Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਜਨਵਰੀ 2027 › ਜਨਵਰੀ 19

ਆਰਥੋਡਾਕਸ ਕੈਲੰਡਰ · 6 ਜਨਵਰੀ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 19 ਜਨਵਰੀ 2027

ਮੰਗਲਵਾਰ · ਪੰਤੇਕੁਸਤ ਤੋਂ ਬਾਅਦ 34ਵਾਂ ਹਫ਼ਤਾ · ਸੁਰ 8

ਤਿਉਹਾਰ ਅਤੇ ਸੰਤ

Holy Theophany: the Baptism of Our Lord, God, and Saviour Jesus Christ

ਵਰਤ

ਕੋਈ ਵਰਤ ਨਹੀਂ

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਸਵੇਰ ਦੀ ਪ੍ਰਾਰਥਨਾ: ਇੰਜੀਲ

ਮਰਕੁ 1:9–11

9ਉਨ੍ਹਾਂ ਦਿਨਾਂ ਵਿੱਚ ਅਜਿਹਾ ਹੋਇਆ ਜੋ ਯਿਸੂ ਨੇ ਗਲੀਲ ਦੇ ਨਾਸਰਤ ਤੋਂ ਆਣ ਕੇ ਯਰਦਨ ਨਦੀ ਵਿੱਚ ਯੂਹੰਨਾ ਦੇ ਹੱਥੋਂ ਬਪਤਿਸਮਾ ਲਿਆ। 10ਅਤੇ ਪਾਣੀ ਵਿੱਚੋਂ ਨਿੱਕਲਦੇ ਸਾਰ ਉਸ ਨੇ ਅਕਾਸ਼ ਨੂੰ ਖੁੱਲਦਿਆਂ ਅਤੇ ਪਵਿੱਤਰ ਆਤਮਾ ਨੂੰ ਆਪਣੇ ਉੱਤੇ ਘੁੱਗੀ ਵਾਂਗੂੰ ਉੱਤਰਦਿਆਂ ਵੇਖਿਆ। 11ਅਤੇ ਇੱਕ ਸਵਰਗੀ ਬਾਣੀ ਆਈ ਜੋ ਤੂੰ ਮੇਰਾ ਪਿਆਰਾ ਪੁੱਤਰ ਹੈਂ, ਤੇਰੇ ਤੋਂ ਮੈਂ ਖੁਸ਼ ਹਾਂ।

ਪੱਤ੍ਰੀ (ਥਿਓਫ਼ਨੀ ਲਈ)

