ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਦਸੰਬਰ 2026 › ਦਸੰਬਰ 1
ਕੈਥੋਲਿਕ ਕੈਲੰਡਰ
ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 1 ਦਸੰਬਰ 2026
ਮੰਗਲਵਾਰ · ਆਗਮਨ ਸਮੇਂ ਦਾ ਪਹਿਲਾ ਹਫ਼ਤਾ
ਤਿਉਹਾਰ ਅਤੇ ਸੰਤ
ਆਗਮਨ ਸਮੇਂ ਦੇ ਪਹਿਲੇ ਹਫ਼ਤੇ ਦਾ ਮੰਗਲਵਾਰ
ਆਮ ਦਿਨ · ਉਪਾਸਨਾ ਦਾ ਰੰਗ: ਬੈਂਗਣੀ
ਦਿਨ ਦੇ ਪਾਠ
ਪਹਿਲਾ ਪਾਠ
1ਯੱਸੀ ਦੇ ਟੁੰਡ ਤੋਂ ਇੱਕ ਟਾਹਣੀ ਫੁੱਟ ਨਿੱਕਲੇਗੀ, ਅਤੇ ਉਹ ਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣੀ ਨਿੱਕਲ ਕੇ ਫਲ ਦੇਵੇਗੀ। 2ਯਹੋਵਾਹ ਦਾ ਆਤਮਾ ਉਸ ਉੱਤੇ ਠਹਿਰੇਗਾ, ਬੁੱਧ ਤੇ ਸਮਝ ਦਾ ਆਤਮਾ, ਸਲਾਹ ਦੇ ਸਮਰੱਥਾ ਦਾ ਆਤਮਾ, ਯਹੋਵਾਹ ਦੇ ਗਿਆਨ ਅਤੇ ਭੈਅ ਦਾ ਆਤਮਾ। 3ਅਤੇ ਯਹੋਵਾਹ ਦੇ ਭੈਅ ਵਿੱਚ ਉਹ ਮਗਨ ਰਹੇਗਾ, ਉਹ ਨਾ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਨਿਆਂ ਕਰੇਗਾ, ਨਾ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫ਼ੈਸਲਾ ਦੇਵੇਗਾ। 4ਪਰ ਉਹ ਗਰੀਬਾਂ ਦਾ ਨਿਆਂ ਧਰਮ ਨਾਲ, ਇਨਸਾਫ਼ ਨਾਲ ਧਰਤੀ ਦੇ ਮਸਕੀਨਾਂ ਦਾ ਫ਼ੈਸਲਾ ਕਰੇਗਾ, ਉਹ ਧਰਤੀ ਨੂੰ ਆਪਣੇ ਬਚਨ ਦੇ ਡੰਡੇ ਨਾਲ ਮਾਰੇਗਾ, ਅਤੇ ਆਪਣੇ ਬੁੱਲ੍ਹਾਂ ਦੇ ਸਾਹ ਨਾਲ ਦੁਸ਼ਟਾਂ ਨੂੰ ਜਾਨੋਂ ਮਾਰ ਸੁੱਟੇਗਾ। 5ਧਰਮ ਉਹ ਦੀ ਕਮਰ ਦਾ ਪਟਕਾ ਹੋਵੇਗਾ, ਅਤੇ ਵਫ਼ਾਦਾਰੀ ਉਹ ਦੇ ਲੱਕ ਦੀ ਪੇਟੀ ਹੋਵੇਗੀ। 6ਬਘਿਆੜ ਲੇਲੇ ਨਾਲ ਰਹੇਗਾ, ਅਤੇ ਚੀਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਅਤੇ ਪਾਲਤੂ ਪਸ਼ੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਬੱਚਾ ਉਹਨਾਂ ਨੂੰ ਲਈ ਫਿਰੇਗਾ। 7ਗਾਂ ਤੇ ਰਿੱਛਣੀ ਚਰਨਗੀਆਂ, ਅਤੇ ਉਨ੍ਹਾਂ ਦੇ ਬੱਚੇ ਇਕੱਠੇ ਬੈਠਣਗੇ, ਬੱਬਰ ਸ਼ੇਰ ਬਲ਼ਦ ਵਾਂਗੂੰ ਘਾਹ ਖਾਵੇਗਾ। 8ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਉੱਤੇ ਖੇਡੇਗਾ, ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ। 9ਮੇਰੇ ਸਾਰੇ ਪਵਿੱਤਰ ਪਰਬਤ ਵਿੱਚ ਨਾ ਕੋਈ ਦੁੱਖ ਦੇਵੇਗਾ, ਨਾ ਨਾਸ ਕਰੇਗਾ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਅਜਿਹੀ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਹੋਇਆ ਹੈ। 10ਉਸ ਦਿਨ ਅਜਿਹਾ ਹੋਵੇਗਾ ਕਿ ਯੱਸੀ ਦੀ ਜੜ੍ਹ ਲੋਕਾਂ ਦੇ ਝੰਡੇ ਲਈ ਖੜ੍ਹੀ ਹੋਵੇਗੀ, - ਉਹ ਨੂੰ ਕੌਮਾਂ ਭਾਲਣਗੀਆਂ ਅਤੇ ਉਹ ਦਾ ਅਰਾਮ ਸਥਾਨ ਪਰਤਾਪਵਾਨ ਹੋਵੇਗਾ।
