ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਕਤੂਬਰ 2026 › ਅਕਤੂਬਰ 3
ਆਰਥੋਡਾਕਸ ਕੈਲੰਡਰ · 20 ਸਤੰਬਰ (ਪੁਰਾਣਾ ਕੈਲੰਡਰ)
ਆਰਥੋਡਾਕਸ ਹਰ ਦਿਨ ਦੇ ਪਾਠ — 3 ਅਕਤੂਬਰ 2026
ਸ਼ਨੀਵਾਰ · ਪੰਤੇਕੁਸਤ ਤੋਂ ਬਾਅਦ 18ਵਾਂ ਹਫ਼ਤਾ · ਸੁਰ 8
ਤਿਉਹਾਰ ਅਤੇ ਸੰਤ
ਸਲੀਬ ਦੀ ਉਚਿਆਈ ਤੋਂ ਬਾਅਦ ਦਾ ਸ਼ਨੀਵਾਰ
ਵਰਤ
ਕੋਈ ਵਰਤ ਨਹੀਂ
ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।
ਦਿਨ ਦੇ ਪਾਠ
ਪੱਤ੍ਰੀ (ਸਲੀਬ ਦੀ ਉਚਿਆਈ ਤੋਂ ਬਾਅਦ ਦੇ ਸ਼ਨੀਵਾਰ ਲਈ)
26ਹੇ ਭਰਾਵੋ ਆਪਣੇ ਸੱਦੇ ਉੱਤੇ ਧਿਆਨ ਕਰੋ ਭਈ ਸਰੀਰ ਦੇ ਅਨੁਸਾਰ ਨਾ ਤਾਂ ਬਾਹਲੇ ਬੁੱਧਵਾਨ, ਨਾ ਬਾਹਲੇ ਬਲਵਾਨ, ਨਾ ਬਾਹਲੇ ਕੁਲੀਨ ਸੱਦੇ ਹੋਏ ਹਨ। 27ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬੁੱਧਵਾਨਾਂ ਨੂੰ ਲੱਜਿਆਵਾਨ ਕਰੇ ਅਤੇ ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬਲਵੰਤਾਂ ਨੂੰ ਲੱਜਿਆਵਾਨ ਕਰੇ। 28ਅਤੇ ਸੰਸਾਰ ਦੇ ਤੁਛ ਅਤੇ ਤਿਆਗੇ ਹੋਇਆ ਨੂੰ ਨਾਲੇ ਉਹਨਾਂ ਨੂੰ ਜਿਹੜੇ ਹੇ ਹੀ ਨਹੀਂ ਪਰਮੇਸ਼ੁਰ ਨੇ ਚੁਣ ਲਿਆ ਭਈ ਉਨ੍ਹਾਂ ਨੂੰ ਜਿਹੜੇ ਹਨ ਵਿਅਰਥ ਕਰੇ। 29ਤਾਂ ਕਿ ਕੋਈ ਵੀ ਮਨੁੱਖ ਪਰਮੇਸ਼ੁਰ ਦੇ ਅੱਗੇ ਘਮੰਡ ਨਾ ਕਰੇ।
ਪੱਤ੍ਰੀ
39ਸਭ ਮਾਸ ਇੱਕੋ ਜਿਹਾ ਮਾਸ ਨਹੀਂ ਸਗੋਂ ਮਨੁੱਖਾਂ ਦਾ ਹੋਰ ਹੈ ਅਤੇ ਪਸ਼ੂਆਂ ਦਾ ਮਾਸ ਹੋਰ ਅਤੇ ਪੰਛੀਆਂ ਦਾ ਮਾਸ ਹੋਰ ਅਤੇ ਮੱਛੀਆਂ ਦਾ ਹੋਰ। 40ਸਵਰਗੀ ਸਰੀਰ ਵੀ ਹਨ ਅਤੇ ਜ਼ਮੀਨੀ ਸਰੀਰ ਵੀ ਪਰ ਸਵਰਗੀ ਪ੍ਰਤਾਪ ਹੋਰ ਹੈ ਅਤੇ ਜ਼ਮੀਨੀ ਦਾ ਹੋਰ ਹੈ। 41ਸੂਰਜ ਦਾ ਪ੍ਰਤਾਪ ਹੈ ਅਤੇ ਚੰਦਰਮਾ ਦਾ ਹੋਰ ਹੈ ਅਤੇ ਤਾਰਿਆਂ ਦਾ ਪ੍ਰਤਾਪ ਹੋਰ ਕਿਉਂ ਜੋ ਪ੍ਰਤਾਪ ਕਰਕੇ ਇੱਕ ਤਾਰਾ ਦੂਏ ਤਾਰੇ ਤੋਂ ਭਿੰਨ ਹੈ। 