ਤੀਤੁ 2:11–14; 3:4–7

11ਕਿਉਂ ਜੋ ਪਰਮੇਸ਼ੁਰ ਦੀ ਕਿਰਪਾ ਸਭਨਾਂ ਮਨੁੱਖਾਂ ਦੀ ਮੁਕਤੀ ਲਈ ਪਰਗਟ ਹੋਈ। 12ਅਤੇ ਇਹ ਕਿਰਪਾ ਸਾਨੂੰ ਚਿਤਾਵਨੀ ਦਿੰਦੀ ਹੈ ਕਿ ਅਸੀਂ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫਿਰਾ ਕੇ ਇਸ ਵਰਤਮਾਨ ਸਮੇਂ ਵਿੱਚ ਸਮਝ, ਧਾਰਮਿਕਤਾ ਅਤੇ ਭਗਤੀ ਨਾਲ ਜ਼ਿੰਦਗੀ ਨੂੰ ਬਤੀਤ ਕਰੀਏ। 13ਅਤੇ ਉਸ ਪਵਿੱਤਰ ਆਸ ਦੀ ਅਤੇ ਆਪਣੇ ਮਹਾਨ ਪਰਮੇਸ਼ੁਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੀ ਮਹਿਮਾ ਦੇ ਪਰਗਟ ਹੋਣ ਦੀ ਉਡੀਕ ਕਰੀਏ। 14ਜਿਸ ਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਕਿ ਸਾਰੇ ਕੁਧਰਮ ਤੋਂ ਸਾਡਾ ਛੁਟਕਾਰਾ ਕਰੇ ਅਤੇ ਆਪਣੇ ਲਈ ਇੱਕ ਖ਼ਾਸ ਕੌਮ ਨੂੰ ਪਵਿੱਤਰ ਕਰੇ ਜੋ ਭਲੇ ਕੰਮਾਂ ਵਿੱਚ ਲੱਗੀ ਰਹੇ। 3:4ਪਰ ਜਦੋਂ ਸਾਡੇ ਮੁਕਤੀਦਾਤਾ ਪਰਮੇਸ਼ੁਰ ਦੀ ਕਿਰਪਾ ਅਤੇ ਪਿਆਰ ਜੋ ਮਨੁੱਖਾਂ ਦੇ ਨਾਲ ਸੀ, ਸਾਡੇ ਉੱਤੇ ਪਰਗਟ ਹੋਇਆ। 5ਤਾਂ ਉਸ ਨੇ ਧਾਰਮਿਕਤਾ ਦੇ ਕੰਮਾਂ ਕਰਕੇ ਨਹੀਂ ਜੋ ਅਸੀਂ ਕੀਤੇ ਸਗੋਂ ਆਪਣੀ ਦਯਾ ਦੇ ਅਨੁਸਾਰ ਨਵੇਂ ਜਨਮ ਦੇ ਇਸ਼ਨਾਨ ਅਤੇ ਪਵਿੱਤਰ ਆਤਮਾ ਵਿੱਚ ਨਵੀਨੀਕਰਨ ਦੁਆਰਾ ਨਵੇਂ ਜਨਮ ਦੇ ਰਾਹੀਂ ਸਾਨੂੰ ਬਚਾਇਆ। 6ਜਿਸ ਨੂੰ ਉਸ ਨੇ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਦੁਆਰਾ ਸਾਡੇ ਉੱਤੇ ਵਧੇਰੇ ਵਹਾਇਆ। 7ਤਾਂ ਜੋ ਅਸੀਂ ਉਸ ਦੀ ਕਿਰਪਾ ਨਾਲ ਧਰਮੀ ਠਹਿਰ ਕੇ ਸਦੀਪਕ ਜੀਵਨ ਦੀ ਆਸ ਵਿੱਚ ਵਾਰਿਸ ਹੋਈਏ।

ਇੰਜੀਲ (ਥਿਓਫ਼ਨੀ ਲਈ)

ਮੱਤੀ 3:13–17

13ਤਦ ਯਿਸੂ ਗਲੀਲ ਤੋਂ ਯਰਦਨ ਦੇ ਕੰਢੇ, ਯੂਹੰਨਾ ਕੋਲ ਉਸ ਦੇ ਹੱਥੋਂ ਬਪਤਿਸਮਾ ਲੈਣ ਨੂੰ ਆਇਆ। 14ਪਰ ਯੂਹੰਨਾ ਨੇ ਇਹ ਕਹਿ ਕਿ ਉਸ ਨੂੰ ਰੋਕਿਆ, ਕਿ ਮੈਨੂੰ ਤਾਂ ਤੇਰੇ ਕੋਲੋਂ ਬਪਤਿਸਮਾ ਲੈਣ ਦੀ ਜ਼ਰੂਰਤ ਹੈ ਪਰ ਤੂੰ ਮੇਰੇ ਕੋਲ ਆਇਆ ਹੈਂ? 15ਪਰ ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਹੁਣ ਅਜਿਹਾ ਹੋਣਾ ਯੋਗ ਹੈ ਜੋ ਸਾਰੀ ਧਾਰਮਿਕਤਾ ਨੂੰ ਇਸੇ ਤਰ੍ਹਾਂ ਪੂਰਾ ਕਰੀਏ। ਤਦ ਉਸ ਨੇ ਅਜਿਹਾ ਹੋਣ ਦਿੱਤਾ। 16ਜਦ ਯਿਸੂ ਬਪਤਿਸਮਾ ਲੈਣ ਤੋਂ ਬਾਅਦ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ, ਅਕਾਸ਼ ਉਹ ਦੇ ਲਈ ਖੁੱਲ੍ਹ ਗਿਆ ਅਤੇ ਉਹ ਨੇ ਪਰਮੇਸ਼ੁਰ ਦਾ ਆਤਮਾ ਘੁੱਗੀ ਵਾਂਗੂੰ ਉੱਤਰਦਿਆਂ ਅਤੇ ਆਪਣੇ ਉੱਤੇ ਆਉਂਦਿਆਂ ਦੇਖਿਆ। 17ਅਤੇ ਵੇਖੋ ਇਹ ਸਵਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਖੁਸ਼ ਹਾਂ।

