ਪਿਆ ਹੋਇਆ ਸੀ। 8ਫਿਰ ਦੂਜਾ ਚੇਲਾ ਵੀ ਅੰਦਰ ਗਿਆ ਇਹ ਉਹ ਚੇਲਾ ਸੀ ਜਿਹੜਾ ਕਿ ਕਬਰ ਉੱਤੇ ਪਤਰਸ ਤੋਂ ਪਹਿਲਾਂ ਪਹੁੰਚਿਆ ਸੀ। ਜਦ ਉਸ ਨੇ ਇਹ ਸਭ ਹੋਇਆ ਵੇਖਿਆ ਤਾਂ ਉਸ ਨੂੰ ਵਿਸ਼ਵਾਸ ਹੋਇਆ। 9ਉਹ ਚੇਲੇ ਉਦੋਂ ਤੱਕ ਇਹ ਨਾ ਸਮਝ ਸਕੇ ਸਨ ਕਿ ਪੋਥੀਆਂ ਵਿੱਚ ਕੀ ਲਿਖਿਆ ਹੋਇਆ ਸੀ, ਕਿ ਯਿਸੂ ਮੁਰਦਿਆਂ ਚੋਂ ਜੀ ਉੱਠੇਗਾ।

ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