42ਇਸੇ ਤਰ੍ਹਾਂ ਮੁਰਦਿਆਂ ਦਾ ਜੀ ਉੱਠਣਾ ਵੀ ਹੈ। ਉਹ ਨਾਸਵਾਨ ਬੀਜਿਆ ਜਾਂਦਾ ਹੈ ਪਰ ਅਵਿਨਾਸ਼ੀ ਉੱਠਦਾ ਹੈ। 43ਉਹ ਬੇਪਤ ਬੀਜਿਆ ਜਾਂਦਾ ਹੈ ਪਰੰਤੂ ਮਹਿਮਾ ਵਿੱਚ ਜੀ ਉੱਠਦਾ ਹੈ। ਉਹ ਨਿਰਬਲ ਬੀਜਿਆ ਜਾਂਦਾ ਹੈ ਪਰ ਸਮਰੱਥਾ ਨਾਲ ਜੀ ਉੱਠਦਾ ਹੈ। 44ਉਹ ਪ੍ਰਾਣਕ ਸਰੀਰ ਹੋ ਕੇ ਬੀਜਿਆ ਜਾਂਦਾ ਹੈ ਪਰ ਉਹ ਆਤਮਿਕ ਸਰੀਰ ਹੋ ਕੇ ਜੋ ਉੱਠਦਾ ਹੈ। ਜੇ ਪ੍ਰਾਣਕ ਸਰੀਰ ਹੈ ਤਾਂ ਆਤਮਿਕ ਸਰੀਰ ਵੀ ਹੈ। 45ਇਉਂ ਲਿਖਿਆ ਹੋਇਆ ਵੀ ਹੈ ਜੋ ਪਹਿਲਾ ਮਨੁੱਖ ਆਦਮ ਜੀਉਂਦਾ ਪ੍ਰਾਣੀ ਹੋਇਆ, ਬਾਅਦ ਵਾਲਾ ਆਦਮ ਜੀਵਨ ਦਾਤਾ ਆਤਮਾ ਹੋਇਆ।
ਇੰਜੀਲ (ਸਲੀਬ ਦੀ ਉਚਿਆਈ ਤੋਂ ਬਾਅਦ ਦੇ ਸ਼ਨੀਵਾਰ ਲਈ)
21ਯਿਸੂ ਨੇ ਫੇਰ ਲੋਕਾਂ ਨੂੰ ਆਖਿਆ, “ਤਾਂ ਮੈਂ ਚਲਾ ਜਾਂਵਾਂਗਾ ਅਤੇ ਤੁਸੀਂ ਮੈਨੂੰ ਭਾਲੋਗੇ, ਪਰ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਓਗੇ। ਤੁਸੀਂ ਉਸ ਜਗ੍ਹਾ ਨਹੀਂ ਆ ਸਕਦੇ, ਜਿੱਥੇ ਮੈਂ ਜਾ ਰਿਹਾ ਹਾਂ।” 22ਫੇਰ ਯਹੂਦੀ ਆਪਸ ਵਿੱਚ ਕਹਿਣ ਲੱਗੇ, “ਕੀ ਯਿਸੂ ਆਪਣੇ ਆਪ ਨੂੰ ਮਾਰ ਲਵੇਗਾ? ਕਿਉਂ ਜੋ ਉਸ ਨੇ ਆਖਿਆ ਹੈ, ਤੁਸੀਂ ਉਸ ਜਗ੍ਹਾ ਨਹੀਂ ਆ ਸਕਦੇ ਜਿੱਥੇ ਮੈਂ ਜਾ ਰਿਹਾ ਹਾਂ। ਉੱਥੇ ਤੁਸੀਂ ਨਹੀਂ ਪਹੁੰਚ ਸਕਦੇ।” 23ਪਰ ਯਿਸੂ ਨੇ ਉਨ੍ਹਾਂ ਲੋਕਾਂ ਨੂੰ ਆਖਿਆ, “ਤੁਸੀਂ ਧਰਤੀ ਦੇ ਹੋ ਪਰ ਮੈਂ ਸਵਰਗ ਤੋਂ ਹਾਂ। ਤੁਸੀਂ ਇਸ ਦੁਨੀਆਂ ਨਾਲ ਸੰਬੰਧਿਤ ਹੋ ਪਰ ਮੈਂ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਾਂ। 24ਇਸ ਲਈ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਆਪਣੇ ਪਾਪਾਂ ਵਿੱਚ ਮਰੋਂਗੇ। ਹਾਂ, ਜੇਕਰ ਤੁਸੀਂ ਵਿਸ਼ਵਾਸ ਨਹੀਂ ਕਰੋਂਗੇ ਕਿ ਮੈਂ ਉਹ ਹਾਂ, ਤਾਂ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਓਗੇ।” 