ਪਾਣੀਆਂ ਦੀ ਵੱਡੀ ਬਰਕਤ

ਯਸਾ 35:1–10

1ਉਜਾੜ ਅਤੇ ਥਲ ਦੇਸ ਖੁਸ਼ੀ ਮਨਾਉਣਗੇ, ਰੜਾ ਮੈਦਾਨ ਬਾਗ-ਬਾਗ ਹੋਵੇਗਾ, ਅਤੇ ਨਰਗਸ ਵਾਂਗੂੰ ਖਿੜੇਗਾ। 2ਉਹ ਬਹੁਤਾ ਖਿੜੇਗਾ, ਅਤੇ ਖੁਸ਼ੀ ਤੇ ਜੈਕਾਰਿਆਂ ਨਾਲ ਬਾਗ-ਬਾਗ ਹੋਵੇਗਾ, ਲਬਾਨੋਨ ਦੀ ਸ਼ੋਭਾ, ਕਰਮਲ ਅਤੇ ਸ਼ਾਰੋਨ ਦੀ ਸ਼ਾਨ ਉਹ ਨੂੰ ਦਿੱਤੀ ਜਾਵੇਗੀ, ਉਹ ਯਹੋਵਾਹ ਦਾ ਪਰਤਾਪ, ਸਾਡੇ ਪਰਮੇਸ਼ੁਰ ਦੀ ਸ਼ਾਨ ਵੇਖਣਗੇ। 3ਢਿੱਲੇ ਹੱਥਾਂ ਨੂੰ ਤਕੜੇ ਕਰੋ, ਅਤੇ ਕੰਬਦੇ ਗੋਡਿਆਂ ਨੂੰ ਮਜ਼ਬੂਤ ਕਰੋ! 4ਘਬਰਾਉਂਦੇ ਦਿਲ ਵਾਲਿਆਂ ਨੂੰ ਆਖੋ, ਤਕੜੇ ਹੋਵੋ! ਨਾ ਡਰੋ! ਆਪਣੇ ਪਰਮੇਸ਼ੁਰ ਨੂੰ ਵੇਖੋ! ਉਹ ਬਦਲਾ ਲੈਣ ਲਈ, ਅਤੇ ਫਲ ਦੇਣ ਲਈ ਆ ਰਿਹਾ, ਉਹ ਆਵੇਗਾ ਅਤੇ ਤੁਹਾਨੂੰ ਬਚਾਵੇਗਾ। 5ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲ਼ਿਆਂ ਦੇ ਕੰਨ ਖੁੱਲ੍ਹ ਜਾਣਗੇ। 6ਤਦ ਲੰਗੜਾ ਹਿਰਨ ਵਾਂਗੂੰ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ, ਕਿਉਂ ਜੋ ਉਜਾੜ ਵਿੱਚ ਪਾਣੀ, ਅਤੇ ਰੜੇ ਮੈਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ। 7ਤੱਪਦੀ ਰੇਤ ਤਲਾਬ ਬਣ ਜਾਵੇਗੀ, ਅਤੇ ਤਿਹਾਈ ਜ਼ਮੀਨ ਪਾਣੀ ਦੇ ਸੁੰਬ। ਜਿਹੜੇ ਟਿਕਾਣਿਆਂ ਵਿੱਚ ਗਿੱਦੜ ਬੈਠਦੇ ਸਨ, ਉੱਥੇ ਘਾਹ, ਕਾਨੇ ਅਤੇ ਦਬ ਹੋਣਗੇ। 8ਉੱਥੇ ਇੱਕ ਸ਼ਾਹੀ ਮਾਰਗ ਹੋਵੇਗਾ, ਅਤੇ ਉਹ ਮਾਰਗ “ਪਵਿੱਤਰ ਮਾਰਗ” ਕਹਾਵੇਗਾ, ਕੋਈ ਅਸ਼ੁੱਧ ਉਹ ਦੇ ਉੱਤੋਂ ਦੀ ਨਹੀਂ ਲੰਘੇਗਾ, ਉਹ ਮਾਰਗ ਛੁਡਾਏ ਹੋਇਆਂ ਦੇ ਲਈ ਹੋਵੇਗਾ। ਉਸ ਉੱਤੇ ਚੱਲਣ ਵਾਲੇ ਭਾਵੇਂ ਮੂਰਖ ਹੋਣ, ਤਾਂ ਵੀ ਕੁਰਾਹੇ ਨਾ ਪੈਣਗੇ। 9ਉੱਥੇ ਕੋਈ ਬੱਬਰ ਸ਼ੇਰ ਨਹੀਂ ਹੋਵੇਗਾ, ਕੋਈ ਪਾੜਨ ਵਾਲਾ ਜਾਨਵਰ ਉਸ ਉੱਤੇ ਨਾ ਚੜ੍ਹੇਗਾ, ਉਹ ਉੱਥੇ ਨਾ ਲੱਭਣਗੇ, ਪਰ ਛੁਡਾਏ ਹੋਏ ਉੱਥੇ ਹਮੇਸ਼ਾ ਚੱਲਣਗੇ। 10ਯਹੋਵਾਹ ਦੇ ਮੁੱਲ ਲਏ ਹੋਏ ਮੁੜ ਆਉਣਗੇ, ਉਹ ਜੈਕਾਰਿਆਂ ਨਾਲ ਸੀਯੋਨ ਨੂੰ ਆਉਣਗੇ, ਅਤੇ ਸਦੀਪਕ ਅਨੰਦ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ। ਉਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹਾਉਂਕੇ ਉੱਥੋਂ ਨੱਠ ਜਾਣਗੇ।