ਜਵਾਬੀ ਭਜਨ
1ਸੁਲੇਮਾਨ ਦਾ ਗੀਤ। ਹੇ ਪਰਮੇਸ਼ੁਰ, ਪਾਤਸ਼ਾਹ ਨੂੰ ਆਪਣਾ ਨਿਆਂ, ਅਤੇ ਪਾਤਸ਼ਾਹ ਦੇ ਪੁੱਤਰ ਨੂੰ ਆਪਣਾ ਧਰਮ ਸਿਖਾ। 2ਉਹ ਧਰਮ ਨਾਲ ਤੇਰੀ ਪਰਜਾ ਦਾ ਅਤੇ ਇਨਸਾਫ਼ ਨਾਲ ਤੇਰੇ ਮਸਕੀਨਾਂ ਦਾ ਨਿਆਂ ਕਰੇਗਾ। 7ਉਹ ਦੇ ਦਿਨਾਂ ਵਿੱਚ ਧਰਮੀ ਲਹਿਲਹਾਉਣਗੇ, ਅਤੇ ਜਿੰਨਾਂ ਚਿਰ ਚੰਦਰਮਾ ਜਾਂਦਾ ਨਾ ਰਹੇ ਸ਼ਾਂਤੀ ਭਰਪੂਰੀ ਨਾਲ ਵਾਸ ਕਰੇਗੀ। 8ਉਹ ਸਮੁੰਦਰ ਤੋਂ ਲੈ ਕੇ ਸਮੁੰਦਰ ਤੱਕ ਅਤੇ ਧਰਤੀ ਤੋਂ ਲੈ ਕੇ ਦਰਿਆ ਦੇ ਬੰਨੇ ਤੱਕ ਰਾਜ ਕਰੇਗਾ। 12ਉਹ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਅਤੇ ਅਨਾਥ ਨੂੰ ਬਚਾਵੇਗਾ। 13ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ। 17ਉਹ ਦਾ ਨਾਮ ਸਦਾ ਰਹੇ, ਜਿੰਨਾਂ ਚਿਰ ਸੂਰਜ ਰਹੇ ਉਹ ਦਾ ਨਾਮ ਵਧੇ, ਅਤੇ ਲੋਕ ਉਸ ਵਿੱਚ ਬਰਕਤ ਪਾਉਣ, ਸਾਰੀਆਂ ਕੌਮਾਂ ਉਹ ਨੂੰ ਧੰਨ ਆਖਣ!।
ਇੰਜੀਲ
21ਉਸੇ ਸਮੇਂ ਉਹ ਪਵਿੱਤਰ ਆਤਮਾ ਵਿੱਚ ਬਹੁਤ ਮਗਨ ਹੋ ਕੇ ਬੋਲਿਆ, ਹੇ ਪਿਤਾ, ਅਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੁਸੀਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਲੁਕਾਇਆ ਅਤੇ ਬੱਚਿਆਂ ਉੱਤੇ ਪਰਗਟ ਕੀਤਾ। ਹਾਂ, ਪਿਤਾ, ਕਿਉਂ ਜੋ ਇਹੋ ਤੁਹਾਨੂੰ ਚੰਗਾ ਲੱਗਾ। 22ਮੇਰੇ ਪਿਤਾ ਨੇ ਸਭ ਕੁਝ ਮੈਨੂੰ ਸੌਂਪਿਆ ਹੋਇਆ ਹੈ ਅਤੇ ਕੋਈ ਨਹੀਂ ਜਾਣਦਾ ਜੋ ਪੁੱਤਰ ਕੌਣ ਹੈ ਪਰ ਪਿਤਾ ਜਾਣਦਾ ਹੈ ਅਤੇ ਪਿਤਾ ਕੌਣ ਹੈ ਉਹ ਪੁੱਤਰ ਜਾਣਦਾ ਹੈ ਅਤੇ ਉਹ ਜਿਸ ਉੱਤੇ ਪੁੱਤਰ ਉਸ ਨੂੰ ਪਰਗਟ ਕਰਨਾ ਚਾਹੇ। 23ਅਤੇ ਉਸ ਨੇ ਚੇਲਿਆਂ ਦੀ ਵੱਲ ਮੁੜ ਕੇ ਖ਼ਾਸ ਕਰਕੇ ਉਹਨਾਂ ਨੂੰ ਕਿਹਾ ਕਿ ਧੰਨ ਉਹ ਅੱਖਾਂ ਹਨ ਜੋ ਇਹ ਵੇਖਦੀਆਂ ਹਨ ਜੋ ਤੁਸੀਂ ਵੇਖਦੇ ਹੋ। 24ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਬਹੁਤ ਸਾਰੇ ਨਬੀਆਂ ਅਤੇ ਰਾਜਿਆਂ ਨੇ ਇਹ ਇੱਛਾ ਕੀਤੀ ਕਿ ਜੋ ਕੁਝ ਤੁਸੀਂ ਵੇਖਦੇ ਹੋ ਸੋ ਵੇਖਣ ਪਰ ਨਾ ਵੇਖ ਸਕੇ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਸੋ ਸੁਣਨ ਪਰ ਨਾ ਸੁਣਿਆ।
ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