25ਤਾਂ ਉਨ੍ਹਾਂ ਨੇ ਆਖਿਆ “ਤੂੰ ਕੌਣ ਹੈਂ?” ਯਿਸੂ ਨੇ ਜ਼ਵਾਬ ਦਿੱਤਾ, “ਮੈਂ ਉਹੀ ਹਾਂ ਜੋ ਮੈਂ ਤੁਹਾਨੂੰ ਸ਼ੁਰੂ ਤੋਂ ਕਹਿੰਦਾ ਆ ਰਿਹਾ ਹਾਂ। 26ਮੇਰੇ ਕੋਲ ਤੁਹਾਡੇ ਨਿਆਂ ਕਰਨ ਅਤੇ ਬੋਲਣ ਲਈ ਬਹੁਤ ਸਾਰੀਆਂ ਗੱਲਾਂ ਹਨ। ਉਹ ਇੱਕ ਜਿਸ ਨੇ ਮੈਨੂੰ ਭੇਜਿਆ, ਸੱਚ ਬੋਲਦਾ ਹੈ ਅਤੇ ਮੈਂ ਲੋਕਾਂ ਨੂੰ ਉਹ ਗੱਲਾਂ ਦੱਸਦਾ ਹਾਂ ਜੋ ਮੈਂ ਉਸ ਕੋਲੋਂ ਸੁਣੀਆਂ ਹਨ।” 27ਲੋਕ ਉਹ ਨਾ ਸਮਝ ਸਕੇ ਕਿ ਯਿਸੂ ਉਨ੍ਹਾਂ ਨਾਲ ਪਿਤਾ ਬਾਰੇ ਗੱਲ ਕਰਦਾ ਹੈ। 28ਤਾਂ ਯਿਸੂ ਨੇ ਲੋਕਾਂ ਆਖਿਆ, “ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚਾ ਕਰੋਗੇ ਤਾਂ ਤੁਸੀਂ ਜਾਣ ਜਾਓਗੇ ਕਿ ਮੈਂ ਉਹ ਹਾਂ। ਅਤੇ ਮੈਂ ਕੁਝ ਵੀ ਆਪਣੇ ਅਧਿਕਾਰ ਨਾਲ ਨਹੀਂ ਕਰਦਾ। ਅਤੇ ਤੁਸੀਂ ਜਾਣ ਜਾਓਗੇ ਕਿ ਮੈਂ ਉਹੀ ਬੋਲਦਾ ਹਾਂ ਜੋ ਕੁਝ ਮੇਰੇ ਪਿਤਾ ਨੇ ਮੈਨੂੰ ਸਿਖਾਇਆ ਹੈ। 29ਉਹ ਜਿਸ ਨੇ ਮੈਨੂੰ ਭੇਜਿਆ ਮੇਰੇ ਨਾਲ ਹੈ। ਮੈਂ ਹਮੇਸ਼ਾਂ ਉਹੀ ਕਰਦਾ ਹਾਂ ਜੋ ਉਸ ਨੂੰ ਪਸੰਦ ਹੈ, ਇਸ ਲਈ ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ।” 30ਜਦੋਂ ਯਿਸੂ ਅਜਿਹੀਆਂ ਗੱਲਾਂ ਕਹਿ ਰਿਹਾ ਸੀ, ਤਾਂ ਬਹੁਤ ਲੋਕਾਂ ਨੇ ਉਸ ਵਿੱਚ ਵਿਸ਼ਵਾਸ ਕੀਤਾ।
ਇੰਜੀਲ
3ਫ਼ਰੀਸੀ ਉਸ ਦੀ ਪ੍ਰੀਖਿਆ ਲੈਣ ਲਈ ਉਹ ਦੇ ਕੋਲ ਆ ਕੇ ਬੋਲੇ, ਕੀ ਮਨੁੱਖ ਨੂੰ ਇਹ ਯੋਗ ਹੈ ਕਿ ਉਹ ਕਿਸੇ ਗੱਲ ਕਾਰਨ ਆਪਣੀ ਪਤਨੀ ਨੂੰ ਤਲਾਕ ਦੇਵੇ? 4ਉਸ ਨੇ ਉੱਤਰ ਦਿੱਤਾ, ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਜਿਸ ਨੇ ਉਨ੍ਹਾਂ ਨੂੰ ਬਣਾਇਆ ਉਹ ਨੇ ਮੁੱਢੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ? 