ਪਾਣੀਆਂ ਦੀ ਵੱਡੀ ਬਰਕਤ

ਯਸਾ 55:1–13

1ਆਓ, ਹਰੇਕ ਜੋ ਤਿਹਾਇਆ ਹੈ, ਤੁਸੀਂ ਪਾਣੀ ਲਈ ਆਓ, ਅਤੇ ਜਿਸ ਦੇ ਕੋਲ ਚਾਂਦੀ ਨਹੀਂ, ਤੁਸੀਂ ਵੀ ਆਓ, ਲੈ ਲਓ ਅਤੇ ਖਾਓ, ਆਓ, ਬਿਨ੍ਹਾਂ ਚਾਂਦੀ, ਬਿਨ੍ਹਾਂ ਮੁੱਲ ਮਧ ਤੇ ਦੁੱਧ ਲੈ ਲਓ! 2ਜਿਹੜੀ ਰੋਟੀ ਨਹੀਂ, ਉਹ ਦੇ ਲਈ ਤੁਸੀਂ ਆਪਣੀ ਚਾਂਦੀ ਅਤੇ ਜਿਹੜੀ ਚੀਜ਼ ਰਜਾਉਂਦੀ ਨਹੀਂ ਉਹ ਦੇ ਲਈ ਆਪਣੀ ਮਿਹਨਤ ਕਿਉਂ ਖਰਚਦੇ ਹੋ? ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ, ਤੁਹਾਡਾ ਜੀ ਚਿਕਨਾਈ ਨਾਲ ਤ੍ਰਿਪਤ ਹੋ ਜਾਵੇ। 3ਕੰਨ ਲਾਓ ਅਤੇ ਮੇਰੇ ਵੱਲ ਆਓ, ਸੁਣੋ ਤਾਂ ਤੁਸੀਂ ਜੀਉਂਦੇ ਰਹੋਗੇ, ਅਤੇ ਮੈਂ ਤੁਹਾਡੇ ਨਾਲ ਇੱਕ ਸਦੀਪਕ ਨੇਮ ਬੰਨ੍ਹਾਂਗਾ, ਅਰਥਾਤ ਦਾਊਦ ਨਾਲ ਬੰਨ੍ਹੀਆਂ ਅਟੱਲ ਦਿਆਲ਼ਗੀਆਂ ਦਾ ਨੇਮ। 4ਵੇਖ, ਮੈਂ ਉਹ ਨੂੰ ਕੌਮਾਂ ਲਈ ਗਵਾਹ ਠਹਿਰਾਇਆ ਹੈ, ਲੋਕਾਂ ਲਈ ਪ੍ਰਧਾਨ ਅਤੇ ਹਾਕਮ। 5ਵੇਖ, ਤੂੰ ਇੱਕ ਕੌਮ ਨੂੰ ਸੱਦੇਂਗਾ ਜਿਸ ਨੂੰ ਤੂੰ ਨਹੀਂ ਜਾਣਦਾ, ਅਤੇ ਅਜਿਹੀਆਂ ਕੌਮਾਂ ਨੂੰ ਜੋ ਤੈਨੂੰ ਨਹੀਂ ਜਾਣਦੀਆਂ, ਤੇਰੇ ਕੋਲ ਭੱਜੀਆਂ ਆਉਣਗੀਆਂ, ਇਹ ਯਹੋਵਾਹ ਤੇਰੇ ਪਰਮੇਸ਼ੁਰ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦੇ ਕਾਰਨ ਹੋਵੇਗਾ, ਜਿਸ ਨੇ ਤੈਨੂੰ ਸ਼ੋਭਾਮਾਨ ਕੀਤਾ ਹੈ। 6ਯਹੋਵਾਹ ਨੂੰ ਭਾਲੋ ਜਦ ਤੱਕ ਉਹ ਲੱਭ ਸਕੇ, ਉਹ ਨੂੰ ਪੁਕਾਰੋ ਜਦ ਤੱਕ ਉਹ ਨੇੜੇ ਹੈ। 7ਦੁਸ਼ਟ ਆਪਣੇ ਰਾਹ ਨੂੰ ਤਿਆਗੇ, ਅਤੇ ਬੁਰਿਆਰ ਆਪਣੇ ਖ਼ਿਆਲਾਂ ਨੂੰ, ਉਹ ਯਹੋਵਾਹ ਵੱਲ ਮੁੜੇ ਅਤੇ ਉਹ ਉਸ ਦੇ ਉੱਤੇ ਰਹਮ ਕਰੇਗਾ, ਅਤੇ ਸਾਡੇ ਪਰਮੇਸ਼ੁਰ ਵੱਲ ਜੋ ਅੱਤ ਦਿਆਲੂ ਹੈ, 8ਕਿਉਂ ਜੋ ਮੇਰੇ ਖ਼ਿਆਲ ਤੁਹਾਡੇ ਖ਼ਿਆਲ ਨਹੀਂ, ਅਤੇ ਨਾ ਤੁਹਾਡੇ ਰਾਹ ਮੇਰੇ ਰਾਹ ਹਨ, ਯਹੋਵਾਹ ਦਾ ਵਾਕ ਹੈ। 9ਜਿਵੇਂ ਅਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖ਼ਿਆਲ ਤੁਹਾਡੇ ਖ਼ਿਆਲਾਂ ਤੋਂ ਉੱਚੇ ਹਨ। 10ਜਿਵੇਂ ਵਰਖਾ ਅਤੇ ਬਰਫ਼ ਅਕਾਸ਼ ਤੋਂ ਪੈਂਦੀ ਹੈ, ਅਤੇ ਉੱਥੇ ਮੁੜ ਨਹੀਂ ਜਾਂਦੀ, ਸਗੋਂ ਧਰਤੀ ਨੂੰ ਸਿੰਜ ਕੇ ਉਸ ਨੂੰ ਜਮਾਉਂਦੀ ਅਤੇ ਖਿੜਾਉਂਦੀ ਹੈ, ਇਸ ਤਰ੍ਹਾਂ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ, 11ਉਸੇ ਤਰ੍ਹਾਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਕੰਮ ਲਈ ਮੈਂ ਉਹ ਨੂੰ ਭੇਜਿਆ, ਉਸ ਵਿੱਚ ਸਫ਼ਲ ਹੋਵੇਗਾ। 12ਕਿਉਂਕਿ ਤੁਸੀਂ ਖੁਸ਼ੀ ਨਾਲ ਨਿੱਕਲੋਗੇ ਅਤੇ ਸ਼ਾਂਤੀ ਨਾਲ ਤੋਰੇ ਜਾਓਗੇ, ਪਰਬਤ ਅਤੇ ਟਿੱਬੇ ਤੁਹਾਡੇ ਅੱਗੇ ਖੁੱਲ੍ਹ ਕੇ ਜੈਕਾਰੇ ਗਜਾਉਣਗੇ, ਅਤੇ ਖੇਤ ਦੇ ਸਾਰੇ ਰੁੱਖ ਤਾੜੀਆਂ ਵਜਾਉਣਗੇ। 13ਕੰਡਿਆਂ ਦੇ ਥਾਂ ਸਰੂ ਉੱਗੇਗਾ, ਕੰਟੀਲੀ ਝਾੜੀਆਂ ਦੀ ਥਾਂ ਮਹਿੰਦੀ ਉੱਗੇਗੀ, ਇਸ ਤੋਂ ਯਹੋਵਾਹ ਲਈ ਨਾਮ ਹੋਵੇਗਾ ਅਤੇ ਇਹ ਸਦੀਪਕ ਨਿਸ਼ਾਨ ਹੋਵੇਗਾ ਜੋ ਕਦੀ ਮਿਟੇਗਾ ਨਹੀਂ।