5ਅਤੇ ਕਿਹਾ ਜੋ ਇਸ ਲਈ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ। 6ਇਸ ਲਈ ਹੁਣ ਉਹ ਦੋ ਨਹੀਂ ਪਰ ਇੱਕ ਸਰੀਰ ਹਨ। ਇਸ ਲਈ ਜਿਹਨਾਂ ਨੂੰ ਪਰਮੇਸ਼ੁਰ ਨੇ ਜੋੜਿਆ ਹੈ, ਮਨੁੱਖ ਉਸ ਨੂੰ ਵੱਖ ਨਾ ਕਰੇ। 7ਉਨ੍ਹਾਂ ਨੇ ਉਸ ਨੂੰ ਆਖਿਆ, ਫੇਰ ਮੂਸਾ ਨੇ ਤਿਆਗ ਪੱਤਰ ਰਾਹੀਂ ਤਲਾਕ ਦੇਣ ਦੀ ਆਗਿਆ ਕਿਉਂ ਦਿੱਤੀ? 8ਯਿਸੂ ਨੇ ਉੱਤਰ ਦਿੱਤਾ, ਮੂਸਾ ਨੇ ਤੁਹਾਡੀ ਸਖ਼ਤ ਦਿਲੀ ਕਰਕੇ ਤੁਹਾਨੂੰ ਆਪਣੀਆਂ ਪਤਨੀਆਂ ਨੂੰ ਤਿਆਗਣ ਦੀ ਪਰਵਾਨਗੀ ਦਿੱਤੀ ਪਰ ਮੁੱਢੋਂ ਅਜਿਹਾ ਨਾ ਸੀ। 9ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਕੋਈ ਹਰਾਮਕਾਰੀ ਤੋਂ ਇਲਾਵਾ ਆਪਣੀ ਪਤਨੀ ਨੂੰ ਕਿਸੇ ਹੋਰ ਕਾਰਨ ਤਿਆਗ ਦੇਵੇ ਅਤੇ ਦੂਜੀ ਨਾਲ ਵਿਆਹ ਕਰੇ ਉਹ ਵਿਭਚਾਰ ਕਰਦਾ ਹੈ। 10ਚੇਲਿਆਂ ਨੇ ਉਹ ਨੂੰ ਕਿਹਾ, ਜੇਕਰ ਆਦਮੀ ਅਤੇ ਔਰਤ ਵਿਚਕਾਰ ਇਹ ਹਾਲਾਤ ਹਨ, ਤਾਂ ਵਿਆਹ ਕਰਵਾਉਣਾ ਹੀ ਚੰਗਾ ਨਹੀਂ। 11ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਗੱਲ ਸਾਰਿਆਂ ਲਈ ਨਹੀਂ, ਸਿਰਫ਼ ਉਹਨਾਂ ਲਈ ਜਿਨ੍ਹਾਂ ਨੂੰ ਬਖ਼ਸ਼ਿਆ ਗਿਆ ਹੈ। 12ਕਿਉਂਕਿ ਅਜਿਹੇ ਖੁਸਰੇ ਹਨ, ਜਿਹੜੇ ਮਾਂ ਦੀ ਕੁੱਖੋਂ ਇਸੇ ਤਰ੍ਹਾਂ ਜੰਮੇ ਅਤੇ ਕੁਝ ਖੁਸਰੇ ਅਜਿਹੇ ਹਨ ਜਿਹੜੇ ਮਨੁੱਖਾਂ ਦੇ ਦੁਆਰਾ ਖੁਸਰੇ ਕੀਤੇ ਹੋਏ ਹਨ ਅਤੇ ਅਜਿਹੇ ਖੁਸਰੇ ਵੀ ਹਨ ਕਿ ਜਿਨ੍ਹਾਂ ਨੇ ਸਵਰਗ ਰਾਜ ਦੇ ਕਾਰਨ ਆਪਣੇ ਆਪ ਨੂੰ ਖੁਸਰੇ ਕੀਤਾ ਹੈ, ਜਿਹੜਾ ਕਬੂਲ ਕਰ ਸਕਦਾ ਹੈ ਉਹ ਕਬੂਲ ਕਰੇ।
ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਸਤੰਬਰ 20 ਸਿਵਲ ਕੈਲੰਡਰ ਦਾ ਅਕਤੂਬਰ 3 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