ਪਾਣੀਆਂ ਦੀ ਵੱਡੀ ਬਰਕਤ

ਯਸਾ 12:3–6

3ਮੁਕਤੀ ਦੇ ਸੋਤਿਆਂ ਤੋਂ, ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ। 4ਅਤੇ ਉਸ ਦਿਨ ਤੁਸੀਂ ਆਖੋਗੇ, ਯਹੋਵਾਹ ਦਾ ਧੰਨਵਾਦ ਕਰੋ, ਉਹ ਦੇ ਨਾਮ ਉੱਤੇ ਪੁਕਾਰੋ, ਲੋਕਾਂ ਵਿੱਚ ਉਹ ਦੇ ਕੰਮਾਂ ਦਾ ਵਰਣਨ ਕਰੋ, ਪਰਚਾਰ ਕਰੋ ਕਿ ਉਹ ਦਾ ਨਾਮ ਉੱਤਮ ਹੈ। 5ਯਹੋਵਾਹ ਲਈ ਗਾਓ, ਕਿਉਂ ਜੋ ਉਸ ਨੇ ਸ਼ਾਨਦਾਰ ਕੰਮ ਕੀਤੇ ਹਨ, ਇਹ ਸਾਰੀ ਧਰਤੀ ਵਿੱਚ ਜਾਣਿਆ ਜਾਵੇ। 6ਹੇ ਸੀਯੋਨ ਦੀਏ ਵਾਸਣੇ, ਜੈਕਾਰਾ ਗਜਾ ਅਤੇ ਅਨੰਦ ਨਾਲ ਗੀਤ ਗਾ, ਕਿਉਂ ਜੋ ਤੇਰੇ ਵਿੱਚ ਇਸਰਾਏਲ ਦਾ ਪਵਿੱਤਰ ਪੁਰਖ ਮਹਾਨ ਹੈ।

ਪਾਣੀਆਂ ਦੀ ਵੱਡੀ ਬਰਕਤ (ਪੱਤ੍ਰੀ)

1 ਕੁਰਿੰਥੀ 10:1–4

1ਹੇ ਭਰਾਵੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਇਸ ਤੋਂ ਅਣਜਾਣ ਰਹੋ ਕਿ ਸਾਡੇ ਪਿਉ-ਦਾਦੇ ਬੱਦਲ ਦੇ ਹੇਠ ਸਨ ਅਤੇ ਉਹ ਸਾਰੇ ਸਮੁੰਦਰ ਦੇ ਵਿੱਚੋਂ ਦੀ ਲੰਘ ਗਏ। 2ਅਤੇ ਸਭਨਾਂ ਨੂੰ ਉਸ ਬੱਦਲ ਅਤੇ ਉਸ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਮਿਲਿਆ। 3ਸਭਨਾਂ ਨੇ ਇੱਕੋ ਆਤਮਿਕ ਭੋਜਨ ਖਾਧਾ। 4ਅਤੇ ਸਭਨਾਂ ਨੇ ਇੱਕੋ ਆਤਮਿਕ ਜਲ ਪੀਤਾ ਕਿਉਂ ਜੋ ਉਹਨਾਂ ਨੇ ਉਸ ਆਤਮਿਕ ਚੱਟਾਨ ਤੋਂ ਜਲ ਪੀਤਾ, ਜਿਹੜਾ ਉਹਨਾਂ ਦੇ ਮਗਰ-ਮਗਰ ਚੱਲਦਾ ਸੀ ਅਤੇ ਉਹ ਚੱਟਾਨ ਮਸੀਹ ਸੀ।

ਪਾਣੀਆਂ ਦੀ ਵੱਡੀ ਬਰਕਤ (ਇੰਜੀਲ)

ਮਰਕੁ 1:9–11

9ਉਨ੍ਹਾਂ ਦਿਨਾਂ ਵਿੱਚ ਅਜਿਹਾ ਹੋਇਆ ਜੋ ਯਿਸੂ ਨੇ ਗਲੀਲ ਦੇ ਨਾਸਰਤ ਤੋਂ ਆਣ ਕੇ ਯਰਦਨ ਨਦੀ ਵਿੱਚ ਯੂਹੰਨਾ ਦੇ ਹੱਥੋਂ ਬਪਤਿਸਮਾ ਲਿਆ। 10ਅਤੇ ਪਾਣੀ ਵਿੱਚੋਂ ਨਿੱਕਲਦੇ ਸਾਰ ਉਸ ਨੇ ਅਕਾਸ਼ ਨੂੰ ਖੁੱਲਦਿਆਂ ਅਤੇ ਪਵਿੱਤਰ ਆਤਮਾ ਨੂੰ ਆਪਣੇ ਉੱਤੇ ਘੁੱਗੀ ਵਾਂਗੂੰ ਉੱਤਰਦਿਆਂ ਵੇਖਿਆ। 11ਅਤੇ ਇੱਕ ਸਵਰਗੀ ਬਾਣੀ ਆਈ ਜੋ ਤੂੰ ਮੇਰਾ ਪਿਆਰਾ ਪੁੱਤਰ ਹੈਂ, ਤੇਰੇ ਤੋਂ ਮੈਂ ਖੁਸ਼ ਹਾਂ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਜਨਵਰੀ 6 ਸਿਵਲ ਕੈਲੰਡਰ ਦਾ ਜਨਵਰੀ 19 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